ਨਿਰਾ ਦਿਖਲਾਵਾ ਹੈ ਇਨ੍ਹਾਂ ਦਾ ਇਹ ਸਭ ਕੁਝ, ਅਸਲੀਅਤ ਤੁਹਾਨੂੰ ਭੀ ਪਤਾ ਹੈ ਤੇ ਸਾਥੋਂ ਭੀ ਗੁੱਝੀ ਨਹੀਂ। 'ਲਾਹੌਰ ਦੇ ਸ਼ੁਕੀਨ ਤੇ ਬੋਝੇ ਵਿੱਚ ਗਾਜਰਾਂ' ਵਾਲੀ ਗੱਲ ਹੈ ਸਾਰੀ।
ਜੀ, ਲਾਹੌਰ ਵਿੱਚ ਕੀ ਰੱਖਿਆ ਹੈ। ਮਿੱਟੀ ਹੀ ਉੱਡਦੀ ਹੈ। ਸੁਣਿਆ ਨਹੀਂ ਤੁਸਾਂ 'ਲਾਹੌਰ ਦਾ ਗਰਦਾ, ਪਿਸ਼ੌਰ ਦਾ ਸਰਦਾ।'
ਬਾਬਰ ਦੇ ਹੱਲੇ ਵੇਲੇ ਲਾਹੌਰ ਨਾਲ ਕੀ ਕੀ ਨਹੀਂ ਬੀਤੀ ? ਗੁਰਵਾਕ ਹੈ :-- ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥
ਮੈਂ ਤਾਂ ਕੇਵਲ ਇਹੋ ਵੇਖਣਾ ਚਾਹੁੰਦਾ ਹਾਂ ਕਿ ਇਹ ਕਿੱਥੋਂ ਕੁ ਤਕ ਝੂਠ ਤੇ ਠੱਗੀ ਨਾਲ ਮੈਨੂੰ ਦਬਾ ਸਕਦੇ ਹਨ, ਮਗਰੋਂ ਮੇਰਾ ਰਸਤਾ ਸਾਫ਼ ਤੇ ਸਿੱਧਾ ਹੈ। 'ਲਾਹ ਲਈ ਲੋਈ ਤੇ ਕੀ ਕਰੇਗਾ ਕੋਈ।'
ਸੁਖੀ ਰਹਿਣ ਲਈ ਇਹ ਵੀ ਜ਼ਰੂਰੀ ਹੈ ਕਿ ਯੋਗ ਪੁਰਸ਼ ਨਾਲ ਹੀ ਪ੍ਰੇਮ ਜਾਂ ਵਰਤੋਂ ਵਿਹਾਰ ਕਰੋ । ਘਟੀਆ ਤੇ ਨੀਚ ਪੁਰਸ਼ ਨਾਲ ਤਾਂ ਵੈਰ ਵੀ ਕਰਨਾ ਆਪਣੀ ਹੀ ਪੱਗ ਲਹਾਉਣੀ ਹੈ। ਸਿਆਣੇ ਇਸੇ ਲਈ ਆਖਦੇ ਹਨ, 'ਲਾਇਕ ਨਾਲ ਕੀਜੇ, ਵੈਰ, ਵਿਹਾਰ, ਪ੍ਰੀਤ।
ਇਹ ਚੰਗੀ ਗੱਲ ਹੋਈ, ਕੰਮ ਤਾਂ ਕਰਦੇ ਮਰ ਗਏ ਕਲਰਕ ਤੇ ਨਾਮਣਾ ਖੱਟ ਗਿਆ ਅਫਸਰ । ਸਿਆਣਿਆਂ ਨੇ ਠੀਕ ਹੀ ਆਖਿਆ ਹੈ ਪਈ 'ਲੜੇ ਫੌਜ ਤੇ ਨਾਂ ਸਰਦਾਰ ਦਾ।'
ਮਾਨੋ ਤੇ ਭਾਗੋ ਲੜ ਪਈਆਂ, ਪਰ ਭਾਗੋ ਨੇ ਸੀਤੇ ਨਾਲ ਜਾ ਟੱਕਰ ਲਈ। ਉਹ ਹੈਰਾਨ ਹੋ ਬੋਲੀ, ਭੈਣ 'ਲੜੀ ਘੁਮਿਆਰ ਨਾਲ, ਕੰਨ ਮਰੋੜੇ ਖੋਤੇ ਦੇ' ਇਹ ਕੀ ?
ਤੁਸਾਨੂੰ ਕਿਹਾ ਸੀ, ਲੰਮੀਆਂ ਵਿਚਾਰਾਂ ਵਿੱਚ ਨਾ ਪਵੋ 'ਲੜਾਈ ਤੇ ਕੁੜਮਾਈ ਦੇ ਢਾਈ ਫੱਟ ਹੁੰਦੇ ਨੇ' ਪਰ ਤੁਸੀਂ ਪਰਵਾਹ ਨਾ ਕੀਤੀ ਤੇ ਢਿੱਲ ਨਾਲ ਕੰਮ ਵਿਗੜ ਗਿਆ।
ਨਵਿੰਦਰ ਦਾ ਕੀ ਕਹਿਣਾ ਹੈ, ਬੜਾ ਹੀ ਦਲੇਰ ਜੇ ! ਉਹ ਤਾਂ ਸਦਾ ‘ਲੜਦਿਆਂ ਦੇ ਪਿੱਛੇ ਤੇ ਭਜਦਿਆਂ ਦੇ ਅੱਗੇ' ਰਹਿਣਾ ਚਾਹੁੰਦਾ ਹੈ।
ਉਨ੍ਹਾਂ ਦੀ ਲੜਾਈ ਵਿੱਚ ਮਾਰਿਆ ਗਿਆ ਗ਼ਰੀਬ ਰਤਨੁ । ‘ਲੜ ਮੋਇ ਜੋਗੀ, ਖਪਰਾਂ ਦਾ ਹਾਣ' ਵਾਲੀ ਗੱਲ ਹੋ ਗਈ।
ਗੁਣੀ ਸਦਾ ਦੂਜਿਆਂ ਨੂੰ ਵੀ ਸੁਖੀ ਕਰਦਾ ਹੈ, ਆਪ ਵੀ ਸੁਖੀ ਰਹਿੰਦਾ ਹੈ। ਪਰ ਕੁਪੱਤੇ ਨੂੰ ਸਭੇ ਲਾਹਨਤਾਂ ਹੀ ਪਾਂਦੇ ਹਨ। ਅਖੇ 'ਲਵੇਰੀ ਗਾਈਂ ਦੁੱਧ ਚੁਆਣ, ਫਰੜ ਗਾਂਈ ਲੱਤਾਂ ਭਨਾਣ।'
ਕੁਦਰਤ ਦੇ ਰੰਗ, ਜਿਨ੍ਹਾਂ ਨੂੰ ਚਾਹ ਸੀ ਬਾਦਸ਼ਾਹੀ ਦੀ, ਉਹ ਖਾਲੀ ਰਹਿ ਗਏ ਤੇ ਉਸ ਅਖਾਵਤ ਵਾਂਗ 'ਲਲੂ ਕਰੇ ਵਲੱਲੀਆਂ ਰੱਬ ਸਿੱਧੀਆਂ ਪਾਵੇ' ਅੰਗ੍ਰੇਜ਼ ਤਿਜਾਰਤ ਦੀ ਥਾਂ ਲੱਭਦੇ ਹਿੰਦੁਸਤਾਨ ਦੇ ਮਾਲਕ ਬਣ ਗਏ।