'ਲੰਮੇ ਦੀ ਅਕਲ ਗਿੱਟੇ ਵਿੱਚ ਹੁੰਦੀ ਹੈ'। ਇਸ ਦੀ ਗੱਲ ਉੱਤੇ ਅਮਲ ਨਾ ਕਰਨਾ। ਐਵੇਂ ਯਬਲੀਆਂ ਮਾਰਦਾ ਰਹਿੰਦਾ ਹੈ।
ਬੱਚੀ ਤੁਸੀਂ ਬੇਮੁਹਾਰੀਆਂ ਗੱਲਾਂ ਨਾਲ ਕੰਮ ਵਿਗਾੜ ਲਿਆ ਹੈ, 'ਲੰਮੀ ਜੀਭ ਤੇ ਛੇਤੀ ਮੌਤ' ਪਰ ਤੁਸੀਂ ਗੁੱਸੇ ਵਿੱਚ ਆਏ ਕਿਸੇ ਦੀ ਸੁਣਦੇ ਵੀ ਤਾਂ ਨਹੀਂ ਸੀ।
ਉਸਨੂੰ ਮਿੱਤਰਾਂ ਦਾ ਘਾਟਾ ਹੈ, ਬੇਹਯਾ ਕੁਪੱਤੀ ਨੂੰ। ਅਖੇ 'ਲੰਡੀ ਦੇ ਘਰ ਮੰਡੀ'।
ਸੀ ਕੀ ਉਸ ਪਾਸ ਗੁੰਮਣ ਜੋਗਾ ? ਅਖੇ 'ਲੰਡਿਆਂ ਮਹੀਂ ਨਾ ਗਾਈਂ, ਲੈ ਲੈ ਜਾਣ ਕਸਾਈ'। ਉਸ ਦੀਆਂ ਫੜ੍ਹਾਂ ਦੀ ਕੌਣ ਪ੍ਰਵਾਹ ਕਰਦਾ ਹੈ ?
ਨੱਥੂ ਕਾਣਾ ਆਪਣੀ ਕਰਤੂਤ ਤੋਂ ਨਾ ਟਲਿਆ। ਸੱਚ ਹੈ 'ਲੰਙੇ ਤੇ ਕਾਣੇ ਦੀ ਇਕ ਰਗ ਵਾਧੂ ਹੁੰਦੀ ਹੈ'।
ਮੈਨੂੰ ਕਾਹਦਾ ਡਰ ਏ ? ਅਖੇ 'ਲੰਙਾ ਭਾਵੇਂ ਚੋਰਾਂ ਵਿਚ ਖੇਡੇ' ਓਹਨੇ ਕਿਹੜੀ ਮੇਰੀ ਲੱਤ ਤੋੜ ਲੈਣੀ ਏਂ ?
ਹਰਨਾਮ ਤਾਂ ਕੱਖ ਭੰਨ ਕੇ ਦੂਹਰਾ ਕਰਨ ਜੋਗਾ ਨਹੀਂ, ਪਰ ਗੱਲਾਂ ਨਾਲ ਪਹਾੜ ਢਾਂਹਦਾ ਹੈ। ਉਸਦਾ ਤਾਂ ਅਖੇ 'ਲੰਙਾ ਟੱਟੂ ਲਾਹੌਰ ਦਾ ਦਾਈਆ' ਵਾਲਾ ਲੇਖਾ ਹੈ।
ਮਾਂ ਜੀ ਕਿਸੇ ਹਾਲਤ ਵਿਚ ਵੀ ਕਰਜ਼ ਨਹੀਂ ਜੇ ਚੁੱਕਣਾ, ਕਿਉਂਕਿ ਸਿਆਣੇ ਆਖਦੇ ਹਨ, 'ਲੰਘਣ ਮਿਤ੍ਰ, ਉਧਾਰ ਵੈਰੀ।'
ਮੈਨੂੰ ਜਿੰਨੀ ਲੋੜ ਸੀ ਪੈਸੇ ਦੀ, ਓਨਾ ਹੀ ਮੈਨੂੰ ਨਾ ਮਿਲਿਆ। 'ਲੋੜੀਂਦਾ ਗੁੜ ਢੀਲਾ' ਵਾਲਾ ਹਿਸਾਬ ਹੋਇਆ।
ਗਰਜ਼ ਬੜੀ ਚੀਜ਼ ਏ । ਲੋੜ ਵੇਲੇ ਗਧੇ ਨੂੰ ਪਿਉ ਆਖ ਲਈਦਾ ਹੈ। ਝਕੋ ਨਾ। ਜ਼ਰੂਰ ਮਿਲੋ।
ਇਹ ਠੀਕ ਹੈ ਕਿ 'ਲੋੜ ਦਾ ਮੁੱਲ ਨਹੀਂ” ਪਰ ਇਤਨੀ ਕੀਮਤ ਦੀ ਇਹ ਚੀਜ਼ ਨਹੀਂ।
'ਲੋੜ ਕਾਢ ਦੀ ਮਾਂ ਹੈ।' ਨਹੀਂ ਤਾਂ ਮਨੁੱਖ ਜੰਗਲਾਂ ਵਿੱਚੋਂ ਨਿਕਲਕੇ ਸ਼ਾਨਦਾਰ ਸ਼ਹਿਰਾਂ ਵਿੱਚ ਕਿਵੇਂ ਆ ਵਸਦਾ ?