ਵੇਖੋ ਨੀ, ਲਾਜ ਵਲ, ਮੁੰਡਾ ਤਾਂ ਇਸਦੀ ਭੈਣ ਦੀ ਨਨਾਣ ਦੇ ਹੋਇਆ ਤੇ ਖੁਸ਼ੀ ਦੇ ਅਡੰਬਰ ਇਹ ਰਚਣ ਲੱਗੀ। ਅਖੇ 'ਵਿਆਹ ਨਾਈਆਂ ਤੇ ਛਿੰਜ ਭਰਾਈਆਂ', ਵਿਆਹ ਜੋਗੇ ਕੇ ਅੜਾਟ ਭੋਗੇ ਕੇ।
ਨਾ ਭਾਈ, ਇਉਂ ਨਾ ਆਖ, ਕਈ ਵਾਰੀ ਵਾਲ ਨਾਲ ਪਹਾੜ ਬੱਧਾ ਹੋਇਆ ਹੁੰਦਾ ਹੈ । ਕੀ ਜਾਣੀਏ, ਕੱਖ ਦੇ ਉਹਲੇ ਲੱਖ ਲੁਕਿਆ ਹੋਵੇ।
ਤਿਆਗ ਦੀ ਤਲਵਾਰ ਮਿਆਨ ਵਿੱਚ ਧੂਹ ਕੇ ਬਿਜਲੀ ਦੀ ਤਰ੍ਹਾਂ ਚਮਕਾਈ ਅਤੇ ਖੱਬੇ ਵਿਚ ਗੁਰਸ਼ਬਦ ਦੀ ਢਾਲ ਲੈਕੇ ਪੈਂਤਰਾ ਬਦਲ ਲਿਆ ਅਤੇ ਕਹਿਣ ਲੱਗਾ, ਸੂਰਮਤਾਈ ਹੈ ਤਾਂ ਆਓ ਨਿਤਰੋ 'ਵਾਰ ਕਰੋ ਅਰ ਵਾਰ ਖਾਓ।'
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ।
ਅੱਜ ਕਿਤਨੇ ਦਿਨਾਂ ਮਗਰੋਂ ਪਾਣੀ ਲਾਉਣ ਦੀ ਵਾਰੀ ਆਈ ਸੀ, 'ਵਾਰੀ ਆਈ ਬਾਬੇ ਦੀ ਸੂਤਲੜ ਘੜੰਮ' ਵਾਲਾ ਲੇਖਾ ਬਣਿਆ । ਦੱਸਦੇ ਨੇ ਕਿ ਪਿਛਾਂਹ ਤੋਂ ਮੋਘੇ ਦਾ ਮੂੰਹ ਟੁੱਟ ਗਿਆ ਹੈ।
ਜੀ ‘ਵਾਹੀ ਉਹਦੀ ਜੀਹਦੇ ਘਰ ਦੇ ਢੱਗੇ'। ਮੈਂ ਨੌਕਰਾਂ ਚਾਕਰਾਂ ਦੇ ਹਵਾਲੇ ਵਪਾਰ ਕਰ ਦਿੱਤਾ ਸੋ ਉਜੜ ਗਿਆ।
ਕਿਸਾਨ- ਬਾਬਾ ! ਹਨੇਰ ਹੈ ਹਨੇਰ, ਅਸੀਂ ਕੰਮ ਕਰਨ ਵਾਲੇ ਤਾਂ ਭੁੱਖੇ ਮਰ ਰਹੇ ਹਾਂ ਤੇ ਜਗੀਰਦਾਰ ਬੁੱਲੇ ਲੁੱਟ ਰਹੇ ਹਨ । ਸਾਡਾ ਤਾਂ ਇਹ ਹਾਲ ਹੈ ਕਿ 'ਵਾਹੁੰਦਿਆਂ ਦੀ ਜੋਗ ਗਈ ਚੋਬਰਾਂ ਦੇ ਜੰਮ ਪਈ' । ਚੀਕੀਏ ਨਾ ਤਾਂ ਕੀ ਕਰੀਏ ?
ਵਾਹ ਦੱਬਕੇ ਖਾਹ ਰੱਜਕੇ। ਜੇ ਵਾਹੀ ਨਾ ਕੀਤੀ ਤਾਂ ਬੀ ਕਿਵੇਂ ਜੜ੍ਹਾਂ ਫੜੇਗਾ ?
ਹੁਣ ਇਹ ਗੱਲ ਛੁਪੀ ਨਹੀਂ ਰਹੀ। 'ਵਾ ਵਗੇ ਤਾਂ ਚੂਹੇ ਦੀ ਖੁਡ ਤਕ ਵੀ ਜਾਂਦੀ ਹੈ' ਸਾਨੂੰ ਕਿਵੇਂ ਨਾ ਪਤਾ ਲਗਦਾ ਏਡੀ ਵੱਡੀ ਚਰਚਾ ਦਾ।
ਸੁਆਹ ਤੇ ਖੇਹ ਹੈ ਉਹਨਾਂ ਦੇ ਘਰ। ਕਿਸੇ ਦੀ ਮੱਦਦ ਉੱਥੋਂ ਨਹੀਂ ਹੁੰਦੀ ਡਿਠੀ । 'ਵਰੀ ਤੇ ਮੰਗ ਧਰੀ' ਵਾਂਗ ਦਿਖਾਵਾ ਹੀ ਦਿਖਾਵਾ ਹੈ।
ਭੈਣ ਜੀ, ਮੁੜ ਜਦ ਵੀ ਦੂਜੀ ਬੀਬੀ ਲਈ ਕੋਈ ਥਾਂ ਲੱਭਣ ਚੜ੍ਹੋ ਤਾਂ ‘ਵਰ ਵੇਖ ਦੀਜੇ, ਘਰ ਦੇਖ ਨਾ ਦੀਜੇ' ਵਾਲੀ ਗੱਲ ਪਲੇ ਬੰਨ੍ਹ ਲੈਣੀ। ਅੱਗੇ ਵੱਡੇ ਘਰ ਵਿੱਚ ਜਾ ਕੇ ਵੱਡੀ ਧੀ ਨੇ ਦੁੱਖ ਹੀ ਪਾਇਆ ਹੈ।
ਬਹੁਤੇ ਇਲਾਜਾਂ ਮਗਰ ਨਾ ਪਉ, ਰੋਗ ਦਵਾਈਆਂ ਨਾਲ ਨਹੀਂ ਹਟਦੇ। ਵਧੀ ਨੂੰ ਕੋਈ ਡਰ ਨਹੀਂ ਤੇ ਘਟੀ ਦਾ ਕੋਈ ਦਾਰੂ ਨਹੀਂ।