ਲੰਡਨ ਜਾ ਰਿਹਾ ਏਅਰ ਇੰਡੀਆ ਦਾ ਜਹਾਜ਼ ਕ੍ਰੈਸ਼, ਹਾਦਸੇ ਵਿੱਚ ਘੱਟੋ-ਘੱਟ 241 ਲੋਕਾਂ ਦੀ ਹੋਈ ਮੌਤ

ahmedabad plane crash

ਭਾਰਤ ਤੋਂ ਲੰਡਨ ਜਾ ਰਿਹਾ ਏਅਰ ਇੰਡੀਆ ਦਾ ਇੱਕ ਜਹਾਜ਼ ਵੀਰਵਾਰ ਨੂੰ ਉਡਾਣ ਭਰਨ ਦੇ ਕੁਝ ਪਲਾਂ ਵਿੱਚ ਹੀ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 241 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਮਾਰੇ ਗਏ ਅਤੇ ਜ਼ਮੀਨ 'ਤੇ ਹੋਰ ਵੀ ਕਈ ਲੋਕ ਮਾਰੇ ਗਏ।

ਪੱਛਮੀ ਭਾਰਤ ਦੇ ਅਹਿਮਦਾਬਾਦ ਸ਼ਹਿਰ ਤੋਂ ਉਡਾਣ ਭਰਨ ਵਾਲਾ ਬੋਇੰਗ 787-8 ਡ੍ਰੀਮਲਾਈਨਰ ਇੱਕ ਰਿਹਾਇਸ਼ੀ ਖੇਤਰ ਵਿੱਚ ਜਾ ਡਿੱਗਿਆ ਜਿੱਥੇ ਇਹ ਇੱਕ ਹਸਪਤਾਲ ਕੰਪਲੈਕਸ ਅਤੇ ਮੈਡੀਕਲ ਦੇ ਵਿਦਿਆਰਥੀਆਂ ਦੇ ਹੋਸਟਲ ਨਾਲ ਟਕਰਾ ਗਿਆ।

ਸਿਰਫ ਇੱਕ ਯਾਤਰੀ ਹੀ ਇਸ ਹਾਦਸੇ ਵਿੱਚੋਂ ਬਚ ਸਕਿਆ, ਜੋਕਿ ਇੱਕ ਬ੍ਰਿਟਿਸ਼ ਨਾਗਰਿਕ ਹੈ ਤੇ ਉਹ 11A ਸੀਟ 'ਤੇ ਬੈਠਾ ਸੀ।

ਅਜੇ ਤੱਕ ਹਾਦਸੇ ਦਾ ਕਾਰਨ ਸਪੱਸ਼ਟ ਨਹੀਂ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਕ੍ਰੈਸ਼ ਨੂੰ "ਸ਼ਬਦਾਂ ਤੋਂ ਪਰੇ ਦਿਲ ਦਹਿਲਾ ਦੇਣ ਵਾਲਾ" ਦੱਸਿਆ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਘਾਤਕ ਹਵਾਈ ਹਾਦਸਿਆਂ ਵਿੱਚੋਂ ਇੱਕ ਵਜੋਂ ਦਰਸਾਈ ਇਸ ਘਟਨਾ ਵਿੱਚ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ।

ਏਅਰ ਇੰਡੀਆ ਦੀ ਫਲਾਈਟ AI171 ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਥਾਨਕ ਸਮੇਂ ਅਨੁਸਾਰ 13:39 (08:09 GMT) 'ਤੇ ਰਵਾਨਾ ਹੋਈ, ਅਤੇ ਲੰਡਨ ਦੇ ਗੈਟਵਿਕ ਹਵਾਈ ਅੱਡੇ 'ਤੇ 18:25 BST 'ਤੇ ਟੱਚ-ਡਾਊਨ ਹੋਣ ਵਾਲੀ ਸੀ।

