ਕੁਝ ਪਿੱਛਾ ਅੱਗਾ ਵੇਖ ਕੇ ਨੂੰਹ ਵਿਗੜਣੀ ਸੀ। ਅਖੇ ‘ਮੈਂਹ ਗਾਂ ਰਵੇ ਦੀ ਧੀ ਭੈਣ ਖਲਣੇ ਦੀ'। ਉਹਦੇ ਕੁਪੱਤ ਤੋਂ ਦੁਖੀ ਕਿਉਂ ਹੁੰਦਾ ਹੈ ?
ਬੜੀ ਆਕੜ ਹੈ ਤੈਨੂੰ ਆਪਣੇ ਰੁਪਏ ਦੀ। ਤੂੰ ਸਮਝਦਾ ਏਂ, ਮੈਂ ਨਾ ਹੁੰਦਾ ਖਬਰੇ ਦੁਨੀਆਂ ਤੁਰਦੀ ਕਿੱਦਾਂ। ਅਖੇ 'ਮੈਂ ਨਾ ਜੰਮਦੀ ਤੂੰ ਕਿੱਥੋਂ ਵਿਆਹੀਦਾ ।' ਵਾਹ ਜੀ ! ਵਾਹ !
ਦੁਕਾਨ ਤੇ ਘਾਟਾ ਹੈ, ਪਰ ਸੱਚ ਜਾਣਨਾ 'ਮੈਂ ਤਾਂ ਕੰਬਲੀ ਨੂੰ ਛੱਡਣ ਦਾ ਢੇਰ ਜ਼ੋਰ ਲਾਇਆ। ਪਰ ਕੰਬਲੀ ਮੈਨੂੰ ਨਹੀਂ ਛੱਡਦੀ। ਹੁਣ ਗਲ ਪਿਆ ਢੋਲ ਵਜਾਣਾ ਈ ਪਏਗਾ।
ਤੇਰੀ ਕੀ ਗੱਲ ਕਰਨੀ ਹੋਈ। ਅਖੇ 'ਮੈਂ ਤੇ ਮੇਰਾ ਬੰਨਾ, ਤ੍ਰੀਆ ਆਵੇ ਤਾਂ ਮੱਥਾ ਭੰਨਾ। ਕਿਸੇ ਹੋਰ ਨਾਲ ਤੂੰ ਥੋੜ੍ਹਾ ਵੰਡ ਕੇ ਖਾਨਾ ਏਂ ?
ਬੜਾ ਲਾਲਚੀ ਏ, ਆਖਰ ਤੂੰ ਹਿੱਸਾ ਕੀ ਪਾਇਆ ਹੈ ? ਅਖੇ 'ਮੈਂ ਤੇ ਬੇਬੇ ਇਕੀ ਪਾਏ' ਤੇਰੇ ਭਰਾ ਦੇ ਹਿੱਸੇ ਵਿਚੋਂ ਤੈਨੂੰ ਕਿਵੇਂ ਦੇ ਦੇਵਾਂ ?
ਲੋਕਾਂ ਬਥੇਰੀ ਝੱਖ ਮਾਰੀ, ਪਰ ਮੈਂ ਤੇ ਤਾਬੋ ਇਕੋ, ਲੋਕ ਪਵਾਏ ਫਿੱਕੋ।
ਮੈਂ ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ। ਅੱਜ ਇਸ ਨੇ ਸ਼ਰਾਬ ਪੀਤੀ, ਕੱਲ ਜੂਆ ਕਿਉਂ ਨਾ ਖੇਡੇਗਾ।
ਓਇ ਚੰਦਰਿਆ ! ਕਿਸੇ ਵੇਲੇ ਤਾਂ ਚੰਗੀ ਗੱਲ ਮੂੰਹ ਤੋਂ ਕੱਢਿਆ ਕਰ। ਤੇਰਾ ਤਾਂ ਹਰ ਵੇਲੇ ‘ਮੂੰਹੋਂ ਬੋਲੇ ਤੇ ਹੈਂਸ ਹੀ ਤੋਲੇ' ਵਾਲਾ ਹਾਲ ਹੈ।
ਮੇਰੀ ਤਾਂ ਠਾਣੇਦਾਰ ਨੇ ਇੱਕ ਨਾ ਸੁਣੀ, ਪਰ ਸੂਬੇਦਾਰ ਦੇ ਪੁਜਦਿਆਂ ਹੀ ਕੰਮ ਰਾਸ ਹੋ ਗਿਆ। ਕਿਸੇ ਸੱਚ ਕਿਹਾ ਹੈ 'ਮੂੰਹਾਂ ਨੂੰ ਮੁਲਾਹਜੇ ਧਿਰਾਂ ਨੂੰ ਸਲਾਮ।'
ਅੱਜ ਕੱਲ ਦੀਆਂ ਸੱਸਾਂ ਤੇ ਰੱਜ ਕੇ ਰੋਟੀ ਵੀ ਨਹੀਂ ਖਾਣ ਦੇਂਦੀਆਂ ਨੂੰਹਾਂ ਨੂੰ। ਚੂੜਾ ਵੀ ਨਹੀਂ ਮੈਲਾ ਹੁੰਦਾ ਤੇ ਸੱਸੜੀਆਂ ਵਢੂੰ ਖਾਊਂ ਵਢੂੰ ਖਾਊਂ ਕਰਨ ਲਗ ਪੈਂਦੀਆਂ ਨੇ । ਹਰ ਵੇਲੇ ਬਸ ‘ਮੂੰਹ ਵਿਚ ਰੁਕਰ ਤੇ ਸਿਰ ਤੇ ਛਿੱਤਰ' ਵਾਲੀ ਗੱਲ ਹੁੰਦੀ ਰਹਿੰਦੀ ਏ।
ਸਰਦਾਰ ਜੀ ! ਉਸਦੇ ਵਿਗੜਨ ਦੇ ਅਸੀਂ ਵੀ ਜ਼ਿੰਮੇਵਾਰ ਹਾਂ, ਅਸੀਂ ਵੀ ਤਾਂ ਉਸ ਕਮੀਨੇ ਦਾ ਕਾਫੀ ਆਦਰ ਕੀਤਾ ਹੈ। ਅਖੇ 'ਮੂੰਹ ਲਾਈ ਡੂੰਮਣੀ ਗਾਵੈ ਤਾਲ ਬਿਤਾਲ।'
ਨੀਚ ਜਾਤਾਂ ਕਿਧਰੇ ਰਹੀਆਂ, ਉੱਚੀਆਂ ਜਾਤਾਂ ਨੇ ਉਹ ਉੱਦਮ ਕੀਤਾ ਹੈ ਕਿ ਇਸ ਰੋਗ ਰੂਪ ਸ਼ਰਾਬ ਖਾਨਾ ਖਰਾਬ ਨੂੰ ਵੱਡੇ ਆਦਰ ਨਾਲ ਮੂੰਹ ਲਾਇਆ । ਕਹਾਉਤ ਹੈ 'ਮੂੰਹ ਲਾਇਆ ਤੇ ਗਵਾਇਆ'।