ਦਿਖਾਵੇ ਨਾਲ ਕੀ ਬਣਦਾ ਹੈ, ਜੇ ਅੰਦਰੋਂ ਕੁਝ ਵੀ ਨਾ ਹੋਵੇ । 'ਆਂਦਰਾਂ ਭੁਖੀਆਂ ਤੇ ਮੁੱਛਾਂ ਤੇ ਚੌਲ'। ਕਦ ਤੀਕ ਕਿਸੇ ਨੂੰ ਧੋਖਾ ਦੇ ਸਕਦੇ ਹਨ।
ਸਾਈਂ ਲੋਕ- ਗੁਰਮੁਖ ਸਿੰਘ ਜੀ ! ਤੁਸਾਡੀ ਤਾਂ ਇਹ ਆਦਤ ਹੋ ਗਈ ਹੈ ਕਿ 'ਆਂਡੇ ਕਿਤੇ ਤੇ ਕੁੜ ਕੁੜ ਕਿਤੇ' ਸੁਖ ਵੇਲੇ ਤਾਂ ਨਾਨਕੀ ਜਾ ਵਸਦੇ ਹੋ, ਪਰ ਔਕੜ ਆ ਬਣਨ ਵੇਲੇ ਸਾਹੁਰੇ ਘਰ ਆ ਜਾਂਦੇ ਹੋ। ਇਹ ਠੀਕ ਨਹੀਂ।
ਕੁੜੀਆਂ ਮੁੰਡੇ ਅੰਦਰ ਬਾਹਰ ਆਂਦੇ ਜਾਂਦੇ ਉਸ ਨਾਲ ਕੋਈ ਨਾ ਕੋਈ ਛੇੜ ਛਾੜ ਕਰ 'ਹੀ ਜਾਂਦੇ ਸਨ । ਕਿਸੇ ਕੁੜੀ ਨੇ ਦੂਜੀ ਨੂੰ ਧੱਕਾ ਦੇ ਕੇ ਉਸ ਉਤੇ ਸੁੱਟ ਦੇਣਾ ਤੇ ਮਗਰੋਂ ਉਂਗਲਾਂ ਦਾ ਅੜਾਂਗੜਾ ਪਾ ਕੇ ਕਹਿਣ ਲੱਗ ਪੈਣਾ ‘ਆਂਗਲਾ ਤੜਾਂਗਲਾ ਪਰਾਈ ਭਿੱਟ ਕੋਈ ਨਾ' ਤੇ ਭਿੱਟਣ ਵਾਲੀ ਕੁੜੀ ਨੇ ਜ਼ਿੱਦ ਨਾਲ ਦੂਸਰਿਆਂ ਨੂੰ ਛੋਹਣ ਲਈ ਦੌੜਨਾ ।
ਲਛਮੀ ਭਜਦੀ ਭਜਦੀ ਆਈ ਤੇ ਆਪਣੀ ਭੈਣ ਪਾਸੋਂ ਥੋੜੀ ਜਿਹੀ ਬਰਾਂਡੀ ਮੰਗੀ । ਬਰਾਂਡੀ ਘਰ ਖਤਮ ਸੀ ਤੇ ਪਿੰਡ ਵਿਚੋਂ ਕਿਸੇ ਹੋਰ ਪਾਸੋਂ ਵੀ ਨਾ ਮਿਲੀ । ਮੇਰੇ ਨਾਲ ਵੀ ਅੱਜ 'ਅੰਮੂ ਭਾਲੇ ਮੇਘਲਾ, ਭੂਲੀ ਫਿਰੇ ਗਵਾਰ' ਵਾਲੀ ਗੱਲ ਹੋਈ। ਰਾਤੀਂ ਬਰਾਂਡੀ ਦੀ ਲੋੜ ਪੈ ਗਈ, ਜਿਸਦੇ ਘਰ ਜਾਵਾਂ, ਸਾਰੇ ਆਖਣ ਮੁੱਕੀ ਹੋਈ ਏ ।
ਹਮ ਅਵਗੁਣਿ ਭਰੇ ਏਕ ਗੁਣ ਨਾਹੀ ॥ ਅੰਮ੍ਰਿਤ ਛਾਡਿ ਬਿਖੈ ਬਿਖੁ ਖਾਈ ॥
ਜਿਸ ਨੇ ਸਾਚਾ ਸਿਫਤੀ ਲਾਏ ॥ ਗੁਰਮੁਖਿ ਵਿਰਲੇ ਕਿਸੇ ਬੁਝਾਏ॥ ਅੰਮ੍ਰਿਤ ਕੀ ਸਾਰ ਸੋਈ ਜਾਣੈ ॥ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥
