ਅਮਰੀਕੀ ਅਤੇ ਚੀਨੀ ਅਧਿਕਾਰੀ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਕਾਰ ਵਪਾਰ ਯੁੱਧ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਲਈ ਇਸ ਹਫ਼ਤੇ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਹਨ।
ਚੀਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਚੀਨੀ ਉਪ ਪ੍ਰਧਾਨ ਮੰਤਰੀ, ਹੀ ਲਾਈਫੰਗ 9 ਤੋਂ 12 ਮਈ ਤੱਕ ਸਵਿਟਜ਼ਰਲੈਂਡ ਵਿੱਚ ਹੋਣ ਵਾਲੀ ਗੱਲਬਾਤ ਵਿੱਚ ਸ਼ਾਮਲ ਹੋਣਗੇ।
ਅਮਰੀਕੀ ਦਫਤਰਾਂ ਨੇ ਐਲਾਨ ਕੀਤਾ ਕਿ ਅਮਰੀਕੀ ਖਜ਼ਾਨਾ ਸਕੱਤਰ, ਸਕਾਟ ਬੇਸੈਂਟ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ (USTR) ਜੈਮੀਸਨ ਗ੍ਰੀਅਰ ਮੀਟਿੰਗ ਵਿੱਚ ਵਾਸ਼ਿੰਗਟਨ ਦੀ ਨੁਮਾਇੰਦਗੀ ਕਰਨਗੇ।
ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਸਮਾਨ 'ਤੇ 145% ਤੱਕ ਦੇ ਨਵੇਂ ਆਯਾਤ ਟੈਕਸ ਲਗਾਏ ਹਨ। ਬੀਜਿੰਗ ਨੇ ਅਮਰੀਕਾ ਤੋਂ ਆਉਣ ਵਾਲੀਆਂ ਕੁਝ ਵਸਤੂਆਂ 'ਤੇ 125% ਟੈਕਸ ਲਗਾ ਕੇ ਜਵਾਬੀ ਹਮਲਾ ਕੀਤਾ ਹੈ।
ਕਈ ਵਿਸ਼ਵ ਵਪਾਰ ਮਾਹਿਰਾਂ ਨੇ ਬੀਬੀਸੀ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੱਲਬਾਤ ਵਿੱਚ ਕਈ ਮਹੀਨੇ ਲੱਗਣਗੇ। ਜਨਵਰੀ ਵਿੱਚ ਚੀਨ ਦੇ ਉਪ-ਰਾਸ਼ਟਰਪਤੀ, ਹਾਨ ਜ਼ੇਂਗ ਦੇ ਟਰੰਪ ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਹ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਉੱਚ-ਪੱਧਰੀ ਗੱਲਬਾਤ ਹੋਵੇਗੀ।
ਮਿਸਟਰ ਬੇਸੈਂਟ ਨੇ ਕਿਹਾ ਕਿ ਉਹ ਅਮਰੀਕਾ ਦੇ ਹਿੱਤਾਂ ਦੀ ਬਿਹਤਰ ਸੇਵਾ ਲਈ ਅੰਤਰਰਾਸ਼ਟਰੀ ਆਰਥਿਕ ਪ੍ਰਣਾਲੀ ਨੂੰ ਮੁੜ ਸੰਤੁਲਿਤ ਕਰਨ ਦੀ ਉਮੀਦ ਕਰਦੇ ਹਨ।
ਉਸਨੇ ਫੌਕਸ ਨਿਊਜ਼ ਨਾਲ ਇੱਕ ਇੰਟਰਵਿਊ ਵਿੱਚ ਕਿਹਾ, "ਮੇਰਾ ਮੰਨਣਾ ਹੈ ਕਿ ਇਹ ਡੀ-ਐਸਕੇਲੇਸ਼ਨ ਬਾਰੇ ਹੋਵੇਗੀ ਅਤੇ ਵੱਡੇ ਵਪਾਰ ਸੌਦੇ ਬਾਰੇ ਨਹੀਂ, ਪਰ ਸਾਨੂੰ ਅੱਗੇ ਵਧਣ ਤੋਂ ਪਹਿਲਾਂ ਡੀ-ਐਸਕੇਲੇਸ਼ਨ ਕਰਨਾ ਪਵੇਗਾ।"
