ਕੱਲ੍ਹ ਭਾਵ 11 ਜੂਨ ਨੂੰ ਸਿੱਧੂ ਮੂਸੇਵਾਲਾ ਦੇ ਜਨਮਦਿਨ ਤੇ, ਉਸਦੇ ਅਧਿਕਾਰਤ ਯੂਟਿਊਬ ਚੈਨਲ ਤੇ ਤਿੰਨ ਬਿਲਕੁਲ ਨਵੇਂ ਗੀਤਾਂ ਵਾਲੀ ਈਪੀ "ਮੂਸੇ ਪ੍ਰਿੰਟ" ਰਿਲੀਜ ਕੀਤੀ ਗਈ ਹੈ ਜੋ ਕਿ ਮਰਹੂਮ ਗਾਇਕ ਨੂੰ ਦਿਲੋਂ ਸ਼ਰਧਾਂਜਲੀ ਹੈ ਜਿਸਦੀ ਆਵਾਜ਼ ਦੁਨੀਆ ਭਰ ਵਿੱਚ ਗੂੰਜਦੀ ਹੈ। ਸਿੱਧੂ ਦੇ ਚਾਹੁਣ ਵਾਲਿਆਂ ਲਈ ਇਹ ਬਹੁਤ ਵੱਡਾ ਤੋਹਫ਼ਾ ਹੈ।
ਇਸ ਈਪੀ ਵਿੱਚ ਨਵੇਂ ਲਾਂਚ ਕੀਤੇ ਗਏ 3 ਟਰੈਕ, "0008", "ਨੀਲ", ਅਤੇ "ਟੇਕ ਨੋਟਸ" ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਖੂਬ ਪਿਆਰ ਮਿਲਿਆ ਹੈ। ਇਸ ਈਪੀ ਤੋਂ ਬਾਅਦ ਹੀ ਬੀਬੀਸੀ ਵਰਲਡ ਸਰਵਿਸ ਦੁਆਰਾ ਆਪਣੀ ਡੌਕੂਮੈਂਟਰੀ "ਦ ਕਿਲਿੰਗ ਕਾਲ" ਦੇ ਐਪੀਸੋਡ ਨੂੰ ਕੁਝ ਘੰਟਿਆਂ ਬਾਅਦ ਹੀ ਜਾਰੀ ਕੀਤਾ ਗਿਆ ਸੀ, ਜੋ ਮੂਸੇਵਾਲਾ ਦੀ ਹੱਤਿਆ ਅਤੇ ਇਸਦੀ ਜਾਂਚ ਬਾਰੇ ਅਧਿਐਨ ਕਰਦੀ ਹੈ।
ਮੂਸੇਵਾਲਾ ਨੂੰ 29 ਮਈ 2022 ਨੂੰ ਇੱਕ ਬੇਰਹਿਮ ਤਰੀਕੇ ਨਾਲ ਗੋਲੀਆਂ ਮਾਰਕੇ ਕਤਲ ਕੀਤਾ ਗਿਆ ਸੀ, ਜਿਸਤੋਂ ਬਾਅਦ ਵਿਸ਼ਵਵਿਆਪੀ ਪੰਜਾਬੀ ਭਾਈਚਾਰੇ ਅਤੇ ਸੰਗੀਤ ਪ੍ਰਸ਼ੰਸਕਾਂ ਵਿੱਚ ਬਹੁਤ ਭਾਰੀ ਰੋਸ ਹੈ। ਪਰੰਤੂ ਮੌਤ ਤੋਂ ਬਾਅਦ ਵੀ, ਸਿੱਧੂ ਦੇ ਗੀਤਾਂ ਨੇ ਉਸਦਾ ਨਾਮ ਅਤੇ ਉਤਸ਼ਾਹ ਬਰਕਰਾਰ ਰੱਖਿਆ ਹੈ। ਸਰੋਤੇ ਬਹੁਤ ਉਤਸੁਕਤਾ ਨਾਲ ਸਿੱਧੂ ਦੇ ਗੀਤਾਂ ਦੀ ਉਡੀਕ ਕਰਦੇ ਹਨ। ਇਨ੍ਹਾਂ ਤਿੰਨਾਂ ਟਰੈਕਾਂ ਦੀ ਈਪੀ, ਸਿੱਧੂ ਦੇ ਮਰਨ ਉਪਰੰਤ ਕੁੱਲ ਰਿਲੀਜ਼ ਗੀਤਾਂ ਦੀ ਗਿਣਤੀ 11 ਤੱਕ ਲੈ ਜਾਂਦੀ ਹੈ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਧੂ ਨੇ ਕਿੰਨੇ ਅਣਰਿਲੀਜ਼ ਗੀਤ ਬਣਾਕੇ ਰੱਖੇ ਸੀ ਅਤੇ ਉਸਦੇ ਪਰਿਵਾਰ ਅਤੇ ਟੀਮ ਦੁਆਰਾ ਉਸਦੀ ਕਲਾਤਮਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਡੂੰਘੇ ਯਤਨ ਕੀਤੇ ਜਾ ਰਹੇ ਹਨ।
