ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸ਼ਾਮ (ਸਥਾਨਕ ਸਮੇਂ) ਨੂੰ ਕੈਲਗਰੀ ਪਹੁੰਚੇ। ਉਹ ਜੀ7(G7) ਸੰਮੇਲਨ ਵਿੱਚ ਹਿੱਸਾ ਲੈਣ ਲਈ ਆਏ ਹਨ ਜੋ ਕਿ ਅਲਬਰਟਾ ਦੇ ਨੇੜੇ ਕਨਾਨਾਸਕਿਸ ਵਿੱਚ ਹੋ ਰਿਹਾ ਹੈ।
ਕੈਨੇਡਾ ਵਿੱਚ ਆਪਣੇ 23 ਘੰਟੇ ਦੇ ਠਹਿਰਾਅ ਦੌਰਾਨ, ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਜੀ7 ਆਊਟਰੀਚ ਸੈਸ਼ਨ ਨੂੰ ਸੰਬੋਧਨ ਕਰਨਗੇ ਅਤੇ ਮੰਗਲਵਾਰ ਸ਼ਾਮ ਨੂੰ ਕਰੋਸ਼ੀਆ ਲਈ ਰਵਾਨਾ ਹੋਣ ਤੋਂ ਪਹਿਲਾਂ ਮੇਜ਼ਬਾਨ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ।
2015 ਤੋਂ ਬਾਅਦ ਇਹ ਮੋਦੀ ਦੀ ਕੈਨੇਡਾ ਦੀ ਪਹਿਲੀ ਫੇਰੀ ਹੋਵੇਗੀ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਉਹ ਜੀ7 ਪ੍ਰੋਗਰਾਮ 'ਤੇ ਵੱਧ ਤੋਂ ਵੱਧ ਮਸਲਿਆਂ ਤੇ ਗੱਲਬਾਤ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਨ।
ਸੋਮਵਾਰ ਦੇਰ ਰਾਤ ਤੱਕ ਕੋਈ ਸਪੱਸ਼ਟਤਾ ਨਹੀਂ ਸੀ ਕਿ ਕੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਸਮੀ ਮੁਲਾਕਾਤ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨਾਲ ਵੀ ਮੁਲਾਕਾਤ ਹੋ ਸਕਦੀ ਹੈ।
ਇਹ ਜੀ7 ਸੰਮੇਲਨਾਂ ਦੇ ਆਊਟਰੀਚ ਸੈਸ਼ਨਾਂ ਵਿੱਚ ਭਾਰਤ ਦੀ 12ਵੀਂ ਅਤੇ ਮੋਦੀ ਦੀ 6ਵੀਂ ਭਾਗੀਦਾਰੀ(participation) ਹੋਵੇਗੀ। ਭਾਰਤ ਨੂੰ 2019 ਤੋਂ ਜੀ7 ਲਈ ਨਿਯਮਿਤ ਤੌਰ 'ਤੇ ਸੱਦੇ ਮਿਲ ਰਹੇ ਹਨ, ਜੋ ਕਿ ਆਰਥਿਕ ਤੌਰ 'ਤੇ ਸਭ ਤੋਂ ਵੱਧ ਵਿਕਸਤ ਦੇਸ਼ਾਂ ਦੇ ਸਮੂਹ ਦੁਆਰਾ ਭਾਰਤ ਨੂੰ ਦਿੱਤੀ ਜਾਣ ਵਾਲੀ ਮਹੱਤਤਾ ਦਾ ਸੰਕੇਤ ਹੈ।
ਭਾਰਤੀ ਸਰਕਾਰੀ ਸੂਤਰਾਂ ਨੇ ਇਸ ਤੱਥ ਨੂੰ ਉਜਾਗਰ ਕੀਤਾ ਕਿ ਭਾਰਤ ਦੀ ਅਰਥਵਿਵਸਥਾ ਹੁਣ ਘੱਟੋ-ਘੱਟ ਤਿੰਨ ਜੀ7 ਮੈਂਬਰ ਦੇਸ਼ਾਂ ਫਰਾਂਸ, ਇਟਲੀ ਅਤੇ ਕੈਨੇਡਾ ਤੋਂ ਵੱਡੀ ਹੈ।
