ਚਾਚੇ ਨੂੰ ਵਿਹਲਾ ਨਹੀਂ ਰਹਿਣ ਦੇਣਾ, ਵਿਹਲ ਮਾੜੀ ਹੁੰਦੀ ਹੈ । ਬੰਦਾ ‘ਰੁਝਾ ਰਹੇ, ਭਾਵੇਂ ਭੁੱਖਾ ਰਹੇ।'
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ । ਫਰੀਦਾ ਦੇਕਿ ਪਰਾਈ ਚੋਪੜੀ ਨ ਤਰਸਾਏ ਜੀਉ ।
ਜਮਨਾ ਦੇ ਮੁੰਡੇ ਕੁੜੀਆਂ ਤਾਂ ਚੰਗੇ ਹਨ, ਪਤਾ ਨਹੀਂ ਆਪ ਕਿਹੋ ਜਿਹੀ ਹੈ ? ਸਹੇਲੀ-'ਰੁੱਖ ਫਲ ਤੋਂ ਪਛਾਣਿਆਂ ਜਾਂਦਾ ਹੈ।' ਆਪ ਵੀ ਚੰਗੀ ਹੀ ਹੋਣੀ ਏ।
ਇਕ ਮੁੰਡੇ ਦਾ ਝੱਗਾ ਸੁਆਓ, ਤਾਂ ਦੂਜਾ ਕੋਟ ਲੈਣ ਲਈ ਜ਼ਿੱਦ ਕਰਦਾ ਹੈ। ਮੈਂ ਕਿੱਥੋਂ ਲਿਆਵਾਂ ? 'ਰੀਸੀਂ ਪੁੱਤ ਨਾ ਜੰਮਦੇ ਹੋਰ ਸਭੇ ਗੱਲਾਂ।'
ਰੀਸਾਂ ਕਰਹਿ ਤਿਨਾੜੀਆਂ ਜੋ ਸੇਵਹਿ ਦਰੁ ਖੜੀਆਹ । ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ।
ਅਰਾਈਂ ਨਿਰੇ ਮਿਹਨਤੀ ਕਾਮੇ ਹੀ ਨਹੀਂ, ਸਾਊ ਵੀ ਬੜੇ ਹਨ । ਮਾਲਕ ਦੇ ਸਾਹਮਣੇ ਚੂੰ ਨਹੀਂ ਕਰਦੇ । ਸੱਚ ਹੈ, 'ਰਈਅਤ ਰਾਈਂ ਤੇ ਮਾਲ ਗਾਈ'।
ਭੋਲੂ, ਕਮਾਂਦਾ ਹੈ ਤੇ ਹਰ ਗੱਲ ਮਨਾਂਦਾ ਹੈ । 'ਰਿਜ਼ਕ ਚੌਹਾਂ ਪੱਟਾਂ ਦੀ ਚਾਦਰ ਹੈ' ਸਿਆਣਿਆਂ ਨੇ ਸੱਚ ਹੀ ਆਖਿਆ ਹੈ।
ਕੀ ਕਰੀਏ ਬੱਚੀ, ਰਿਜਕ ਦੇ ਧੱਕੇ ਹੋਏ ਦੇਸ ਪਰਦੇਸ ਟੱਕਰਾਂ ਮਾਰਨੀਆਂ ਪੈਂਦੀਆਂ ਨੇ । ਅਖੇ 'ਰਿਜਕ ਵਿਹੂਣੇ ਆਦਮੀ ਤੇ ਗਏ ਮੁਹੱਬਤਾਂ ਤੋੜ।'
ਹੈਡਮਾਸਟਰ ਸਾਹਿਬ, ਤੁਸੀਂ ਕਹਿੰਦੇ ਹੋ ਬਾਲਾਂ ਨੂੰ ਮਾਰੋ ਨਾ, ਪਰ ਇਹ ਕਰੜਾਈ ਬਿਨਾਂ ਕਾਬੂ ਨਹੀਂ ਆਉਂਦੇ । ਸਿਆਣਿਆਂ ਨੇ ਐਵੇਂ ਤਾਂ ਨਹੀਂ ਕਿਹਾ, 'ਰਿਛ, ਬਾਲ, ਕਲੰਦਰ ਨਾ ਹੁੰਦੇ ਅੰਦਰ'।
ਤੁਹਾਨੂੰ ਕੀ ਪਤਾ ? 'ਰਿੱਛ ਦਾ ਘੋਲ ਕਲੰਦਰ ਜਾਣੇ' ਐਨੇ ਗੈਰੇ ਨੂੰ ਅਸੀਂ ਹੀ ਸਿੱਧਾ ਕਰ ਸਕਦੇ ਹਾਂ।
ਕੰਵਰ- ਅਸੀਂ ਘਰੋਂ ਰਤਾ ਚਿਰਾਕੇ ਤੁਰੇ ਸਾਂ, ਕਈਆਂ ਨੂੰ ਰਾਹ ਵਿਚ ਛੱਡ ਅੱਗੇ ਵਧੀ ਗਏ, ਪਰ ਮੀਂਹ ਨੇ ਸਭ ਇਕੱਠੇ ਕਰ ਦਿੱਤੇ ਇਉਂ 'ਰਿਹਾਂ ਖਿਹਾਂ ਦਾ ਪਤਨ ਮੇਲਾ' ਵਾਲਾ ਲੇਖਾ ਹੋ ਗਿਆ।
ਮੁਲਕ ਵਿੱਚ ਅਸੰਤੁਸ਼ਟਤਾ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਜਿਨ੍ਹਾਂ ਹੱਥ ਹਕੂਮਤ ਆ ਜਾਂਦੀ ਹੈ ਉਨ੍ਹਾਂ ਨੂੰ ਰਾਜ ਕਰਨ ਦਾ ਤੇ ਰਾਜ ਭਾਗ ਚਲਾਣ ਦਾ ‘ੳ, ਅ’ ਵੀ ਨਹੀਂ ਆਉਂਦਾ । ਗੱਲ ਵੀ ਠੀਕ ਹੈ ‘ਰਾਵਲ ਕੀ ਜਾਣੇ ਚਾਵਲਾਂ ਦਾ ਭਾ'।