ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹ ਵਿਦੇਸ਼ਾਂ ਵਿੱਚ ਬਣੀਆਂ ਫਿਲਮਾਂ 'ਤੇ 100% ਟੈਰਿਫ ਲਗਾਏਗਾ, ਇਸਤਰ੍ਹਾਂ ਉਹ ਦੁਨੀਆ ਭਰ ਦੇ ਦੇਸ਼ਾਂ ਨਾਲ ਵਪਾਰਕ ਵਿਵਾਦਾਂ ਨੂੰ ਵਧਾ ਰਹੇ ਹਨ।
ਟਰੰਪ ਨੇ ਕਿਹਾ ਕਿ ਉਹ ਅਮਰੀਕੀ ਵਪਾਰ ਪ੍ਰਤੀਨਿਧੀ ਨੂੰ ਟੈਕਸ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਅਧਿਕਾਰ ਦੇ ਰਹੇ ਹਨ ਕਿਉਂਕਿ ਅਮਰੀਕਾ ਦਾ ਫਿਲਮ ਉਦਯੋਗ "ਬਹੁਤ ਤੇਜ਼ੀ ਨਾਲ" ਘਟ ਰਿਹਾ ਸੀ।
ਟਰੰਪ ਨੇ ਦੂਜੇ ਦੇਸ਼ਾਂ ਦੇ "ਸੰਗਠਿਤ ਯਤਨਾਂ" ਨੂੰ ਦੋਸ਼ੀ ਠਹਿਰਾਇਆ ਜੋ ਫਿਲਮ ਨਿਰਮਾਤਾਵਾਂ ਅਤੇ ਸਟੂਡੀਉ ਨੂੰ ਆਕਰਸ਼ਿਤ ਕਰਨ ਲਈ ਇਨਸੈਂਟਿਵ ਦੀ ਪੇਸ਼ਕਸ਼ ਕਰਦੇ ਹਨ ਜਿਸਨੂੰ ਉਸਨੇ "ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ" ਦੱਸਿਆ।
ਆਪਣੇ ਟਰੁੱਥ ਸੋਸ਼ਲ ਪਲੇਟਫਾਰਮ 'ਤੇ ਟਰੰਪ ਨੇ ਕਿਹਾ, "ਅਸੀਂ ਦੁਬਾਰਾ ਅਮਰੀਕਾ ਵਿੱਚ ਬਣੀਆਂ ਫਿਲਮਾਂ ਚਾਹੁੰਦੇ ਹਾਂ!"
ਜਨਵਰੀ ਵਿੱਚ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ, ਟਰੰਪ ਨੇ ਦੁਨੀਆ ਭਰ ਦੇ ਦੇਸ਼ਾਂ 'ਤੇ ਟੈਰਿਫ ਲਗਾਏ ਹਨ। ਉਸਦਾ ਤਰਕ ਹੈ ਕਿ ਟੈਰਿਫ ਅਮਰੀਕੀ ਨਿਰਮਾਤਾਵਾਂ ਨੂੰ ਹੁਲਾਰਾ ਦੇਣਗੇ ਅਤੇ ਨੌਕਰੀਆਂ ਵਿੱਚ ਵਾਧਾ ਕਰਨਗੇ ਪਰ ਇਸਦੇ ਨਤੀਜੇ ਵਜੋਂ ਵਿਸ਼ਵ ਅਰਥਵਿਵਸਥਾ ਹਫੜਾ-ਦਫੜੀ ਵਿੱਚ ਚਲੀ ਗਈ ਹੈ ਅਤੇ ਦੁਨੀਆ ਭਰ ਦੀਆਂ ਵਸਤੂਆਂ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ।