ਜਹਾਜ਼ ਵਿੱਚ 230 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 169 ਭਾਰਤੀ ਨਾਗਰਿਕ, 53 ਬ੍ਰਿਟਿਸ਼, ਸੱਤ ਪੁਰਤਗਾਲੀ ਨਾਗਰਿਕ, ਇੱਕ ਕੈਨੇਡੀਅਨ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ।

ਸਥਾਨਕ ਪੁਲਿਸ ਮੁਖੀ ਨੇ ਬੀਬੀਸੀ ਨੂੰ ਦੱਸਿਆ ਕਿ ਹੁਣ ਤੱਕ 204 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ - ਪਰ ਇਹ ਪਤਾ ਨਹੀਂ ਹੈ ਕਿ ਉਨ੍ਹਾਂ ਵਿੱਚੋਂ ਕਿੰਨੇ ਪੀੜਤ ਜਹਾਜ਼ ਵਿੱਚ ਸਨ ਜਾਂ ਜ਼ਮੀਨ 'ਤੇ ਸਨ। ਘਟਨਾ ਸਥਾਨ ਤੋਂ ਤਸਵੀਰਾਂ ਵਿੱਚ ਮਲਬਾ ਇੱਕ ਵੱਡੇ ਕਰੈਸ਼ ਜ਼ੋਨ ਵਿੱਚ ਖਿੰਡਿਆ ਹੋਇਆ ਦਿਖਾਈ ਦਿੰਦਾ ਹੈ, ਜਿਸ ਵਿੱਚ ਜਹਾਜ਼ ਦੇ ਕੁਝ ਹਿੱਸੇ ਇਮਾਰਤਾਂ ਵਿੱਚ ਫਸੇ ਹੋਏ ਹਨ।

ਇਸ ਹਾਦਸੇ ਵਿੱਚੋਂ ਬਚਣ ਵਾਲੇ ਇੱਕ ਵਿਅਕਤੀ ਦੀ ਖਬਰ ਤੇਜ਼ੀ ਨਾਲ ਅੰਤਰਰਾਸ਼ਟਰੀ ਸੁਰਖੀਆਂ ਵਿੱਚ ਆ ਗਈ ਕਿਉਂਕਿ ਬ੍ਰਿਟਿਸ਼ ਨਾਗਰਿਕ, ਵਿਸ਼ਵਾਸ਼ ਕੁਮਾਰ ਰਮੇਸ਼ ਨੂੰ ਐਂਬੂਲੈਂਸ ਵੱਲ ਲੈਕੇ ਜਾਂਦੇ ਦਿਖਾਇਆ ਗਿਆ ਸੀ, ਜਿਸਦੇ ਪਿੱਛੋਂ ਧੂੰਆਂ ਉੱਠ ਰਿਹਾ ਸੀ।

ਬ੍ਰਿਟਿਸ਼ ਵਿਅਕਤੀ ਭਾਰਤ ਦੇ ਜਹਾਜ਼ ਹਾਦਸੇ ਤੋਂ ਬਚਣ ਵਾਲਾ ਇੱਕੋ ਇੱਕ ਯਾਤਰੀ ਹੈ-
30 ਸਕਿੰਟਾਂ ਵਿੱਚ ਏਅਰ ਇੰਡੀਆ ਦੇ ਜਹਾਜ਼ ਦੇ ਕਰੈਸ਼ ਹੋਣ ਦਾ ਕੀ ਕਾਰਨ ਹੋ ਸਕਦਾ ਸੀ? "ਉਡਾਣ ਭਰਨ ਤੋਂ ਤੀਹ ਸਕਿੰਟਾਂ ਬਾਅਦ, ਇੱਕ ਉੱਚੀ ਆਵਾਜ਼ ਆਈ... ਇਹ ਸਭ ਕੁਝ ਬਹੁਤ ਜਲਦੀ ਹੋ ਗਿਆ," ਉਸਨੇ ਹਸਪਤਾਲ ਤੋਂ ਸਥਾਨਕ ਮੀਡੀਆ ਨੂੰ ਦੱਸਿਆ।