ਇਸ ਹਫ਼ਤੇ ਦੇ ਸ਼ੁਰੂ ਵਿੱਚ ਬੋਲਦੇ ਹੋਏ, ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪ੍ਰਸ਼ੰਸਕਾਂ ਨੂੰ 11 ਜੂਨ ਨੂੰ ਇੱਕ ਵਿਸ਼ੇਸ਼ ਰਿਲੀਜ਼ ਦਾ ਵਾਅਦਾ ਕੀਤਾ ਸੀ। ਆਪਣੇ ਵਾਅਦੇ ਅਨੁਸਾਰ, ਗਾਣੇ ਸਮੇਂ ਸਿਰ ਪ੍ਰੀਮੀਅਰ ਹੋਏ ਅਤੇ ਤੁਰੰਤ ਵਾਇਰਲ ਹੋ ਗਏ, ਹਰ ਇੱਕ ਨੂੰ ਮਿੰਟਾਂ ਵਿੱਚ ਲੱਖਾਂ ਵਿਊਜ਼ ਮਿਲੇ ਅਤੇ ਪਲੇਟਫਾਰਮਾਂ 'ਤੇ ਟ੍ਰੈਂਡ ਕੀਤੇ।
ਸਿੱਧੂ ਮੂਸੇਵਾਲਾ ਦੀ ਪ੍ਰਸਿੱਧੀ ਲਗਾਤਾਰ ਵਧ ਰਹੀ ਹੈ। ਸਿੱਧੂ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਗੀਤ ਟੇਕ ਨੋਟਸ ਸੀ, ਜਿਸ ਵਿੱਚ ਸਿੱਧੂ ਦੁਆਰਾ ਪੰਜਾਬੀ ਸੰਗੀਤ ਉਦਯੋਗ ਵਿੱਚ ਆਪਣੇ ਨਕਲੀ ਅਤੇ ਦੋਗਲੇ ਦੋਸਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਹ ਇੱਕ ਡਿਸ ਟਰੈਕ ਸੀ। ਸਿੱਧੂ ਨੇ ਨਵੀਂ ਈਪੀ ਵਿੱਚ ਆਪਣੇ "ਟੇਕ ਨੋਟਸ" ਗੀਤ ਵਿੱਚ ਦਿੜ੍ਹਬਾ ਦੀ ਘਟਨਾ ਬਾਰੇ ਵੀ ਗੱਲ ਕੀਤੀ ਹੈ। ਇਹ ਗੀਤ ਸਿੱਧੂ ਦੁਆਰਾ ਲਿਖਿਆ ਅਤੇ ਗਾਇਆ ਗਿਆ ਹੈ ਜਦੋਂ ਕਿ ਇਸਨੂੰ ਜੇਬੀ ਦੁਆਰਾ ਤਿਆਰ ਕੀਤਾ ਗਿਆ ਹੈ।
ਪ੍ਰਸ਼ੰਸਕਾਂ ਨੇ ਇਸ ਕਦਮ ਦੀ ਸ਼ਲਾਘਾ, ਮੂਸੇਵਾਲੇ ਦੀ ਭਾਵਨਾ ਨੂੰ ਜ਼ਿੰਦਾ ਰੱਖਣ ਦੇ ਇੱਕ ਸੁੰਦਰ ਤਰੀਕੇ ਵਜੋਂ ਕੀਤੀ ਹੈ, ਜਿਸ ਵਿੱਚ ਸਾਰੇ ਸੰਸਾਰ ਤੋਂ ਟਿੱਪਣੀਆਂ ਦਾ ਮੀਂਹ ਵਰ੍ਹ ਰਿਹਾ ਹੈ। ਜਦ ਕਿ ਸਿੱਧੂ ਮੂਸੇਵਾਲਾ ਸਰੀਰਕ ਤੌਰ ਤੇ ਦੁਨੀਆ ਤੇ ਮੌਜੂਦ ਨਹੀਂ ਹੈ ਪਰੰਤੂ ਉਸਦੇ ਬੋਲ, ਸੁਨੇਹੇ ਅਤੇ ਸੰਗੀਤਕ ਪ੍ਰਭਾਵ ਹਮੇਸ਼ਾ ਲਈ ਅਮਰ ਹੋ ਗਏ ਹਨ।