ਚੀਨੀ ਵਣਜ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ ਸਵੇਰੇ ਕਿਹਾ, "ਜੇਕਰ ਸੰਯੁਕਤ ਰਾਜ ਅਮਰੀਕਾ ਗੱਲਬਾਤ ਰਾਹੀਂ ਇਸ ਮੁੱਦੇ ਨੂੰ ਹੱਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਆਪਣੇ ਆਪ, ਦੁਨੀਆ 'ਤੇ ਇਕਪਾਸੜ ਟੈਰਿਫ ਉਪਾਵਾਂ ਦੇ ਗੰਭੀਰ ਨਕਾਰਾਤਮਕ ਪ੍ਰਭਾਵ ਦਾ ਸਾਹਮਣਾ ਕਰਨਾ ਪਵੇਗਾ।"
ਚੀਨੀ ਸਰਕਾਰੀ ਮੀਡੀਆ ਨੇ ਰਿਪੋਰਟ ਦਿੱਤੀ ਕਿ ਬੀਜਿੰਗ ਨੇ ਵਿਸ਼ਵਵਿਆਪੀ ਉਮੀਦਾਂ, ਦੇਸ਼ ਦੇ ਹਿੱਤਾਂ ਅਤੇ ਅਮਰੀਕੀ ਕਾਰੋਬਾਰਾਂ ਦੀਆਂ ਅਪੀਲਾਂ 'ਤੇ ਪੂਰੀ ਤਰ੍ਹਾਂ ਵਿਚਾਰ ਕਰਨ ਤੋਂ ਬਾਅਦ ਅਮਰੀਕਾ ਨਾਲ ਜੁੜਨ ਦਾ ਫੈਸਲਾ ਕੀਤਾ ਹੈ।
ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਚੀਨ ਗੱਲਬਾਤ ਲਈ ਖੁੱਲ੍ਹਾ ਹੈ ਪਰ ਦੁਹਰਾਇਆ ਗਿਆ ਹੈ ਕਿ ਜੇਕਰ ਅਸੀਂ ਇਸ ਵਪਾਰ ਯੁੱਧ ਨਾਲ ਲੜਨ ਦਾ ਫੈਸਲਾ ਕਰਦੇ ਹਾਂ ਤਾਂ ਅਸੀਂ ਅੰਤ ਤੱਕ ਲੜਾਂਗੇ।
ਵਪਾਰ ਯੁੱਧ ਨੇ ਵਿੱਤੀ ਬਾਜ਼ਾਰਾਂ ਵਿੱਚ ਉਥਲ-ਪੁਥਲ ਪੈਦਾ ਕਰ ਦਿੱਤੀ ਹੈ ਅਤੇ ਵਿਸ਼ਵਵਿਆਪੀ ਵਪਾਰ ਨੂੰ ਕਈ ਝਟਕੇ ਦਿੱਤੇ ਹਨ।
ਹਿਨਰਿਕ ਫਾਊਂਡੇਸ਼ਨ ਵਿਖੇ ਵਪਾਰ ਨੀਤੀ ਦੇ ਮੁਖੀ ਡੇਬੋਰਾ ਐਲਮਜ਼ ਨੇ ਕਿਹਾ "ਤੁਹਾਨੂੰ ਕਿਤੇ ਨਾ ਕਿਤੇ ਸ਼ੁਰੂਆਤ ਕਰਨੀ ਪਵੇਗੀ, ਇਸ ਲਈ ਮੈਂ ਇਹ ਨਹੀਂ ਕਹਿ ਰਹੀ ਕਿ ਇਹ ਮੀਟਿੰਗ ਲਾਭਦਾਇਕ ਨਹੀਂ ਹੈ।"
ਸਿੰਗਾਪੁਰ ਮੈਨੇਜਮੈਂਟ ਯੂਨੀਵਰਸਿਟੀ ਦੇ ਕਾਨੂੰਨ ਦੇ ਪ੍ਰੋਫੈਸਰ ਹੈਨਰੀ ਗਾਓ ਅਤੇ ਵਿਸ਼ਵ ਵਪਾਰ ਸੰਗਠਨ ਸਕੱਤਰੇਤ ਦੇ ਸਾਬਕਾ ਚੀਨੀ ਵਕੀਲ ਨੇ ਕਿਹਾ, "ਸਾਨੂੰ ਅਜੇ ਬਹੁਤ ਤਣਾਅ ਦੇਖਣ ਦੀ ਉਮੀਦ ਕਰਨੀ ਚਾਹੀਦੀ ਹੈ ਜਿਵੇਂ ਕਿ 2018 ਵਿੱਚ ਪਿਛਲੀ ਵਾਰ ਹੋਇਆ ਸੀ। ਮੈਂ ਉਮੀਦ ਕਰਾਂਗਾ ਕਿ ਇਹ ਗੱਲਬਾਤ ਕਈ ਮਹੀਨਿਆਂ ਜਾਂ ਇੱਕ ਸਾਲ ਤੋਂ ਵੀ ਵੱਧ ਸਮੇਂ ਤੱਕ ਚੱਲੇਗੀ।"
ਇਸ ਐਲਾਨ ਤੋਂ ਬਾਅਦ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਵਿੱਤੀ ਬਾਜ਼ਾਰਾਂ ਵਿੱਚ ਹਿਲ-ਜੁਲ ਆਈ ਹੈ ਜਦੋਂ ਕਿ ਅਮਰੀਕੀ ਸਟਾਕ ਫਿਊਚਰਜ਼ ਵਧੇ ਹਨ। ਸਟਾਕ ਫਿਊਚਰਜ਼ ਭਵਿੱਖ ਦੀ ਮਿਤੀ 'ਤੇ ਇੱਕ ਅੰਡਰਲਾਈੰਗ ਸੰਪਤੀ ਨੂੰ ਖਰੀਦਣ ਜਾਂ ਵੇਚਣ ਲਈ ਇਕਰਾਰਨਾਮੇ ਹਨ ਅਤੇ ਇਹ ਇਸ ਗੱਲ ਦਾ ਸੰਕੇਤ ਹਨ ਕਿ ਬਾਜ਼ਾਰ ਖੁੱਲ੍ਹਣ 'ਤੇ ਕਿਵੇਂ ਵਪਾਰ ਕਰਨਗੇ।
ਨਿਵੇਸ਼ਕ ਬੁੱਧਵਾਰ ਦੁਪਹਿਰ ਨੂੰ ਅਮਰੀਕੀ ਕੇਂਦਰੀ ਬੈਂਕ ਵੱਲੋਂ ਵਿਆਜ ਦਰਾਂ 'ਤੇ ਘੋਸ਼ਣਾ ਕਰਨ ਦੀ ਵੀ ਉਡੀਕ ਕਰ ਰਹੇ ਹਨ।