ਉਸਦੇ ਚਚੇਰੇ ਭਰਾ, ਅਜੈ ਵਾਲਗੀ ਨੇ ਕਿਹਾ ਕਿ ਰਮੇਸ਼ ਨੇ ਆਪਣੇ ਪਰਿਵਾਰ ਨੂੰ ਫ਼ੋਨ ਕਰਕੇ ਕਿਹਾ ਕਿ ਉਹ "ਠੀਕ" ਹੈ, ਪਰ ਉਸਨੂੰ ਆਪਣੇ ਭਰਾ ਜਿਸਦਾ ਨਾਮ ਵੀ ਅਜੈ ਹੈ ਦਾ ਪਤਾ ਨਹੀਂ ਹੈ, ਜੋ ਉਸਦੇ ਨਾਲ ਜਹਾਜ਼ ਵਿੱਚ ਸੀ।

ਵੀਰਵਾਰ ਦੀ ਘਟਨਾ 2011 ਵਿੱਚ ਪਹਿਲੀ ਵਾਰ ਸ਼ੁਰੂ ਕੀਤੀ ਗਈ 787 ਡ੍ਰੀਮਲਾਈਨਰ ਨਾਲ ਸਬੰਧਤ ਪਹਿਲੀ ਘਾਤਕ ਦੁਰਘਟਨਾ ਸੀ। ਬੋਇੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਜਾਂਚ ਦਾ ਸਮਰਥਨ ਕਰਨ ਲਈ "ਤਿਆਰ" ਹੈ, ਜਿਸਦੀ ਅਗਵਾਈ ਭਾਰਤ ਦੀ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਕਰ ਰਹੀ ਹੈ।

ਬਿਊਰੋ ਨੇ ਕਿਹਾ, "ਅਸੀਂ ਫਲਾਈਟ 171 ਦੇ ਸੰਬੰਧ ਵਿੱਚ ਏਅਰ ਇੰਡੀਆ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਲਈ ਤਿਆਰ ਹਾਂ। ਅਸੀਂ  ਯਾਤਰੀਆਂ, ਚਾਲਕ ਦਲ ਅਤੇ ਸਾਰੇ ਪ੍ਰਭਾਵਿਤ ਲੋਕਾਂ ਨਾਲ ਹਾਂ।"

ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ (NTSB) ਨੇ ਕਿਹਾ ਕਿ ਅਮਰੀਕਾ ਅਤੇ ਬ੍ਰਿਟਿਸ਼ ਤੋਂ ਜਾਂਚਕਰਤਾ ਭਾਰਤ ਦੀ ਯਾਤਰਾ ਕਰਨਗੇ ਤੇ ਜਾਂਚ ਵਿੱਚ ਭਾਰਤੀ ਅਧਿਕਾਰੀਆਂ ਦੀ ਸਹਾਇਤਾ ਕਰਨਗੇ।

ਭਾਰਤ ਦੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (DGCA) ਨੇ ਕਿਹਾ ਕਿ ਜਹਾਜ਼ ਨੇ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਇੱਕ ਮੇਡੇ(mayday) ਕਾਲ ਜਾਰੀ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਇਸਦਾ ਹਵਾਈ ਆਵਾਜਾਈ ਨਿਯੰਤਰਣ ਨਾਲ ਸੰਪਰਕ ਟੁੱਟ ਗਿਆ ਅਤੇ ਜਹਾਜ ਹਵਾਈ ਅੱਡੇ ਦੇ ਘੇਰੇ ਤੋਂ ਬਾਹਰ ਹਾਦਸਾਗ੍ਰਸਤ ਹੋ ਗਿਆ।

