ਵਾੱਰਨ ਬਫੇ ਨੇ ਐਲਾਨ ਕੀਤਾ ਹੈ ਕਿ ਉਹ ਸਾਲ ਦੇ ਅੰਤ ਵਿੱਚ ਬਰਕਸ਼ਾਇਰ ਹੈਥਵੇ ਦੇ ਮੁੱਖ ਕਾਰਜਕਾਰੀ ਅਹੁਦੇ ਤੋਂ ਸੇਵਾਮੁਕਤ ਹੋ ਜਾਣਗੇ।
ਓਰੇਕਲ ਆਫ਼ ਓਮਾਹਾ ਵਜੋਂ ਜਾਣੇ ਜਾਂਦੇ ਤਜਰਬੇਕਾਰ ਨਿਵੇਸ਼ਕ ਨੇ ਆਪਣੀ ਕੰਪਨੀ ਦੀ ਸਾਲਾਨਾ ਮੀਟਿੰਗ ਵਿੱਚ ਦੱਸਿਆ ਕਿ ਉਹ ਵਾਈਸ-ਚੇਅਰਮੈਨ, ਗ੍ਰੇਗ ਐਬਲ ਨੂੰ ਕੰਪਨੀ ਦੀ ਵਾਂਗਡੋਰ ਸੌਂਪ ਦੇਣਗੇ।
94 ਸਾਲਾ ਬਫੇ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਸਮਾਂ ਆ ਗਿਆ ਹੈ ਜਦੋਂ ਗ੍ਰੇਗ ਨੂੰ ਸਾਲ ਦੇ ਅੰਤ ਵਿੱਚ ਕੰਪਨੀ ਦਾ ਮੁੱਖ ਕਾਰਜਕਾਰੀ ਬਣਨਾ ਚਾਹੀਦਾ ਹੈ।"
ਵਾੱਰਨ ਬਫੇ ਨੇ ਬਰਕਸ਼ਾਇਰ ਹੈਥਵੇ ਨੂੰ ਇੱਕ ਅਸਫਲ ਟੈਕਸਟਾਈਲ ਨਿਰਮਾਤਾ ਕੰਪਨੀ ਤੋਂ $1.16 ਟ੍ਰਿਲੀਅਨ (£870bn) ਦੀ ਨਿਵੇਸ਼ ਕੰਪਨੀ ਬਣਾਇਆ ਅਤੇ ਉਹ ਦੁਨੀਆ ਦੇ ਸਭ ਤੋਂ ਸਫਲ ਨਿਵੇਸ਼ਕ ਹਨ।
ਬਫੇ ਨੇ ਸ਼ਨੀਵਾਰ ਨੂੰ ਓਮਾਹਾ, ਨੇਬਰਾਸਕਾ ਵਿੱਚ ਹੋਈ ਕੰਪਨੀ ਦੀ ਮੀਟਿੰਗ ਵਿੱਚ ਦੱਸਿਆ ਕਿ ਉਸਦੇ ਇਸ ਫੈਸਲੇ ਬਾਰੇ ਸਿਰਫ਼ ਉਸਦੇ ਦੋ ਬੱਚੇ, ਹਾਵਰਡ ਅਤੇ ਸੂਸੀ ਬਫੇਟ ਹੀ ਜਾਣਦੇ ਸਨ। ਸਟੇਜ 'ਤੇ ਵਾੱਰਨ ਬਫੇ ਦੇ ਕੋਲ ਬੈਠੇ ਏਬਲ ਵੀ ਇਸ ਐਲਾਨ ਤੋਂ ਅਣਜਾਣ ਸਨ।
ਬਫੇ ਨੇ ਚਾਰ ਸਾਲ ਪਹਿਲਾਂ, ਏਬਲ ਨੂੰ ਆਪਣੇ ਉੱਤਰਾਧਿਕਾਰੀ ਵਜੋਂ ਚੁਣਿਆ ਸੀ ਪਰ ਉਸ ਸਮੇਂ ਕੋਈ ਸੰਕੇਤ ਨਹੀਂ ਦਿੱਤਾ ਕਿ ਉਹ ਕਦੋਂ ਸੇਵਾਮੁਕਤ ਹੋਣਗੇ। ਮੀਟਿੰਗ ਦੌਰਾਨ, ਬਫੇ ਨੇ ਅੱਗੇ ਕਿਹਾ ਕਿ ਉਹਨਾਂ ਦੀ ਆਪਣੇ ਬਰਕਸ਼ਾਇਰ ਦੇ ਸਟਾੱਕਾਂ ਨੂੰ ਵੇਚਣ ਦੀ ਕੋਈ ਯੋਜਨਾ ਨਹੀਂ ਹੈ।
"ਮੇਰਾ ਬਰਕਸ਼ਾਇਰ ਹੈਥਵੇ ਦਾ ਇੱਕ ਵੀ ਸਟਾੱਕ ਵੇਚਣ ਦਾ ਕੋਈ ਇਰਾਦਾ ਨਹੀਂ ਹੈ। ਇਸਤੇ ਭੀੜ ਨੇ ਤਾੜੀਆਂ ਵਜਾਈਆਂ।
ਐਪਲ ਦੇ ਸੀਈਓ ਟਿਮ ਕੁੱਕ ਵੀ ਕਈ ਕਾਰੋਬਾਰੀ ਨੇਤਾਵਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਬਫੇ ਦੀ ਵਪਾਰਕ ਵਿਰਾਸਤ(business legacy) ਦੀ ਪ੍ਰਸ਼ੰਸਾ ਕਰਦੇ ਹੋਏ ਕਈ ਬਿਆਨ ਜਾਰੀ ਕੀਤੇ। ਕੁੱਕ ਨੇ ਐਕਸ 'ਤੇ ਲਿਖਿਆ, "ਵਾੱਰਨ ਵਰਗਾ ਕਦੇ ਕੋਈ ਨਹੀਂ ਹੋਇਆ ਅਤੇ ਅਣਗਿਣਤ ਲੋਕ, ਜਿਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ, ਉਸਦੀ ਸਿਆਣਪ ਤੋਂ ਪ੍ਰੇਰਿਤ ਹੋਏ ਹਨ।"