ਆਪਣੇ ਸਹੁੰ ਚੁੱਕਣ ਤੋਂ ਪਹਿਲਾਂ, ਟਰੰਪ ਨੇ ਤਿੰਨ ਫਿਲਮ ਸਟਾਰਾਂ - ਜੌਨ ਵੋਇਟ, ਮੇਲ ਗਿਬਸਨ ਅਤੇ ਸਿਲਵੇਸਟਰ ਸਟੈਲੋਨ ਨੂੰ ਹਾਲੀਵੁੱਡ ਵਿੱਚ ਵਪਾਰਕ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਰਾਜਦੂਤ ਨਿਯੁਕਤ ਕੀਤਾ ਸੀ।
"ਉਹ ਹਾਲੀਵੁੱਡ ਨੂੰ ਵਾਪਸ ਲਿਆਉਣ ਦੇ ਉਦੇਸ਼ ਲਈ ਮੇਰੇ ਲਈ ਵਿਸ਼ੇਸ਼ ਦੂਤ ਵਜੋਂ ਕੰਮ ਕਰਨਗੇ, ਜਿਸਨੇ ਪਿਛਲੇ ਚਾਰ ਸਾਲਾਂ ਵਿੱਚ ਵਿਦੇਸ਼ੀ ਦੇਸ਼ਾਂ ਵਿੱਚੋਂ ਬਹੁਤ ਸਾਰਾ ਕਾਰੋਬਾਰ ਗੁਆ ਦਿੱਤਾ ਹੈ ਅਤੇ ਇਨ੍ਹਾਂ ਦੀ ਵਾਪਸੀ ਪਹਿਲਾਂ ਨਾਲੋਂ ਕਿਤੇ ਵੱਡੀ, ਬਿਹਤਰ ਅਤੇ ਮਜ਼ਬੂਤ ਹੋਵੇਗੀ!"
ਅਮਰੀਕੀ ਵਣਜ ਸਕੱਤਰ, ਹਾਵਰਡ ਲੂਟਨਿਕ ਨੇ ਤਾਜ਼ਾ ਘੋਸ਼ਣਾ ਦਾ ਜਵਾਬ ਦਿੰਦੇ ਹੋਏ ਕਿਹਾ, "ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।" ਫਿਲਮ ਉਦਯੋਗ ਖੋਜ ਫਰਮ, ਪ੍ਰੋਡਪ੍ਰੋ ਦੇ ਅਨੁਸਾਰ, ਚੁਣੌਤੀਆਂ ਦੇ ਬਾਵਜੂਦ ਅਮਰੀਕਾ ਵਿਸ਼ਵ ਪੱਧਰ 'ਤੇ ਇੱਕ ਪ੍ਰਮੁੱਖ ਫਿਲਮ ਨਿਰਮਾਣ ਕੇਂਦਰ ਬਣਿਆ ਹੋਇਆ ਹੈ।
ਇਸਦੀ ਸਭ ਤੋਂ ਤਾਜ਼ਾ ਸਾਲਾਨਾ ਰਿਪੋਰਟ ਦਰਸਾਉਂਦੀ ਹੈ ਕਿ ਦੇਸ਼ ਨੇ ਪਿਛਲੇ ਸਾਲ $14.54 ਬਿਲੀਅਨ (£10.94 ਬਿਲੀਅਨ) ਦਾ ਉਤਪਾਦਨ ਤੇ ਖਰਚ ਕੀਤਾ ਸੀ। ਹਾਲਾਂਕਿ ਇਹ 2022 ਤੋਂ 26% ਘੱਟ ਸੀ।
ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਦੇਸ਼ਾਂ ਨੇ ਇਸੇ ਸਮੇਂ ਦੌਰਾਨ ਖਰਚ ਵਿੱਚ ਵਾਧਾ ਕੀਤਾ ਹੈ, ਉਨ੍ਹਾਂ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਯੂਕੇ ਸ਼ਾਮਲ ਹਨ। ਇਸ ਤਾਜ਼ਾ ਐਲਾਨ ਤੋਂ ਪਹਿਲਾਂ ਵੀ, ਅਮਰੀਕੀ ਫਿਲਮ ਉਦਯੋਗ ਟਰੰਪ ਦੀਆਂ ਵਪਾਰਕ ਨੀਤੀਆਂ ਦੇ ਕਾਰਨ ਪ੍ਰਭਾਵਿਤ ਹੋਇਆ ਸੀ।
