ਕਰਮ ਚੰਦ ਦੀ ਕੀ ਗੱਲ ਕਰਦੇ ਹੋ। 'ਸੁੰਢ ਦੀ ਗੰਢੀ ਲੱਭੀ, ਵੱਡਾ ਪਨਸਾਰੀ ਬਣ ਬੈਠਾ !' ਚਾਰ ਪੈਸੇ ਸਹੁਰੇ ਨੇ ਦਿੱਤੇ ਹਨ ਤੇ ਹੁਣ ਆਕੜ ਆਕੜ ਕੇ ਤੁਰਦਾ ਹੈ।
ਅੱਜ ਇਹ ਮਹਿਲ ਅਤੇ ਮਾੜੀਆਂ ਵੱਡੇ ਸਰਦਾਰ ਹੁਰਾਂ ਦੇ ਨਾ ਹੋਣ ਨਾਲ ਸੁੰਞੀਆਂ ਲਗਦੀਆਂ ਹਨ। ਤੁਸੀਂ ਵੀ ਨੌਕਰੀ ਕਰਕੇ ਬਾਹਿਰ ਹੀ ਹੋਏ, ‘ਸੁੰਝੇ ਮਹਿਲ ਡਰਾਉਣੇ, ਬਰਕਤ ਮਰਦਾਂ ਨਾਲ।
'ਸੁੰਝੇ ਪਿੰਡ ਭੜੋਲਾ ਹੀ ਮਹਿਲ ਹੁੰਦਾ ਹੈ। ਇਸ ਉਜਾੜ ਵਿੱਚ ਇਹ ਬਉਲੀ ਵੀ ਕਿੰਨੀ ਖਿੱਚ ਪਾਂਦੀ ਹੈ ?
ਇਕਾਂਤ ਵਿਚ ਵੀ ਕੀ ਸੁੱਖ ਹੈ ? 'ਸੁੰਝੇ ਘਰ, ਚੋਰਾਂ ਦਾ ਰਾਜ !" ਸਾਰਾ ਦਿਨ ਲੰਮੇ ਪਏ ਰਹੀਦਾ ਹੈ। ਕੋਈ ਪੁੱਛਦਾ ਬੁਲਾਂਦਾ ਨਹੀਂ।
ਸੁੰਝੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥ ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥
ਬੱਲੇ ਬੱਲੇ, ਰਾਜ ਤਾਂ ਕਰ ਗਏ ਇਕ ਬਾਰੀ, ਸ਼ੀਂਹ ਬੱਕਰੀ ਇਕੋ ਘਾਟ ਪਾਣੀ ਪਲਾ ਦਿਤੇ, ਬਈ ਨਹੀਂ ਰੀਸਾਂ ਅੰਗਰੇਜ਼ਾਂ ਦੀਆਂ ।
ਮੈਨੂੰ ਕਿਹੜੀ ਘਾਟ ਏ, ਜੁ ਨਿੱਤ ਦਿਹਾੜੇ ਤੁਰ ਤੁਰ ਕੇ ਟੰਗਾਂ ਭੰਨਾਂ। 'ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ । ਰੁੱਖਾ ਕਿਉਂ ਖਾਂ, ਤੁਰਦੀ ਕਾਹਨੂੰ ਜਾਂ ?'
ਸ਼ੰਕਰ ਦਾਸ- ਗੋਕਲ ਚੰਦ ਜੀ ! ਤੁਸਾਡੀ ਦੋਸਤੀ ਦੀ ਵੀ ਸਮਝ ਨਹੀਂ ਆਉਂਦੀ। ਅਸਾਡੇ ਨਾਲ ਤਾਂ ਤੁਹਾਡੀ ਮਿੱਤ੍ਰਤਾਈ ਹੈ ਪਰ ਸਾਡੇ ਮੁੰਡੇ ਨਾਲ ਵੈਰ। ਸਿੰਗਾਂ ਨਾਲ ਦੋਸਤੀ ਤੇ ਦੁੰਮ ਨਾਲ ਵੈਰ' ਵਾਲੀ ਗੱਲ ਹੋਈ ਇਹ ਤਾਂ।
'ਸਾਂਵਲਿਆਂ ਦੇ ਨੈਣ ਸਾਂਵਲੇ', ਸੂਹਾ ਦੁਪੱਟਾ ਗੋਰੀ ਦਾ, ਇਕ ਰਾਂਝਾ ਮੈਨੂੰ ਲੋੜੀਦਾ।
'ਸਾਂਝੇ ਅੱਬੇ ਕਿਸ ਨੇ ਦੱਬੇ ਹਨ ? ਸਾਂਝੀ ਚੀਜ਼ ਦੀ ਕੋਈ ਸੰਭਾਲ ਨਹੀਂ ਕਰਦਾ। ਆਪਣੀ ਹੋਵੇ ਤਾਂ ਵੇਖੀਏ । ਸੁੰਢ ਜਵੈਣ ਵੀ ਲੋਕੀ ਡੱਬੀਆਂ ਵਿਚ ਪਾਕੇ ਰੱਖਦੇ ਹਨ।
ਸ਼ਾਹ— ਜੱਟ ਬਾਦਸ਼ਾਹ ਹੈ। ਜਿਸ ਦੀ ਮਦਦ ਕਰੇ, ਡੱਟ ਕੇ ਕਰਦਾ ਹੈ। 'ਸਾਂਝ ਜੱਟ ਦੀ ਜੋ ਭਵੇਂ ਨਾ, ਤੋੜਾ ਭੂਤ ਦਾ ਜੋ ਧਵੇਂ ਨਾ। ਤੁਸੀਂ ਜੱਟਾਂ ਨੂੰ ਕੀ ਸਮਝ ਰੱਖਿਆ ਹੈ ?
ਕੁੰਤੀ— ਇਹ ਗੱਲ ਸੋਲਾਂ ਆਨੇ ਸੱਚੀ ਹੈ ਕਿ 'ਸਾਈਂ ਬਾਝੋਂ ਸੌਣ ਤ੍ਰਿਹਾਈਆਂ। ਜਦ ਦੇ ਤੁਸਾਡੇ ਸੁਆਮੀ ਜੀ ਪ੍ਰਦੇਸ ਗਏ ਹਨ, ਕਿਸੇ ਨੇ ਤੁਸਾਡੇ ਵਲ ਵੱਟੀ ਨਹੀਂ ਵਾਹੀ।