"ਉਸ ਬਾਰੇ ਜਾਣਨਾ ਮੇਰੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਰਿਹਾ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਾੱਰਨ, ਗ੍ਰੇਗ ਦੇ ਨਾਲ ਬਰਕਸ਼ਾਇਰ ਨੂੰ ਚੰਗੇ ਹੱਥਾਂ ਵਿੱਚ ਛੱਡ ਰਿਹਾ ਹੈ।"
ਬਰਕਸ਼ਾਇਰ ਹੈਥਵੇ 60 ਤੋਂ ਵੱਧ ਕੰਪਨੀਆਂ ਦੀ ਮਾਲਕ ਹੈ ਜਿਨ੍ਹਾਂ ਵਿੱਚ ਬੀਮਾਕਰਤਾ ਗੀਕੋ, ਬੈਟਰੀ-ਨਿਰਮਾਤਾ ਡਿਊਰਾਸੈਲ ਅਤੇ ਰੈਸਟੋਰੈਂਟ ਚੇਨ ਡੇਅਰੀ ਕਵੀਨ ਸ਼ਾਮਲ ਹਨ। ਇਸਦੇ ਐਪਲ, ਕੋਕਾ ਕੋਲਾ, ਬੈਂਕ ਆਫ ਅਮਰੀਕਾ ਅਤੇ ਅਮਰੀਕਨ ਐਕਸਪ੍ਰੈਸ ਆਦਿ ਵਿੱਚ ਵੀ ਕਾਫੀ ਵੱਡੇ ਹਿੱਸੇ ਹਨ।
ਬਫੇਟ ਜਿਸਨੇ ਚੈਰਿਟੀ ਨੂੰ ਅਰਬਾਂ ਦਾਨ ਕੀਤੇ ਹਨ, ਨੂੰ ਪਿਛਲੇ ਮਹੀਨੇ ਬਲੂਮਬਰਗ ਦੁਆਰਾ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਵਜੋਂ ਦਰਜਾ ਦਿੱਤਾ ਗਿਆ ਸੀ ਜਿਸਦੀ ਕੁੱਲ ਜਾਇਦਾਦ $154 ਬਿਲੀਅਨ ਸੀ।
ਬਫੇ ਨੇ ਛੇ ਸਾਲ ਦੀ ਉਮਰ ਵਿੱਚ ਪਹਿਲੀ ਵਾਰ ਪੈਸੇ ਕਮਾਏ, 11 ਸਾਲ ਦੀ ਉਮਰ ਵਿੱਚ ਆਪਣੇ ਪਹਿਲੇ ਸ਼ੇਅਰ ਖਰੀਦੇ ਅਤੇ ਉਨ੍ਹਾਂ ਨੇ 13 ਸਾਲ ਦੀ ਉਮਰ ਵਿੱਚ ਆਪਣਾ ਪਹਿਲਾ ਟੈਕਸ ਰਿਟਰਨ ਦਾਇਰ ਕੀਤਾ। ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ, ਬਫੇ 65 ਸਾਲਾਂ ਤੋਂ ਵੱਧ ਸਮੇਂ ਤੋਂ ਓਮਾਹਾ ਵਿੱਚ ਉਸੇ ਸਾਦੇ ਘਰ ਵਿੱਚ ਰਹਿ ਰਹੇ ਹਨ।
ਇਹ ਐਲਾਨ ਉਦੋਂ ਹੋਇਆ ਜਦੋਂ ਬਫੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫਾਂ ਦੇ ਵਿਰੁੱਧ ਬੋਲਦੇ ਹੋਏ ਨਿਵੇਸ਼ਕਾਂ ਨੂੰ ਕਿਹਾ ਕਿ ਅਮਰੀਕਾ ਨੂੰ "ਵਪਾਰ ਨੂੰ ਹਥਿਆਰ ਵਜੋਂ" ਨਹੀਂ ਵਰਤਣਾ ਚਾਹੀਦਾ।
ਉਸਨੇ ਅੱਗੇ ਕਿਹਾ, "ਸਾਨੂੰ ਬਾਕੀ ਦੁਨੀਆ ਨਾਲ ਵਪਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਨੂੰ ਉਹ ਕਰਨਾ ਚਾਹੀਦਾ ਹੈ ਜੋ ਅਸੀਂ ਸਭ ਤੋਂ ਵਧੀਆ ਕਰਦੇ ਹਾਂ ਅਤੇ ਉਨ੍ਹਾਂ ਨੂੰ ਉਹ ਕਰਨਾ ਚਾਹੀਦਾ ਹੈ ਜੋ ਉਹ ਸਭ ਤੋਂ ਵਧੀਆ ਕਰਦੇ ਹਨ।"