ਹਾਦਸੇ ਵਾਲੀ ਥਾਂ 10 ਵਿਸ਼ੇਸ਼ ਕੇਂਦਰਾਂ ਵਾਲੇ ਇੱਕ ਮੈਡੀਕਲ ਕੈਂਪਸ ਦੇ ਅੰਦਰ ਹੈ। ਬੀਬੀਸੀ ਦੇ ਸਚਿਨ ਪਿਥਵਾ ਨੇ ਹਫੜਾ-ਦਫੜੀ ਦੇ ਦ੍ਰਿਸ਼ਾਂ ਦਾ ਵਰਣਨ ਕੀਤਾ ਜਿੱਥੇ ਬਚਾਅ ਕਰਮਚਾਰੀ ਮਾਰੇ ਗਏ ਲੋਕਾਂ ਦੇ ਅਵਸ਼ੇਸ਼ਾਂ ਨੂੰ ਕੱਢ ਰਹੇ ਸਨ। ਉਨ੍ਹਾਂ ਨੇ ਰਿਪੋਰਟ ਕੀਤੀ ਕਿ ਹਾਦਸੇ ਤੋਂ ਕੁਝ ਘੰਟਿਆਂ ਬਾਅਦ ਵੀ ਇਮਾਰਤਾਂ ਚੋਂ ਸੰਘਣਾ ਧੂੰਆਂ ਉੱਠ ਰਿਹਾ ਸੀ, ਅਤੇ ਯਾਤਰੀਆਂ ਦੇ ਪਾਸਪੋਰਟ ਆਲੇ-ਦੁਆਲੇ ਖਿੰਡੇ ਹੋਏ ਸਨ।

ਗੁਜਰਾਤ ਦੇ ਸਿਹਤ ਵਿਭਾਗ ਦੇ ਮੁੱਖ ਸਕੱਤਰ ਨੇ ਪੁਸ਼ਟੀ ਕੀਤੀ ਕਿ ਜਹਾਜ਼ ਬਾਈਰਾਮਜੀ ਜੀਜੀਭੌਏ ਮੈਡੀਕਲ ਕਾਲਜ ਅਤੇ ਸਿਵਲ ਹਸਪਤਾਲ ਦੇ ਵਿਦਿਆਰਥੀਆਂ ਦੇ ਹੋਸਟਲ ਅਤੇ ਸਟਾਫ ਕੁਆਰਟਰਾਂ ਨਾਲ ਟਕਰਾ ਗਿਆ। ਹਸਪਤਾਲ ਦੀ ਡੀਨ, ਡਾ. ਮੀਨਾਕਸ਼ੀ ਪਾਰੇਖ ਨੇ ਬੀਬੀਸੀ ਨੂੰ ਦੱਸਿਆ, "ਇਹ ਹੋਸਟਲ ਮੈਸ ਵਿੱਚ ਟਕਰਾ ਗਿਆ ਅਤੇ ਫਿਰ ਹੋਸਟਲ ਦੀ ਇੱਕ ਇਮਾਰਤ ਵਿੱਚ ਜਾ ਵੱਜਿਆ।"

ਉਨ੍ਹਾਂ ਅੱਗੇ ਕਿਹਾ ਕਿ ਹਾਦਸਾ ਦੁਪਹਿਰ ਦੇ ਖਾਣੇ ਦੇ ਸਮੇਂ ਹੋਇਆ ਜਦੋਂ ਬਹੁਤ ਸਾਰੇ ਵਿਦਿਆਰਥੀ ਕੰਟੀਨ ਵਿੱਚ ਸਨ। ਫੋਟੋਆਂ ਵਿੱਚ ਜਹਾਜ਼ ਦਾ ਇੱਕ ਵੱਡਾ ਹਿੱਸਾ ਹੋਸਟਲ ਦੀ ਇੱਕ ਇਮਾਰਤ ਵਿੱਚ ਫਸਿਆ ਹੋਇਆ ਹੈ, ਅਤੇ ਇੱਕ ਧੂੜ ਭਰਿਆ ਸੁੰਨਸਾਨ ਮੈਸ ਹਾਲ ਦਿਖਾਇਆ ਗਿਆ ਹੈ ਜਿਸ ਵਿੱਚ ਅਜੇ ਵੀ ਮੇਜ਼ਾਂ 'ਤੇ ਭੋਜਨ ਦੀਆਂ ਪਲੇਟਾਂ ਹਨ।