ਅਪ੍ਰੈਲ ਵਿੱਚ, ਚੀਨ ਨੇ ਕਿਹਾ ਸੀ ਕਿ ਉਹ ਦੇਸ਼ ਵਿੱਚ ਆਉਣ ਵਾਲੀਆਂ ਅਮਰੀਕੀ ਫਿਲਮਾਂ ਦੇ ਆਪਣੇ ਕੋਟੇ ਨੂੰ ਘਟਾ ਰਿਹਾ ਹੈ।
ਚਾਈਨਾ ਫਿਲਮ ਪ੍ਰਸ਼ਾਸਨ ਨੇ ਕਿਹਾ, "ਚੀਨ 'ਤੇ ਟੈਰਿਫ ਲਗਾਉਣ ਲਈ ਅਮਰੀਕੀ ਸਰਕਾਰ ਦੀ ਗਲਤ ਕਾਰਵਾਈ, ਅਮਰੀਕੀ ਫਿਲਮਾਂ ਪ੍ਰਤੀ ਘਰੇਲੂ ਦਰਸ਼ਕਾਂ ਦੀ ਪਸੰਦ ਨੂੰ ਹੋਰ ਘਟਾ ਦੇਵੇਗੀ।"
"ਅਸੀਂ ਮਾਰਕਿਟ ਨਿਯਮਾਂ ਦੀ ਪਾਲਣਾ ਕਰਾਂਗੇ, ਦਰਸ਼ਕਾਂ ਦੀ ਪਸੰਦ ਦਾ ਸਤਿਕਾਰ ਕਰਾਂਗੇ, ਅਤੇ ਆਯਾਤ ਕੀਤੀਆਂ ਜਾਣ ਵਾਲੀਆਂ ਅਮਰੀਕੀ ਫਿਲਮਾਂ ਦੀ ਗਿਣਤੀ ਨੂੰ ਘਟਾਵਾਂਗੇ।"
ਟਰੰਪ ਨੇ ਆਪਣੇ ਟੈਰਿਫਾਂ ਨਾਲ ਚੀਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ ਤੇ ਉੱਥੋਂ ਦੀਆਂ ਚੀਜ਼ਾਂ 'ਤੇ 145% ਤੱਕ ਦੇ ਆਯਾਤ ਟੈਕਸ ਲਗਾਏ ਹਨ।
ਬੀਜਿੰਗ ਨੇ ਅਮਰੀਕਾ ਤੋਂ ਆਉਣ ਵਾਲੀਆਂ ਚੀਜ਼ਾਂ 'ਤੇ 125% ਆਯਾਤ ਡਿਊਟੀ ਨਾਲ ਜਵਾਬੀ ਹਮਲਾ ਕੀਤਾ ਹੈ। ਹੋਰ ਦੇਸ਼ ਇਸ ਵੇਲੇ 10% ਦੇ ਇੱਕ ਵੱਡੇ ਅਮਰੀਕੀ ਟੈਰਿਫ ਦਾ ਸਾਹਮਣਾ ਕਰ ਰਹੇ ਹਨ ਅਤੇ ਜੁਲਾਈ ਵਿੱਚ ਇਨ੍ਹਾਂ ਤੇ ਹੋਰ ਫੈਸਲਾ ਆ ਸਕਦਾ ਹੈ।
ਐਤਵਾਰ ਨੂੰ ਏਅਰ ਫੋਰਸ ਵਨ 'ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਉਹ ਵਪਾਰ ਸੌਦਿਆਂ 'ਤੇ ਚੀਨ ਸਮੇਤ ਕਈ ਦੇਸ਼ਾਂ ਨਾਲ ਮੁਲਾਕਾਤ ਕਰ ਰਹੇ ਹਨ।