ਜਿਉਂ ਜਿਉਂ ਵਾਹ ਪੈਂਦੇ ਹਨ, ਜਗਤ ਵਿੱਚ ਕਪਟ ਹੀ ਕਪਟ ਹੁੰਦਾ ਹੈ। ਫਿਰ ਤਬੀਅਤ ਬਦਲ ਜਾਂਦੀ ਹੈ। ਲੂਣ ਦੀ ਖਾਣ ਵਿੱਚ ਹੋਰ ਸ਼ੈ ਲੂਣ ਜਿਕੂੰ ਹੋ ਜਾਂਦਾ ਹੈ ਤਿਕੂੰ ਆਪ ਹੋ ਜਾਈਦਾ ਹੈ।
ਲਛਮੀ ਪਾਸੋਂ ਪੈਸੇ ਦੀ ਆਸ ਰੱਖਣੀ ਹੀ ਭੁੱਲ ਸੀ। ਕਦੀ ‘ਲੁਧੜਾਂ ਦੇ ਘਰ ਬੇਹਾ' ਰਿਹਾ ਹੈ ?
ਪੁੱਤਰਾ ਹੋਸ਼ ਕਰ, 'ਲੀਹੇ ਲੀਹੇ ਗਾਡੀ ਚਲੇ, ਕੁਲੀਹੀਂ ਚਲੇ ਕਪੂਤ' ਵੱਡਿਆਂ ਦਾ ਰਾਹ ਨਾ ਛੱਡ, ਨਹੀਂ ਤਾਂ ਦੁੱਖ ਪਾਏਂਗਾ।
'ਲਿਖੇ ਮੂਸਾ ਤੇ ਪੜ੍ਹੇ ਖੁਦਾ' ਵਾਲੀ ਗੱਲ ਹੈ। ਮੈਥੋਂ ਤਾਂ ਪੜ੍ਹਿਆ ਨਹੀਂ ਜਾਂਦਾ।
ਯੂਸਫ ਜਿਹਾਂ ਨੂੰ ਪੈਣ ਕਜ਼ੀਏ, ਹੈਂ ਤੂੰ ਕੌਣ ਵਿਚਾਰੇ । ਲਿਖੀ ਕਲਮ ਕਦੀ ਨਾ ਮਿਟਈ, ਰੱਬ ਰੱਖੇ ਰੱਬ ਮਾਰੇ।
ਅੱਧੀ ਰਾਤੀਂ ਚੜ੍ਹੀਆਂ ਖਿਤੀਆਂ, ਸਜਣ ਵਲ ਮੈਂ ਲਿਖਾਂ ਚਿਠੀਆਂ । ਲਿਖਾਂ ਸਿੱਧੀਆਂ, ਹੋਵਣ ਪੁੱਠੀਆਂ, ਖੁਦਾ ਜਾਣੇ ਕੇ ਮਰ ਮੁਕੀਆਂ।
ਲਾਲ ਗੋਦੜੀ ਵਿਚ ਲੁਕਾਇਆਂ ਥੋੜਾ ਲੁਕਣਾ ਸੀ, ਅਖੀਰ ਇਕ ਦਿਨ ਉਸ ਦੀ ਸ਼ੁਹਰਤ ਲਾਗੇ ਸਾਰਿਆਂ ਨੂੰ ਪਤਾ ਲੱਗ ਗਈ। ਤੇ ਲੋਕੀਂ ਉਸ ਨੂੰ ਅੱਖਾਂ ਤੇ ਚੁੱਕੀ ਫਿਰਨ।
ਭੈਣ ਤੈਨੂੰ ਸਮਝਾ ਰਹੀ ਸਾਂ, ਕਿ ਪੁੱਤ ਨਾਲ ਬਾਹਲਾ ਲਾਡ ਨਾ ਕੀਤਾ ਕਰ ਵਿਗੜ ਜਾਵੇਗਾ । ਪਰ ਤੂੰ ਇਕ ਨਾ ਸੁਣੀ। ਸਿਆਣਿਆਂ ਨੇ ਐਵੇਂ ਤਾਂ ਨਹੀਂ ਆਖਿਆ 'ਲਾਡ ਲਡਾਵੇ, ਪੁਤ ਵੰਜਾਵੇ ।'
ਬੋਲ-ਬਾਣੀ ਨਾ ਸਹੀ, ਪਰ ਅਕਸਰ ਨੂੰ ਤਾਂ ਭਰਾ ਭਰਾ ਹੀ ਹਨ। ਲਾਠੀ ਮਾਰਿਆਂ ਪਾਣੀ ਦੋ ਨਹੀਂ ਹੁੰਦੇ।
ਤੁਸਾਂ ਤਾਂ ਪੈਸੇ ਖਰਚ ਕਰ ਲਏ, ਪਰ ਮੇਰੇ ਬੂਟ ਤਾਂ ਚਾਰ ਦਿਨ ਨਹੀਂ ਹੰਢੇ। 'ਲਾਗੀਆਂ ਲਾਗ ਲੈ ਲੈਣਾ ਏ, ਪਰਾਈ ਧੀ ਭਾਵੇਂ ਘਰ ਜਾਂਦਿਆਂ ਈ ਰੰਡੀ ਬਹਿ ਜਾਏ'। ਇਹ ਕਿਹਾ ਵਪਾਰ ਏ ?
ਲਾਗੀ ਹੋਇ ਸੁ ਜਾਨੈ ਪੀਰ । ਰਾਮ ਭਗਤਿ ਅਨੀਆਲੇ ਤੀਰ।
ਲਾਖ ਕਰੋਰੀ ਬੰਧੁ ਨ ਪਰੈ। ਹਰਿ ਕਾ ਨਾਮ ਜਪਤ ਨਿਸਤਰੈ ।