"ਜ਼ਿਆਦਾਤਰ ਵਿਦਿਆਰਥੀ ਬਚ ਗਏ... ਪਰ ਇਮਾਰਤ ਵਿੱਚ ਅੱਗ ਲੱਗ ਗਈ ਅਤੇ ਧੂੰਆਂ ਬਹੁਤ ਸੰਘਣਾ ਸੀ। ਇਸ ਲਈ 10 ਤੋਂ 12 ਵਿਦਿਆਰਥੀ ਫਸ ਗਏ," ਡੀਨ ਨੇ ਕਿਹਾ। ਉਸਨੇ ਅੱਗੇ ਕਿਹਾ ਕਿ ਇਹ ਸੰਭਵ ਹੈ ਕਿ ਕਈ ਵਿਦਿਆਰਥੀ ਮਾਰੇ ਗਏ ਹੋਣ। ਅਧਿਕਾਰੀਆਂ ਨੇ ਕਿਹਾ ਕਿ ਅਜੇ ਦਰਜਨਾਂ ਹਸਪਤਾਲ ਵਿੱਚ ਸਨ।

ਟਾਟਾ ਗਰੁੱਪ, ਜੋ ਏਅਰ ਇੰਡੀਆ ਦਾ ਮਾਲਕ ਹੈ, ਨੇ ਕਿਹਾ ਹੈ ਕਿ ਉਹ ਹਾਦਸੇ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰਾਂ ਨੂੰ ਇੱਕ ਕਰੋੜ ਰੁਪਏ  ਦੇਵੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਐਕਸ 'ਤੇ ਲਿਖਿਆ: "ਅਹਿਮਦਾਬਾਦ ਵਿੱਚ ਵਾਪਰੀ ਤ੍ਰਾਸਦੀ ਨੇ ਸਾਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਇਹ ਸ਼ਬਦਾਂ ਤੋਂ ਪਰੇ ਦਿਲ ਤੋੜਨ ਵਾਲਾ ਹੈ। ਇਸ ਦੁਖਦਾਈ ਘੜੀ ਵਿੱਚ, ਮੇਰੇ ਵਿਚਾਰ ਇਸ ਤੋਂ ਪ੍ਰਭਾਵਿਤ ਹਰ ਵਿਅਕਤੀ ਨਾਲ ਹਨ।"

ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਸਰ ਕੀਰ ਸਟਾਰਮਰ ਦੋਵਾਂ ਨੇ ਕਿਹਾ ਕਿ ਉਹ ਲਗਾਤਾਰ ਅਪਡੇਟ ਲੈ ਰਹੇ ਹਨ, ਜਦੋਂ ਕਿ ਕਿੰਗ ਚਾਰਲਸ ਨੇ ਹਾਦਸੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ "ਡੂੰਘੀ ਹਮਦਰਦੀ" ਪ੍ਰਗਟ ਕੀਤੀ।

ਸਟਾਰਮਰ ਨੇ ਪੁਸ਼ਟੀ ਕੀਤੀ ਕਿ ਯੂਕੇ ਦੀ ਇੱਕ ਟੀਮ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਗੁਜਰਾਤ ਭੇਜਿਆ ਗਿਆ ਹੈ। ਉਸਨੇ ਹਾਦਸੇ ਤੋਂ ਪ੍ਰਭਾਵਿਤ ਕਿਸੇ ਵੀ ਵਿਅਕਤੀ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਵਿਦੇਸ਼ ਦਫ਼ਤਰ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ।

Gurpreet | 13/06/25

ਸੰਬੰਧਿਤ ਖ਼ਬਰਾਂ

ਤੁਹਾਨੂੰ ਇਹ ਪਸੰਦ ਹੋ ਸਕਦਾ ਹੈ