ਗੱਲ ਬੜੀ ਮੁਸ਼ਕਲ ਏ। ਉਸ ਨੂੰ ਇਸ ਭੈੜੀ ਵਾਦੀ ਤੋਂ ਕਿਵੇਂ ਮੋੜਿਆ ਜਾਇ। 'ਲਖ ਸਬੂਣਾ ਜੇ ਲਗੇ, ਕਾਲੇ ਕਦੇ ਨਾ ਹੋਵਨ ਬਗੇ' ਵਾਲੀ ਗੱਲ ਹੈ ਉਸ ਨਾਲ ਤਾਂ।
ਅਸੀਂ ਖੁਸ਼ ਹਾਂ ਕਿ ਪ੍ਰੋਫੈਸਰ ਸਾਹਿਬ ਨੇ ਕਈ ਹੋਰਨਾਂ ਲਿਖਾਰੀਆਂ ਵਾਂਗ ਲਕੀਰ ਦੀ ਫਕੀਰੀ ਨਹੀਂ ਕੀਤੀ। ਬਲਕਿ ਇਕ ਵਿਦੇਸ਼ੀ ਖ਼ਿਆਲ ਨੂੰ ਦੇਸੀ ਬਣਤਰ ਪੁਆ ਕੇ ਬਿਲਕੁਲ ਦੇਸੀ ਬਣਾ ਕੇ ਲਿਖ ਦਿੱਤਾ।
ਬੇਟਾ ! ਚੰਗਿਆਂ ਦੀ ਸੰਗਤ ਕੀਤਾ ਕਰੋ। ਲੱਕੜੀ ਨਾਲ ਲੋਹਾ ਭੀ ਤਰ ਜਾਂਦਾ ਹੈ।
ਰਾਮੇਸ਼੍ਵਰ ਬੜਾ ਗੁਣੀ ਤੇ ਵਿਦਵਾਨ ਸੀ। ਹਰ ਵੇਲੇ ਕਿਸੇ ਨਾ ਕਿਸੇ ਸ਼ੁਭ ਕੰਮ ਵਿੱਚ ਲੱਗਾ ਰਹਿੰਦਾ, ਪਰ ਮਸਾਂ ਚਾਲੀ ਵਰ੍ਹਿਆਂ ਦੀ ਉਮਰ ਭੋਗ ਤੁਰ ਗਿਆ । ਠੀਕ ਹੈ 'ਲੱਕੜੀ ਖਾਧੀ ਘੁਣੇ ਤੇ ਆਦਮੀ ਖਾਧਾ ਗੁਣੇ।'
ਕੰਮ ਤਾਂ ਬੜਾ ਔਖਾ ਸੀ, ਪਰ ਸਰਦਾਰ ਹੁਰਾਂ ਦੀ ਸਿਆਣਪ ਨੇ ਠੀਕ ਕਰ ਦਿੱਤਾ। ਠੀਕ ਹੈ, ‘ਲੱਕੜ ਭਾਵੇਂ ਵਿੰਗੀ ਹੋਵੇ, ਤਰਖਾਣ ਸਿੱਧਾ ਚਾਹੀਦਾ ਹੈ।'
ਜੀ, ਬੰਦਾ ਕੰਮ ਲਈ ਤਿਆਰ ਹੋਵੇ ਸਹੀ, ਉਹਦੇ ਹੋਣ ਵਿੱਚ ਦੇਰੀ ਨਹੀਂ ਲਗਦੀ। 'ਲੱਕ ਬਧਾ ਅਰੋੜਿਆਂ ਮੁੰਨਾ ਕੋਹ ਲਾਹੌਰ'।
ਚਲ ਨਾ ਸਹੀ । ਬਿਗਾਨੇ ਪੁੱਤਰ ਉੱਤੇ ਥੋੜਾ ਜ਼ੋਰ ਹੁੰਦਾ ਹੈ । ਸੱਚ ਕਹਿੰਦੇ ਨੇ 'ਲਹੂ ਸੋ ਲਹੂ, ਪਾਣੀ ਸੋ ਪਾਣੀ।"
ਬਸ ਫੇਰ ਕੀ ਸੀ, ਲੱਸੀ ਤੇ ਲੜਾਈ ਦਾ ਵਧਾਣਾ ਕੋਈ ਮੁਸ਼ਕਲ ਤਾਂ ਹੁੰਦਾ ਹੀ ਨਹੀਂ। ਦੇਖਾ ਦੇਖੀ ਵਿੱਚ ਉਹ ਗੁੱਥਮ ਗੁੱਥਾ ਹੋ ਗਏ। ਅਸੀਂ ਬਥੇਰਾ ਛੁਡਾਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਤਾਂ ਮਿੰਟਾਂ ਸਕਿੰਟਾਂ ਵਿੱਚ ਡਾਂਗਾਂ ਨਿਕਲ ਆਈਆਂ।
ਲਸਣ ਲੁਕਾਇਆਂ ਨਾ ਲੁਕੇ ਬਹਿ ਖਾਜੈ ਕੂਣੇ। ਕਾਲਾ ਕੰਬਲ ਊਜਲਾ ਕਿਉਂ ਹੋਇ ਸਾਬੂਣੇ।
ਬਹੁਤੇ ਮੁੱਲ ਦੀ ਚਿੰਤਾ ਨਾ ਕਰ, ਜੇ ਸੌਦਾ ਬਣਦਾ ਹੈ ਤਾਂ ਬਣਾ ਲੈ । ਜ਼ਮੀਨ ਇਹੋ ਜਿਹੀ ਮੁੜ ਹੱਥ ਨਹੀਂ ਆਇਗੀ । ਸਿਆਣਿਆਂ ਐਵੇਂ ਨਹੀਂ ਆਖਿਆ 'ਲਸ ਜ਼ਮੀਨ ਹੈ ਬਹੁਤ ਸੁਹਾਣੀ, ਮਲਹਰ ਮੀਂਹ ਨਾ ਮੰਗੇ ਪਾਣੀ।'
ਤੇਰੇ ਪਾਸ ਪੈਸੇ ਹੋਣ ਤਾਂ ਬੇਸ਼ਕ ਇਸ ਦੀ ਸਹਾਇਤਾ ਕਰ। ਪਰ ਕਿਸੇ ਤੋਂ ਸੂਦੀ ਕਰਜ਼ਾ ਚੁੱਕ ਕੇ ਇਸ ਨੂੰ ਉਧਾਰ ਦੇਣਾ ਚੰਗਾ ਨਹੀਂ । ਕਿਉਂ ਜੁ 'ਲਏ ਉਧਾਰਾ ਦਏ ਉਧਾਰਾ ਉਹ ਵੀ ਸ਼ਾਹ ਨਿਖੁੱਟਣਹਾਰਾ ।'