ਇੱਕ ਅਧਿਕਾਰੀ ਨੇ ਕਿਹਾ, "ਭਾਰਤ ਨੇ 2023 ਵਿੱਚ ਆਪਣੀ ਜੀ20 ਪ੍ਰਧਾਨਗੀ ਦੀ ਸਮਾਪਤੀ ਕੀਤੀ ਅਤੇ ਗਲੋਬਲ ਸਾਊਥ ਦੀ ਇੱਕ ਮਜ਼ਬੂਤ ਆਵਾਜ਼ ਬਣਿਆ। ਭਾਰਤ ਨੇ ਪਿਛਲੇ ਜੀ7 ਸੰਮੇਲਨਾਂ ਵਿੱਚ ਆਪਣੀ ਦਖਲਅੰਦਾਜ਼ੀ ਦੌਰਾਨ ਗਲੋਬਲ ਸਾਊਥ ਦੇ ਕਈ ਮੁੱਦਿਆਂ ਨੂੰ ਹਮੇਸ਼ਾ ਸਾਹਮਣੇ ਲਿਆਂਦਾ ਹੈ।"
2024 ਵਿੱਚ ਅਪੁਲੀਆ ਵਿਖੇ ਪਿਛਲੇ G7 ਸੰਮੇਲਨ ਵਿੱਚ, ਪ੍ਰਧਾਨ ਮੰਤਰੀ ਮੋਦੀ ਏਆਈ(AI), ਊਰਜਾ, ਅਫਰੀਕਾ ਅਤੇ ਮੈਡੀਟੇਰੀਅਨ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕਰਨ ਲਈ ਜੀ7 ਵਿੱਚ ਹੋਰ ਸੱਦੇ ਗਏ ਦੇਸ਼ਾਂ ਨਾਲ ਸ਼ਾਮਲ ਹੋਏ ਸਨ। ਇਹ ਸੈਸ਼ਨ ਇੱਕ ਮਹੱਤਵਪੂਰਨ ਪਲੇਟਫਾਰਮ ਸੀ ਜਿੱਥੇ ਜੀ7 ਅਤੇ ਆਊਟਰੀਚ ਦੇਸ਼ਾਂ ਨੇ ਆਪਣੇ ਵਿਚਾਰ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ, ਗਲੋਬਲ ਚੁਣੌਤੀਆਂ ਨੂੰ ਹੱਲ ਕਰਨ ਲਈ ਸਮੂਹਿਕ ਯਤਨਾਂ ਨੂੰ ਅੱਗੇ ਵਧਾਇਆ।
ਭਾਰਤੀ ਅਧਿਕਾਰੀਆਂ ਦੇ ਅਨੁਸਾਰ, ਆਰਥਿਕ ਮੁੱਦਿਆਂ 'ਤੇ ਆਪਣੇ ਸ਼ੁਰੂਆਤੀ ਧਿਆਨ ਨਾਲੋਂ ਹੁਣ ਜੀ7 ਹੌਲੀ-ਹੌਲੀ ਸ਼ਾਂਤੀ ਅਤੇ ਸੁਰੱਖਿਆ, ਅੱਤਵਾਦ ਵਿਰੋਧੀ, ਵਿਕਾਸ, ਸਿੱਖਿਆ, ਸਿਹਤ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਸਮੇਤ ਪ੍ਰਮੁੱਖ ਵਿਸ਼ਵਵਿਆਪੀ ਚੁਣੌਤੀਆਂ 'ਤੇ ਸਾਂਝੇ ਹੱਲ ਲੱਭਣ ਲਈ ਸਲਾਹ-ਮਸ਼ਵਰੇ ਲਈ ਇੱਕ ਮੰਚ ਬਣ ਗਿਆ ਹੈ। ਮੋਦੀ ਨੇ ਪਹਿਲਾਂ ਵੀ ਅੱਤਵਾਦ ਦਾ ਮੁੱਦਾ ਉਠਾਇਆ ਹੈ ਅਤੇ ਦੁਬਾਰਾ ਅਜਿਹਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ, ਕਿਉਂਕਿ ਭਾਰਤ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਆਈਸੋਲੇਟ ਕਰਨ ਦੀ ਆਪਣੀ ਮੁਹਿੰਮ ਲਈ ਸਮਰਥਨ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।