ਕੁਲਦੀਪ ਨੂੰ ਹੋਰ ਖੁੱਲਣ ਦਾ ਮੌਕਾ ਮਿਲਿਆ ਮੇਰੇ ਘਰੋਗੀ ਕੰਮਾਂ ਵਿੱਚ ਕਿਸੇ ਨੂੰ ਦਲਾਲ ਪੈਣ ਦੀ ਲੋੜ ਨਹੀਂ । 'ਅੰਮਾਂ ਨਾਲੋਂ ਹੇਜਲੀ, ਸੋ ਫੱਫੇ ਫੁੱਟਣ ।"
ਵਰਿਆਮ- ਅਖੇ 'ਅੰਮਾਂ ਨੀ ਅੰਮਾਂ ਮੈਂ ਕਿਹੜੇ ਵੇਲੇ ਨਿਕੰਮਾ' । ਭਾਬੀ ! ਸੋ ਸਾਡਾ ਹਾਲ ਏ । ਜੇ ਵਿਹਲ ਹੋਈ ਤਾਂ ਸਗੋਂ ਬਹੁਤਾ ਕੰਮ ਹੁੰਦਾ ਏ ।
ਕਿਹਰ ਸਿੰਘ ਆਪਣੇ ਆਪ ਨੂੰ ਸਰਦਾਰ ਜੀ ਦਾ ਬੜਾ ਚਾਤਰ ਨੌਕਰ ਦੱਸਦਾ ਹੈ, ਪਰ ਉਸ ਪਾਸੋਂ ਹੁਣ ਤਾਈਂ ਕੋਈ ਕੰਮ ਤਾਂ ਰਾਸ ਨਹੀਂ ਹੋਇਆ। ਉਸਦਾ ਤਾਂ ‘ਅੰਮਾਂ ਨਾਲੋਂ ਧੀ ਸਿਆਣੀ, ਰਿੱਧੇ ਪੱਕੇ ਵਿੱਚ ਪਾਵੇ ਪਾਣੀ ਵਾਲਾ ਹਾਲ ਹੈ ।
ਇਹ ਪੰਜ ਭਰਾ ਜੇ। ਇੱਕ ਕਰਨੈਲ ਜੇ, ਦੂਜਾ ਦਲ ਦਾ ਵੱਡਾ ਅਫਸਰ, ਤੀਜਾ ਸਕੂਲ ਮਾਸਟਰ, ਚੌਥਾ ਪਟਵਾਰੀ ਤੇ ਪੰਜਵਾਂ ਕਰਮਾਂ ਦਾ ਮਾਰਿਆ ਪਕੌੜੇ ਤਲਦਾ ਹੈ। ਅੰਮਾਂ ਜਾਏ ਪੰਜ ਪੁਤ, ਕਰਮ ਨਾ ਦੇਂਦੀ ਵੰਡ।
ਆਹ ! ਵਿਚਾਰੀ ਦੇ ਭਾਗ ! ਪਤੀ ਦੇ ਚਲਾਣਾ ਕਰ ਜਾਣ ਨਾਲ ਉਸ ਦਾ ਤਾਂ ਇਹ ਹਾਲ ਹੈ ਕਿ 'ਅੰਬਰੋਂ ਡਿੱਗੀ ਧਰਤ ਪੜੁੱਛੀ । ਕਿੱਥੇ ਨਗਰ ਵਾਲੇ ਉਸਦੀਆਂ ਵਾਰਾਂ ਗਾਉਂਦੇ ਰਜਦੇ ਨਹੀਂ ਸਨ ਤੇ ਕਿੱਥੇ ਹੁਣ ਕੋਈ ਵਾਤ ਵੀ ਨਹੀਂ ਪੁਛਦਾ ।
ਸਰਦਾਰ ਮਿਲਖਾ ਸਿੰਘ ਦਾ ਘਰਾਣਾ ਬੜਾ ਹੀ ਸਾਊ ਤੇ ਭਲਾਮਾਣਸ ਸੀ, ਪਰ ਰੱਬ ਦੀ ਨੇਤ ਉਹਦਾ ਮੁੰਡਾ ਨਿਹਾਲ ਸਿੰਘ "ਅੰਬਾਂ ਵਿਚੋਂ ਅੱਕ" ਨਿਕਲ ਆਇਆ ਹੈ । ਨਲੈਕ ਨੇ ਸਾਰੀ ਪਤ ਰੋਲ ਘਤੀ ਹੈ।