ਭਾਵੇਂ ਤੁਸੀਂ ਕਿੰਨੀ ਵਲਾ ਕੇ ਗੱਲ ਕਰੋ, ਅਸੀਂ ਤੁਹਾਡਾ ਭਾਵ ਪੈਂਦੀ ਸੱਟੇ ਹੀ ਸਮਝ ਜਾਂਦੇ ਹਾਂ।
ਬੱਚਿਆਂ ਦੀਆਂ ਅੱਖਾਂ ਬਿਲਕੁਲ ਮਾਸੂਮ ਤੇ ਚਮਕੀਲੀਆਂ ਹੁੰਦੀਆਂ ਹਨ। ਇਸ ਵੇਲੇ ਇਹਨਾਂ ਵਿੱਚ ਕੋਈ ਵਲ-ਵਿੰਗ ਨਹੀਂ ਹੁੰਦਾ। ਜਦ ਮਾਸੂਮ ਬੱਚਾ ਕਿਸੇ ਵੱਲ ਟਿਕ-ਟਿਕੀ ਲਾ ਕੇ ਵੇਖਦਾ ਹੈ, ਤਾਂ ਇਉਂ ਜਾਪਦਾ ਹੈ ਜਿਵੇਂ ਕੁਦਰਤ ਰਾਣੀ ਕਾਲੇ ਜਿਹੇ ਨੂਰ-ਭਰੇ ਸਮੁੰਦਰ ਵਿਚੋਂ ਆਪ ਝਾਤੀਆਂ ਮਾਰ ਰਹੀ ਹੈ।
ਤਾਹੀਏਂ ਤੇ ਬੈਂਕਰਾ ਤੈਨੂੰ ਵਲ ਵਲ ਕੂਕਦਾ ਸਾਂ ਪਈ ਇਨ੍ਹਾਂ ਤਿਲਾਂ ਵਿੱਚ ਤੇਲ ਹੈ ਨਹੀਓਂ, ਨਾ ਆਪਣੀ ਜਾਨ ਜੋਖੋਂ ਵਿੱਚ ਪਾ, ਪਰ ਤੂੰ ਤੇ ਕੰਨੀ ਬੁੱਜੋ ਦੇ ਛੱਡੇ।
ਚੰਗਾ ਭਲਾ ਕੰਮ ਤੁਰ ਪਿਆ ਸੀ, ਉਸ ਨੇ ਆ ਕੇ ਨਵਾਂ ਹੀ ਵਲ ਪਾ ਦਿੱਤਾ ਹੈ।
ਨੰਦ ਬਚਨੋ ਦੀ ਥੋੜ੍ਹੀ ਬਹੁਤ ਸਹੇਲੀ ਸੀ । (ਇਸ ਲਈ ਬਚਨੋ ਬਾਬਤ) ਸ਼ਾਇਦ ਵਿੰਗ ਵਲ ਪਾ ਕੇ ਜੇ ਪ੍ਰਸਿੰਨੀ ਪੁੱਛਦੀ, ਤਦ ਉਹ ਦੱਸ ਹੀ ਦੇਂਦੀ ਪਰ ਇਸ ਤਰ੍ਹਾਂ ਹੂੰਮ ਕੇ ਪੁੱਛੀ ਗੱਲ ਸੁਣ ਕੇ ਦੜ ਵੱਟੀ ਗਈ।
ਉਹ ਕੋਈ ਕਾਰ ਵਿਹਾਰ ਨਹੀਂ ਕਰਦਾ, ਵਲ ਛਲ ਤੇ ਹੀ ਉਸ ਦਾ ਗੁਜ਼ਾਰਾ ਹੈ।
ਜੇ ਅੰਦਰ ਅੰਦਰ ਵਲ ਖਾਂਦੇ ਰਹੀਏ ਤਾਂ ਮਨੁੱਖ ਦੀ ਉਮਰ ਥੋੜ੍ਹੀ ਹੋ ਜਾਂਦੀ ਹੈ। ਖੂਨ ਖਿੱਚਿਆ ਜਾਂਦਾ ਹੈ।
ਇਸ ਨੇ ਦਾਵਾ ਕੀਤਾ ਏ ਤੇ ਅਸੀਂ ਪੇਸ਼ ਹੋ ਕੇ ਬਿਆਨ ਦਿਆਂਗੇ । ਹਿਸਾਬ ਨਾਲ ਸਰਕਾਰ ਜੋ ਫੈਸਲਾ ਕਰੋ ਅਸੀਂ ਸਿਰ ਮੱਥੇ ਤੇ ਮੰਨਾਂਗੇ। ਹੁਣ ਮਿੱਠੂ ਇਹਨੂੰ ਵਲ ਖਲੋਣ ਦਾ ਕੀ ਲੱਗਦਾ ਏ ?
ਮੈਂ ਏਸ ਗੱਲੋਂ ਬੇਖਬਰ ਨਹੀਂ, ਮੇਰੀ ਕੰਨੀ ਵੀ ਭਿਣਖ ਪੈਂਦੀ ਰਹਿੰਦੀ ਏ, ਮੈਨੂੰ ਓਨ੍ਹਾਂ ਦੀਆਂ ਘੁਸ-ਮੁਸੀਆਂ ਦਾ ਪਤਾ ਏ। ਉਹ ਆਪਣੀ ਥਾਂ ਬੜੇ ਵਰਿਆਮ ਬਣੀ ਬੈਠੇ ਨੇਂ ਪਰ ਜੇ ਮੇਰੇ ਅੱਡੇ ਚੜ੍ਹ ਗਏ ਤਾਂ ਐਸਾ ਮੱਕੂ ਬੰਨ੍ਹਾਂਗਾ ਜੇ ਯਾਦ ਪਏ ਕਰਨਗੇ।
ਅਫਸਰ ਵਜ਼ੀਰ ਤੋਂ ਝਾੜਾਂ ਖਾਕੇ, ਆਪਣੇ ਮਾਤਹਿਤਾਂ ਤੇ ਆ ਵਰ੍ਹਿਆ, ਤੇ ਆਪਣਾ ਗੁੱਸਾ ਕੱਢਣ ਲੱਗਾ । ਵਜ਼ੀਰ ਅੱਗੇ ਤਾਂ ਉਸ ਦੀ ਕੋਈ ਵਾਹ ਨਹੀਂ ਸੀ ਜਾਂਦੀ।
ਗੱਲ ਤੇ ਬੜੀ ਮਾਮੂਲੀ ਜਿਹੀ ਸੀ; ਐਵੇਂ ਤੁਸਾਂ ਨੇ ਵਧਾਨ ਵਧਾ ਲਿਆ ਹੈ। ਜੇ ਨਿਪਟਾਉ ਤੇ ਹੁਣੇ ਮੁਆਮਲਾ ਨਿਪਟ ਸਕਦਾ ਹੈ।
ਪਿੰਡ ਦੇ ਸਾਂਝੇ ਕੰਮ ਵਿੱਚ ਉਹ ਵਧ ਵਧ ਕੇ ਪੈਰ ਮਾਰਦਾ ਹੈ। ਇਸ ਲਈ ਸਾਰਿਆਂ ਨੂੰ ਚੰਗਾ ਲੱਗਦਾ ਹੈ।