ਥੋੜ੍ਹਾ ਖੱਟਦੇ ਹਾਂ, ਥੋੜਾ ਖਾਂਦੇ ਹਾਂ, ਪਰ ਖੁਸ਼ ਰਹਿੰਦੇ ਹਾਂ ਤੇ ਦੁੜੰਗੇ ਮਾਰਦੇ ਹਾਂ। 'ਸੰਤੋਖੀ ਸਦਾ ਸੁਖੀ'। ਨਾ ਬਹੁਤੀ ਦੀ ਹਿਰਸ ਹੈ, ਨਾ ਥੋੜੀ ਦੀ ਚਿੰਤਾ।
ਨੰਬਰਦਾਰ- ਸ਼ਾਹ ਜੀ ! ਤੁਹਾਡੇ ਪੁੱਤ ਨੂੰ ਖ਼ੁਸ਼ ਕਰਨਾ ਤਾਂ 'ਸੰਢੇ ਅੱਗੇ ਬੀਨ ਵਜਾਣ' ਵਾਲਾ ਹੀ ਲੇਖਾ ਹੈ । ਉਹ ਕਿਸੇ ਦੀ ਨਹੀਂ ਸੁਣਦਾ। ਹਰਦਮ ਆਪਣੀ ਹੀ ਮਾਰਦਾ ਹੈ।
"ਸੰਢਿਆਂ ਦਾ ਭੇੜ ਤੇ ਜਾਨਾਂ ਦਾ ਖਉ।" ਲੜਨ ਦਿਓ ਇਹਨਾਂ ਮੁਸ਼ਟੰਡਿਆਂ ਨੂੰ ਆਪੋ ਵਿੱਚ, ਮੈਂ ਕਿਉਂ ਵਿੱਚ ਪੈ ਕੇ ਆਪਣੀ ਪੱਤ ਲੁਹਾਵਾਂ।
ਅਪਤ ਕਰੀਰ ਨ ਮਉਲੀਐ ਦੇ ਦੋਸ਼ ਬਸੰਤੈ ! ਸੰਢ ਸਪੁੱਤੀ ਨ ਥੀਐ ਕਣਤਾਵੈ ਕੰਤੈ ।
ਮਾਂ- ਬੱਚੀ ! ਸਹੁਰੇ ਘਰ ਜਾ ਕੇ ਸਦਾ ਆਪਣੀ ਵਿੱਤ ਵਿੱਚ ਰਹੀਂ ਤੇ ਸੱਚ ਤੇ ਕਰੀਂ। ‘ਸੰਜਮ ਕਰਕੇ ਖਾਹ ਤੇ ਨੱਕ ਦੀ ਸੇਧੇ ਜਾਹ ।' ਫਿਰ ਕਦੀ ਦੁੱਖ ਨਹੀਂ ਹੁੰਦਾ ।
ਕੀ ਪੁੱਛਦੇ ਹੋ, ਬਹੁਤੀਆਂ ਬਰੀਕੀਆਂ ਵਿੱਚ ਨਾ ਪਵੋ ! ਜੋ ਬਣਿਆ ਹੈ, ਅੰਮ੍ਰਿਤ ਕਰਕੇ ਛਕ ਲਉ । ਗੱਲ ਕੀ ਹੋਈ । 'ਸੰਘੋਂ ਲੱਥਾ, ਜਿਹਾ ਲੱਡੂ ਤਿਹਾ ਮੱਠਾ।
ਇਹ ਕਿਹੜੇ ਪਾਸੇ ਦੀ ਸਿਆਣਪ ਹੈ ਕਿ ਹੱਥ ਆਈ ਚੀਜ਼ ਦੀ ਤਾਂ ਪ੍ਰਵਾਹ ਨਾ ਕਰੀਏ ਪਰ ਉਡਦੀਆਂ ਪਿੱਛੇ ਭੱਜੀਏ। ਸਿਆਣਿਆਂ ਨੇ ਸੱਚ ਕਿਹਾ ਹੈ 'ਸੰਗੇ ਦੀ ਬਕਰੀ, ਕੁਸੰਗੇ ਦੀ ਮੱਝ।'
ਸੰਗਿ ਨ ਕੋਈ ਭਈਆ ਬੇਬਾ ॥ ਮਾਲੁ ਜੋਬਨੁ ਧਨੁ ਛੋਡਿ ਵਵੇਸਾ ।।
ਬਾਬਾ ਜੀ, ਵਿਗੜਿਆਂ ਤਿਗੜਿਆਂ ਨੂੰ ਸਦਾ ਡੰਡੇ ਦੇ ਜ਼ੋਰ ਨਾਲ ਹੀ ਸਿੱਧਾ ਕਰੀਦਾ ਹੈ । ਤੁਸੀਂ ਪੁੱਚ ਪੁੱਚ ਕਰਨ ਲਗੇ ਹੋਏ ਹੋ। ਕਦੀ ਸੰਗਲਾਂ ਦੇ ਜਿੰਨ ਵੀ ਜੱਫੀਆਂ ਨਾਲ ਕਾਬੂ ਆਏ ਹਨ ?
ਜੇਹਾ ਸੰਗ, ਤੇਹਾ ਰੰਗ । ਸੰਗ ਤਾਰੇ, ਕੁਸੰਗ ਡੋਬੇ । ਜੇਹੇ ਭਾਂਡੇ ਵਿੱਚ ਪਾਣੀ ਪਾਉਂਗੇ, ਓਹੋ ਜਿਹਾ ਉਹ ਹੋ ਜਾਏਗਾ।
ਅਸੀਂ ਤਾਂ ਆਪਣੀ ਜ਼ਾਤ ਦੇ ਹੀ ਜ਼ਿੰਮੇਵਾਰ ਹਾਂ, ਹੋਰ ਕਿਸੇ ਦੇ ਨਹੀਂ। ਸੌਂਹ ਦੇਈਏ ਜੀਅ ਦੀ, ਨਾ ਪੁੱਤ ਦੀ ਨਾ ਧੀ ਦੀ। ਹੋਰ ਕਿਸੇ ਦਾ ਕੀ ਪਤਾ, ਕੋਈ ਕਿਵੇਂ ਕਰੇ ?
'ਸੌਦੇ ਦਿਲਾਂ ਦੇ ਹੁੰਦੇ ਹਨ' ਨਿਹੁੰ ਨਾ ਲਗਦੇ ਜ਼ੋਰੀਂ । ਪਿਆਰ ਸਹਿਜ ਸੁਭਾ ਦਿਲਾਂ ਵਿੱਚ ਉਪਜਦਾ ਹੈ ਅਤੇ ਪਿਆਰਿਆਂ ਨੂੰ ਇੱਕ ਦੂਜੇ ਦੇ ਨੇੜੇ ਲੈ ਆਉਂਦਾ ਹੈ। ਪਰ ਇਸ ਪਿਆਰ ਦੇ ਖੇਤਰ ਵਿੱਚ ਢੇਰ ਕੁਰਬਾਨੀ ਕਰਨੀ ਪੈਂਦੀ ਹੈ।