ਆਖਿਰ ਕੁਝ ਭੀ ਹੋਇ, ਸੱਚਾ ਨਾਉਂ ਸਾਈਂ ਦਾ ਹੀ ਹੈ । ਮੈਂ ਤਾਂ ਸੱਚ ਹੀ ਬੋਲਣਾ ਹੈ।
ਸੱਚ ਦੀ ਸਦਾ ਹੀ ਜੈ ਹੈ । ਦਲੀਪ ਕੌਰ ਨੇ ਭਾਵੇਂ ਸ਼ਕੁੰਤਲਾ ਵੱਲੋਂ ਪਤੀ ਦਾ ਕਿੰਨਾ ਹੀ ਜੀ ਖੱਟਾ ਕਰ ਦਿੱਤਾ ਸੀ, ਪਰ ਸਚਾਈ ਸੌ ਪੜਦਿਆਂ ਨੂੰ ਪਾੜ ਕੇ ਜ਼ਾਹਰ ਹੋ ਹੀ ਗਈ । ਜੋ ਆਦਮੀ ਕਿਸੇ ਲਈ ਖੂਹ ਪੁਟਦਾ ਹੈ, ਉਸ ਤੋਂ ਡੂੰਘਾ ਖੂਹ ਕੁਦਰਤ ਉਸ ਪਾਪੀ ਵਾਸਤੇ ਬਣਾ ਦਿੰਦੀ ਹੈ। ਪਾਪ ਕਦੇ ਤਰਿਆ ਨਹੀਂ ਤੇ ਸੱਚ ਕਦੇ ਡੁੱਬਿਆ ਨਹੀਂ।
ਗੁਰ ਬਿਨੁ ਗਿਆਨ ਧਰਮ ਬਿਨੁ ਧਿਆਨੁ ॥ ਸਚ ਬਿਨੁ ਸਾਖੀ ਮੂਲੋਂ ਨ ਬਾਕੀ ॥
ਮਨੋਭਾਵਾਂ ਨੂੰ ਸਮਝ ਕੇ ਬੋਲਿਆ, 'ਸੱਚ ਨੂੰ ਆਂਚ ਨਹੀਂ, ਸਰੋਜ' । ਕੋਈ ਪਰਵਾਹ ਨਹੀਂ, ਜੇ ਸਾਰੀ ਦੁਨੀਆਂ ਵੀ ਸੱਚ ਦੀ ਵਿਰੋਧੀ ਹੋ ਜਾਵੇ ।
ਰਤਨ ਚੰਦ-ਸ਼ਾਹ ਜੀ ! ਵਹੀਆਂ ਕਿਉਂ ਫੋਲਦੇ ਹੋ। ਜਾਣਦੇ ਤੁਸੀਂ ਵੀ ਹੋ ਤੇ ਮੈਂ ਵੀ, ਕਿ ਵਿਆਜ ਕਿੰਨਾ ਹੈ ਤੇ ਮੂਲ ਕਿੰਨਾ। 'ਜੇ ਸੱਚ ਨਹੀਂ ਜੇ ਕਹਿਣਾ ਤੇ ਵਹੀਆਂ ਲੈ ਕੇ ਡਹਿਣਾ'।
ਬਾਬੇ ਕਹਿਆ ਨਾਥ ਜੀ ਸਚ ਚੰਦ੍ਰਮਾ ਕੂੜ ਅੰਧਾਰਾ । ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ।
ਜੇ ਮੱਖੀ ਮੁਹਿ ਮਕੜੀ ਕਿਉ ਹੋਵੈ ਬਾਜ । ਸੱਚ ਸਚਾਵਾ ਕਾਢੀਐ ਕੂੜ ਕੂੜਾ ਪਾਜ ।
ਹੁਣ ਸੱਚ ਲੋਕਾਂ ਨੂੰ ਮਾੜਾ ਲਗਦਾ ਹੈ । 'ਸੱਚ ਆਖਿਆਂ ਭਾਂਬੜ ਮੱਚਦਾ ਹੈ'। ਪਰ ਝੂਠ ਅਸਾਂ ਵੀ ਨਹੀਂ ਬੋਲਣਾ। ਖਰੀ ਖਰੀ ਮੂੰਹ ਤੇ ਸੁਣਾਵਾਂਗੇ ।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਮਿੱਠੂ ਰਾਮ- ਨਹੀਂ ਚੌਧਰੀ ! ਐਵੇਂ ਝੂਠਾ ਲਾਰਾ ਲਾਕੇ ਤੈਨੂੰ ਖ਼ਰਾਬ ਪਿਆ ਕਰਾਂ । ਮੇਰੇ ਕੋਲ ਕੋਈ ਰੁਪਈਆ ਨਹੀਂ । ਜਿਥੋਂ ਆਪਣਾ ਕੰਮ ਨਿਕਲਦਾ ਏ, ਕੱਢ ਲੈ ‘ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇ ਜਵਾਬ ।'
ਦਾਤਾ, ਹੱਥ ਨਾ ਖਿੱਚੋ 'ਸਖ਼ੀ ਦਾ ਬੇੜਾ ਸਦਾ ਹੀ ਪਾਰ ਹੁੰਦਾ ਹੈ ।' ਦਿੱਤਿਆਂ ਕਿਸੇ ਦਾ ਕੁਝ ਨਹੀਂ ਘਟਦਾ।
ਨਿਹਾਲ ਸਿੰਘ ਬੜਾ ਸੂਮ ਸੀ। ਭੰਨੀ ਕੌਡੀ ਵੀ ਦਾਨ ਨਹੀਂ ਸੀ ਕਰਦਾ। ਬੈਂਕ ਟੁੱਟਣ ਨਾਲ ਬਰਬਾਦ ਹੋ ਗਿਆ। ਅਸੀਂ ਰੱਜ ਕੇ ਖਾਧਾ, ਲੁਟਾਇਆ, ਦਾਨ ਕੀਤਾ, ਫਿਰ ਸਖੀ ਸੂਮ ਦਾ ਲੇਖਾ ਰੱਬ ਨੇ ਬਰਾਬਰ ਕਰ ਦਿੱਤਾ ।