ਉਸ ਪਾਸੋਂ ਹੋਰ ਬਦੋ ਬਦੀ ਕੰਮ ਕਰਵਾਓ, ਉਹ ਕੰਮ ਦਾ ਨਾਸ ਮਾਰ ਦੇਵੇਗਾ। ਤੁਸਾਨੂੰ ਪਤਾ ਹੀ ਹੈ ਅਖੇ 'ਰੋਂਦਾ ਘੋੜੇ ਚੜ੍ਹਾਈਏ, ਹਗ ਪਲਾਣ ਭਰੇ।'
ਇਸ ਨੂੰ ਕਦੀ ਖੁਸ਼ ਡਿੱਠਾ ਵੀ ਜੇ ? ਹਰ ਵੇਲੇ ਅਖੇ 'ਰੋਂਦੇ ਕਿਉਂ ਹੋ ? ਸ਼ਕਲ ਹੀ ਐਸੀ ਹੈ' ਬਿਨ ਕਾਰਨ ਹੀ ਕੋਈ ਸੜਿਆ ਰਹੇ ਤਾਂ ਉਸ ਦਾ ਕੀ ਇਲਾਜ ?
ਹੁੰਦੇ ਸੁੰਦੇ ਕੌਣ ਉਦਾਸ ਤੇ ਦੁਖੀ ਹੁੰਦਾ ਹੈ ? ਮੇਰਾ ਤਾਂ ਉਹ ਹਾਲ ਹੈ ਅਖੇ 'ਰੋਂਦਾ ਕਿਉਂ ਏਂ ? ਥਾਲੀ ਵਿੱਚ ਕੁਝ ਨਹੀਂ।'
ਦੌਲਤ ਤੇਰੀ ਤਾਂ ਨਹੀਂ ਤੇਰੇ ਮਾਮੇ ਦੀ ਹੈ, ਤੈਨੂੰ ਕੀ ? ਅਖੇ 'ਰੰਨ ਪਰਾਈ ਤੇ ਅੰਨ੍ਹੇ ਨੂੰ ਵੇਖ ਭਵਾਟੀ ਆਈ।'
ਕਿਤਨੇ ਚਿਰ ਤੋਂ ਇਹ ਮਾਮਲਾ ਲਮਕਿਆ ਹੀ ਜਾ ਰਿਹਾ ਸੀ, ਇਸ ਨੇ ਵਿਗੜਨਾ ਹੀ ਸੀ। ਸਿਆਣਿਆ ਨੇ ਐਵੇਂ ਤਾਂ ਨਹੀਂ ਨਾ ਕਿਹਾ ਕਿ ‘ਰੰਨ ਪਈ ਰਾਹੀਂ ਉਹ ਵੀ ਗਈ, ਗਲ ਪਈ ਸਾਲਾਹੀਂ ਉਹ ਵੀ ਗਈ।'
ਹੀਰੇ ਨੂੰ ਹੀਰਾ ਕਟਦਾ ਹੈ, ਲੋਹੇ ਨੂੰ ਲੋਹਾ। “ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖੁਦਾ ਡਰੇ।"
ਜਿਸ ਘਰ ਨੂੰ ਤ੍ਰੀਮਤ ਨੇ ਬੜੀ ਸੁਘੜਤਾ ਨਾਲ ਸੰਭਾਲਿਆ ਹੋਵੇ, ਉਸ ਨੂੰ ਮਰਦ ਕਹੀ ਨਾਲ ਭੀ ਢਾਹ ਨਹੀਂ ਸਕਦਾ। ਇਸ ਉੱਤੇ ਪੰਜਾਬੀ ਦਾ ਅਖਾਣ ਹੈ, 'ਰੰਨ ਜੱਟੀ ਹੋਰ ਸਭ ਚੱਟੀ।'
ਸ਼ੀਲਾ, ਉਸ ਦੰਭੀ ਗਿਆਨਣ ਦੀ ਕਥਾ ਬੰਦ ਕਰ। ਉਸ ਦਾ ਹੀ ਦਿਖਾਵਾ ਹੈ ਤੇ ਅੰਦਰ ਮੈਲ ਹੀ ਮੈਲ ਹੈ। 'ਰੰਨ ਗਿਆਨਣ, ਭੇਡ ਇਸਨਾਨਣ, ਲੋਈ ਖੁੰਬ ਨਾ ਹੋਈ' ਕਦੀ ਇਹੋ ਜਿਹੀਆਂ ਕਮਜ਼ਾਤਾਂ ਵੀ ਪਾਠ ਪੂਜਾ ਨਾਲ ਭਰੀਆਂ ਹਨ ?
ਕੌਣ ਜਾਣੇ ਪੀੜ ਪਰਾਈ ? ਹਰ ਕਿਸੇ ਨੂੰ ਆਪੋ ਆਪਣੀ ਪਈ ਹੈ । ਅਖੇ 'ਰੰਨ ਗਈ ਸਿਆਪੇ ਦੁਖ ਰੋਵੇ ਆਪੋ ਆਪੇ।'
ਇਸਨੂੰ ਕੀਹਦੀ ਲੱਜ ਸ਼ਰਮ ਹੈ ਜੋ ਚੁੱਪ ਕਰਕੇ ਸਹਿ ਜਾਂਦੀ। 'ਰੰਡੀ ਪਾਵੇ ਭੰਡੀ' ਇਸ ਨੇ ਵੀ ਓਹੀ ਕੰਮ ਕੀਤਾ।
ਮਕਾਨ ਤਾਂ ਪਸੰਦ ਹੈ, ਪਰ ਮੈਨੂੰ ਵੀ ਲੋੜ ਹੈ । ਭੋਲਾ ਸਿੰਘ ਨੂੰ ਕੀ ਆਖਾਂਗਾ ? ਮੇਰਾ ਤਾਂ ਇਹ ਹਾਲ ਹੈ ਅਖੇ 'ਰੰਡਾ ਗਿਆ ਕੁੜਮਾਈ, ਆਪਣੀ ਕਰੇ ਕਿ ਪਰਾਈ।'
ਸ਼ਾਹ ! ਮੈਨੂੰ ਨਾ ਡਰਾ । ਅਖੇ 'ਰੋਡੇ ਸਿਰ ਨਾ ਜੂੰ ਨਾ ਲੀਖ' ਜੋ ਜੀਅ ਆਵੇ ਕਰ ਲੈ । ਮੇਰੇ ਪਾਸ ਕੀ ਹੈ, ਜੋ ਤੂੰ ਕੁਰਕ ਕਰਵਾ ਲਏਂਗਾ ?