ਜੱਟਾਂ ਦੇ ਮੁੰਡਿਆਂ ਨੂੰ ਤਾਂ ਸਿਵਾਏ ਲੜਨ ਖਹਿਬੜਨ ਦੇ ਹੋਰ ਕੋਈ ਕੰਮ ਹੀ ਨਹੀਂ। ਅਖੇ, 'ਵਢੀਏਗਾ ਜੱਟ ਦਾ, ਸਿਖੀਏਗਾ ਨਾਈ ਦਾ।'
ਗਾਲ੍ਹਾਂ ਤੈਨੂੰ ਮੇਰੇ ਪੁੱਤਰ ਨੇ ਜ਼ਰੂਰ ਕੱਢੀਆਂ। ਪਰ ‘ਵੱਡੇ ਦਾ ਜ਼ੋਰ ਤੇ ਨਿੱਕੇ ਦੀ ਗਾਲ੍ਹ'। ਤੂੰ ਕਿਉਂ ਏਨਾਂ ਵੱਡਾ ਹੋਕੇ ਉਸਦੇ ਗਲ ਜਾ ਪਿਆ।
ਕੁਝ ਹਾਲ ਨਹੀਂ ਰੁਜ਼ਗਾਰ ਕਾਰ ਦਾ ਅੱਜ ਕੱਲ । 'ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਜਾਂਦੀਆਂ ਨੇ'। ਗਰੀਬ ਦੀ ਕੋਈ ਥਾਂ ਨਹੀਂ।
ਭਾਵੇਂ ਵਲੈਤੋਂ ਸਭ ਪੜਾਈਆਂ ਤੋਂ ਫੇਲ੍ਹ ਹੋ ਆਏ ਸਨ, ਪਰ ਘਰ ਆਕੇ ਹੋਇਆ ਓਹੋ ਜੋ ਅਕਸਰ ਕੁਝ ਹੁੰਦਾ ਏ। ‘ਵੱਡਿਆਂ ਦਾ ਘੱਟਾ ਮਿੱਟੀ ਵੀ ਸਰਕਾਰੀ ਮੰਡੀ ਵਿੱਚ ਸੋਨੇ ਦੇ ਭਾ ਵਿਕ ਜਾਂਦਾ ਏ' ਤੇ ਗਰੀਬ ਦੇ ਸੁਚੇ ਕੁੰਦਨ ਵਿੱਚ ਵੀ ਸੌ ਸੌ ਨੁਕਸ ਪਏ ਨਿਕਲਦੇ ਨੇ।
ਪਰਿਵਾਰ ਦੇ ਦਸਾਂ ਯਾਰਾਂ ਜੀਆਂ ਵਿਚੋਂ ਇਹ ਦੋਵੇਂ ਮਾਵਾਂ ਧੀਆਂ ਬਚੀਆਂ: ਵੱਡੇ ਘਰਾਂ ਦੀਆਂ ਕਹਿੰਦੇ ਨੇ, ਘਰੋੜੀਆਂ ਵੀ ਮਾਣ ਨਹੀਂ ਹੁੰਦੀਆਂ' ਅੱਜ ਵੀ ਹੈਸੀਅਤ ਦੇ ਲਿਹਾਜ਼ ਨਾਲ ਇਹ ਵੱਡੇ ਵੱਡੇ ਪਤਵੰਤਿਆਂ ਤੋਂ ਪਾਣੀ ਭਰਾ ਸਕਦੀਆਂ ਨੇਂ।
ਠੀਕ ਹੈ, ਤੁਹਾਨੂੰ ਬੜੀਆਂ ਜ਼ਿੰਮੇਵਾਰੀਆਂ ਨੇ। ਪਰ ਜੀ, ‘ਵੱਡਿਆਂ ਸਿਰਾਂ ਦੀਆਂ ਵੱਡੀਆਂ ਪੀੜਾਂ' ਤੁਹਾਡੇ ਬਿਨਾਂ ਸਾਡਾ ਕੰਮ ਵੀ ਹੋਰ ਕੌਣ ਕਰੇਗਾ ?
ਨੰਬਰਦਾਰ- ਓਏ ਮੂਰਖੋ, ਤੁਸਾਡੀ ਇਸ ਚੀਜ਼ ਦੀ ਲਾਗਤ ਕੀ ਏ ? 'ਵਟ ਦੀ ਪਠ, ਨਾ ਪੁਛ ਨਾ ਗਿਛ' ਛੱਡੋ ਪਰੇ ਝਗੜੇ ਨੂੰ ਤੇ ਘਰਾਂ ਨੂੰ ਵੇਖੋ।
'ਵੱਛਾ ਕਿੱਲੇ ਦੇ ਜ਼ੋਰ ਟੱਪਦਾ ਹੈ' ਅੱਜ ਪਿਉ ਸਿਰ ਤੇ ਹਰ ਵੇਲੇ ਮਦਦ ਕਰਨ ਵਾਲਾ ਨਾ ਹੋਵੇ, ਤਾਂ ਵੇਖੀਏ ਇਸ ਮੁੰਡੇ ਦੀ ਕਿਸ ਭਾ ਵਿਕਦੀ ਹੈ।
ਅੱਗੇ ਤਾਂ ਚੰਗਾ ਕਾਰੋਬਾਰ ਚਲਦਾ ਸੀ ਤੇ 'ਵਗਦੇ ਦਰਿਆ ਵਿੱਚ ਭਾਂਡਾਂ ਭਰਿਆ ਹੀ ਜਾਂਦਾ ਹੈ'। ਪਰ ਹੁਣ ਤਾਂ ਰੋਟੀ ਦੇ ਤਸੀਹੇ ਪਏ ਹੋਏ ਹਨ।
ਤੁਰੇ ਫਿਰੋ ਤਾਂ ਸਿਹਤ ਵੀ ਠੀਕ ਹੋਵੇ। ‘ਵਗਦਾ ਪਾਣੀ ਸਾਫ ਰਹਿੰਦਾ ਹੈ'। ਖੜੋਤੇ ਪਾਣੀ ਨੇ ਤਾਂ ਤ੍ਰਕਣਾ ਹੀ ਹੋਇਆ ।
ਮਾਂ ਜੀ, ਮੈਂ ਤਾਂ ਸ਼ੀਲਾ ਨੂੰ ਕਦੇ ਬੁਲਾਇਆ ਤਕ ਨਹੀਂ, ਉਹ ਆਪਣੇ ਆਪ ਹੀ ਅੱਗੇ ਹੋ ਹੋ ਬਹਿੰਦੀ ਏ, ਅਖੇ ‘ਵਗ ਢੋਈ ਮਿਲੇ ਨਾ ਤੇ ਬੜਕਦਾ ਮੇਰਾ' ਵਾਲਾ ਉਸਦਾ ਹਾਲ ਜੇ ।
ਦੁੱਖ ਬਾਹਰ ਦਾ ਰੋਣਾ ਘਰਦਿਆਂ ਦੇ ਸਿਰ ਚੜਕੇ । ‘ਵਹੁਟੀ ਝੇੜੇ ਲਾਏ ਗਿੱਟੇ, ਪਹਿਲੋ ਮਾਂ ਪਿਉ ਨੂੰ ਪਿੱਟੇ'। ਇਹ ਚੰਗੀ ਗੱਲ ਹੋਈ।