ਹਰ ਕੋਈ ਜਿਵੇਂ ਚਾਹੁੰਦਾ ਹੈ ਤੈਨੂੰ ਵਰਤ ਲੈਂਦਾ ਹੈ ਇਹ ਕੀ ਹੋਇਆ ਕਿ ਬੰਦਾ ਬਣੇ, ਰਬੜ ਦਾ ਫੀਤਾ ਜਿਸ ਖਿਚਿਆ ਲੰਮਾ ਕੀਤਾ।
ਧਨੂੰ ਨੂੰ ਤੂੰ ਜਾਣਦਾ ਹੀ ਹੈਂ ਜਿਹੋ ਜਿਹਾ ਅਕਲ ਦਾ ਕੋਟ ਏ ? ਰੰਨ ਵੀ ਉਸਨੂੰ ਆਪਣੇ ਵਰਗੀ ਹੀ ਮਿਲੀ ਏ। 'ਰੱਬ ਬਣਾਈ ਜੋੜੀ, ਇਕ ਅੰਨਾ ਤੇ ਇਕ ਕੋਹੜੀ' ਵਾਲਾ ਹਿਸਾਬ ਹੋਇਆ ਏ।
ਵੇ ਲੋਕੋ ! ਮੈਂ ਰੱਜ ਕੇ ਦੁਖੀ ਜੇ। ਇਹ ਗ਼ੁਲਾਮੀ ਨਹੀਂ ਕੱਟੀ ਜਾਂਦੀ। ਮੈਂ ਤਾਂ ਹਰ ਵੇਲੇ ਇਹੀ ਖ਼ੈਰ ਮੰਗਦੀ ਹਾਂ 'ਰੱਬ ਪਰਾਏ ਹੱਥੀਂ ਗੰਦਗੀ ਭੀ ਨਾ ਸੁਟਾਏ।'
ਸ਼ੈਤਾਨ ਪਾਲਾ ਸਿੰਘ ਦੀ ਗੱਲ ਦਾ ਸਾਊ ਬਚਨ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਤੇ ਦੇਂਦਾ ਵੀ ਕੀ ? ਜਿੱਥੇ ‘ਰੱਬ ਨੇੜੇ ਕਿ ਘਸੁੰਨ' ਵਾਲੀ ਥਾਂ ਹੋਵੇ।
ਦੁਖ ਪਾਣ ਵਿੱਚ ਤਾਂ ਤੇਰਾ ਆਪਣਾ ਕਸੂਰ ਏ । ਤੂੰ ਸੰਕੋਚ ਨਾਲ ਧੰਨ ਵਰਤਦੀ । ਤੈਨੂੰ ਪਤਾ ਹੋਣਾ ਚਾਹੀਦਾ ਸੀ ਕਿ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ' ਦਾ ਲੇਖਾ ਠੀਕ ਨਹੀਂ।
ਪ੍ਰੋ: ਵਰਿਆਮ ਸਿੰਘ ਤਾਂ ਇਥੋਂ ਤਕ ਜੱਟਕੀ ਗਲ ਕਹਿੰਦੇ ਹਨ ਕਿ ਮਜ਼ਹਬ ਵੀ ਭੁੱਖ ਦੀ ਕਾਢ ਹੈ। ਰੱਬ ਦੀਆਂ ਰੱਬ ਜਾਣੇ।
ਤੇਰਾ ਦੱਸਿਆ ਹੋਇਆ ਦਾਰੂ ਖੂਬ ਚਲ ਗਿਆ ਤੇ ਉਸ ਨੇ ਉਨ੍ਹਾਂ ਸਾਰੀਆਂ ਨੂੰ ਬਾਵੇ ਮੰਨੀ ਦੀ ਕੁੱਲੀ ਅੱਗੇ ਬੈਠੀਆਂ ਨੂੰ ਆਪਣੀ ਅੱਖੀਂ ਜਾ ਡਿੱਠਾ । ਬਸ ਫੇਰ ਕੀ ਸੀ ? ਰੱਬ ਦਏ ਤੇ ਬੰਦਾ ਸਹੇ। ਸ਼ਕੁੰਤਲਾ ਦੀ ਉਹ ਗਤ ਬਣੀ, ਉਹ ਪੋਲੇ ਪਰਸ਼ਾਦੇ ਖੜਕੇ ਕਿ ਰਹੇ ਰੱਬ ਦਾ ਨਾਂ ।
ਪੰਡਤ ਜੀ, ਸੱਚ ਤਾਂ ਇਹ ਹੈ 'ਰੱਬ ਗੰਜੇ ਨੂੰ ਨਹੁੰ ਨਾ ਦੇਵੇ' ਨਾ ਹੋਛੇ ਨੱਥੂ ਰਾਮ ਪਾਸ ਪੈਸਾ ਆਉਂਦਾ, ਨਾ ਉਹ ਵਿਗੜਦਾ।
ਰਤਨਾ ਪਾਰਖੁ ਜੇ ਹੋਵੈ ਸੁ ਰਤਨਾ ਕਰੇ ਵੀਚਾਰੁ ॥ ਰਤਨਾ ਸਾਰ ਨਾ ਜਾਣਈ ਅਗਿਆਨੀ ਅੰਧੁ ਅੰਧਾਰੁ ॥
ਸਰਦਾਰ ਜੀ, ਤੁਸਾਂ ਤਾਂ ਨਾਈ ਨੂੰ ਰਜਾ ਰਜਾ ਵਿਗਾੜ ਦਿੱਤਾ। ਉਸ ਵੱਲੋਂ ਰਤੀ ਹੱਥ ਖਿੱਚੋ । ਸਿਆਣਿਆਂ ਦਾ ਕਹਿਣਾ ਹੈ, 'ਰੱਜੇ ਕੰਮ ਨਾ ਆਉਂਦੇ ਨਾਈ, ਕੁੱਤੇ, ਬਾਜ।'
ਮਹਿੰ ਰੱਜੀ ਹੋਈ ਵੀ ਵਿਘੇ ਦਾ ਉਜਾੜਾ ਕਰ ਦਿੰਦੀ ਹੈ । 'ਰੱਜੀ ਮਹਿੰ ਤੇ ਵਿਘੇ ਦਾ ਉਜਾੜਾ' ਵਾਲੀ ਗੱਲ ਹੋਈ ਇਹ ਤਾਂ। ਬਿਨਾਂ ਜ਼ਰੂਰਤ ਤੋਂ ਜੇ ਉਸ ਨੇ ਇਉਂ ਕਰਨਾ ਸੀ ਤਾਂ ਜ਼ਰੂਰਤ ਵੇਲੇ ਪਤਾ ਨਹੀਂ ਕੀ ਕਰਦਾ ?
ਜਾਤ ਕੁਜਾਤ ਤਾਂ ਅੱਜ ਕੱਲ ਪੈਸੇ ਨਾਲ ਪਛਾਣੀ ਜਾਂਦੀ ਹੈ । 'ਰੱਜਿਆ ਰਾਜਪੂਤ ਤੇ ਭੁੱਖਾ ਰੰਘੜ' ਅਸਲ ਨਸਲ ਨੂੰ ਕੌਣ ਵੇਖਦਾ ਹੈ ?