ਬੇਬੇ, ਮੜਾਸੇ ਨਾ ਬੰਨ੍ਹੀਏ ਤਾਂ ਕੀ ਕਰੀਏ । 'ਆਈ ਪੋਹ ਮਾਘ ਦੀ ਸੰਨ, ਜੱਟੀਂ ਲਏ ਮੜ੍ਹਾਸੇ ਬੰਨ੍ਹ । ਏਨੀ ਠੰਡ ਵਿੱਚ ਖੇਤਾਂ ਵਿਚ ਕੰਮ ਹੋਰ ਕਿਵੇਂ ਹੋਵੇ ?
ਪੋਰਸ-ਰਾਣੀ ਜੀ ... ਆਪਣੀ 'ਆਈ ਤੇ ਆਏ ਨੂੰ ਸੌ ਰਾਹ ਸੁਝ ਪੈਂਦੇ ਹਨ ।" ਅੰਭੀ ਉਂਝ ਨਾ ਮੰਨੂੰ ਤਾਂ ਅਸੀਂ ਕੀ ਹੀਣੇ ਹੋ ਜਾਂਗੇ ? ਸਾਡਾ ਕੀ ਵਿਗੜ ਚਲਿਆ ਏ ?
ਬਈ ਰਣਜੀਤ ਸਿੰਘ ਦਾ ਰਾਜ ਕਾਹਦਾ ਸੀ- ਆਈ ਸ਼ਿਵਰਾਤ, ਜਿੱਡਾ ਦਿਨ ਓਡੀ ਰਾਤ । ਸਭ ਨਾਲ ਇੱਕੋ ਜਿਹਾ ਵਰਤਾਉ ਸੀ।
ਬੁੱਧਾਂ- ਨੀ ਪਾਰੋ, ਤੈਨੂੰ ਕੀ ਹੋ ਗਿਆ ਹੈ ? ਇਤਨੀ ਘਬਰਾਹਟ ਕਾਹਦੀ ? ਅਜੇਹੀਆਂ ਗੱਲਾਂ ਤਾਂ ਪਿੰਡਾਂ ਵਿੱਚ ਨਿਤ ਵਾਪਰਦੀਆਂ ਹਨ। ਅਖੇ 'ਆਇਆ ਨਾ ਘਾਓ, ਤੇ ਵੈਦ ਬੁਲਾਓ। ਮਾਮੂਲੀ ਰੌਲਾ ਸੁਣ ਕੇ ਹੀ ਵਿਆਕੁਲ ਹੋ ਗਈ ਏਂ ।
ਸਾਨੂੰ ਤਾਂ ਜੀ ਬਹੁਤੇ ਧਨ ਦਾ ਲੋਭ ਨਹੀਂ। ਕਿਰਸ ਅਸੀਂ ਨਹੀਂ ਕਰਦੇ। ਪਿੱਛੇ ਲਈ ਜੋੜਦੇ ਨਹੀਂ । ‘ਆਇਆ ਕੰਮ ਥੁੜੇ ਨਾ, ਪਿੱਛੇ ਜੋਗਾ ਜੁੜੇ ਨਾ। ਬਸ ਏਨਾ ਹੀ ਰੱਬ ਤੋਂ ਮੰਗੀਦਾ ਹੈ, ਜੁ ਹਥਲੀ ਕਾਰ ਨਾ ਬੰਦ ਕਰੇ ।
ਜਿਸ ਤਰ੍ਹਾਂ ਤੈਨੂੰ ਮੇਰੀ ਸਿੱਖਿਆ ਐਸ ਵੇਲੇ ਬੁਰੀ ਲਗਦੀ ਹੈ । ਤਿਵੇਂ ਉਹਨਾਂ ਨੂੰ ਭਲੇ ਉਪਦੇਸ਼ ਕੌੜੇ ਲੱਗੇ ਹਨ। ਪਰ ਸਿਆਣੇ ਦੇ ਕਹੇ ਤੇ ਆਉਲੇ ਦੇ ਖਾਧੇ ਦਾ ਸੁਆਦ ਪਿਛੋਂ ਹੀ ਮਲੂਮ ਹੁੰਦਾ ਹੈ ।
ਨਵੀਆਂ ਵਿਆਂਹਦੜਾਂ ਆ ਕੇ ਖ਼ਾਵੰਦਾਂ ਨੂੰ ਪਤਾ ਨਹੀਂ ਕੀ ਪੱਟੀਆਂ ਪੜ੍ਹਾ ਦਿੰਦੀਆਂ ਹਨ ਕਿ ਸਕੇ ਭਾਈਆਂ ਦਿਆਂ ਦਿਲਾਂ ਵਿੱਚ ਵੀ ਤਰੇੜਾਂ ਪੈ ਜਾਂਦੀਆਂ ਹਨ । 'ਆਉਣ ਪਰਾਈਆਂ ਜਾਈਆਂ ਵਿਛੋੜਨ ਸਕਿਆਂ ਭਾਈਆਂ ।'
ਅਖੇ 'ਆ ਲੜਾਈਏ ਗਲ ਲੱਗ’ ਮੈਂ ਬੋਲਿਆ ਵੀ ਨਹੀਂ ਤੇ ਉਹ ਹੂਰੇ ਮਾਰਨ ਲਗ ਪਿਆ ਹੈ ।
ਤੁਹਾਡੀ ਤਾਂ ਉਹ ਗੱਲ ਹੈ ਅਖੇ 'ਆ ਬਲਾਈਏ ਪਿੰਡੇ ਲੱਗ ।' ਰਤਾ ਵਿਚਾਰ ਤੋਂ ਕੰਮ ਲਵੋ । ਖਾਹ-ਮੁ-ਖ਼ਾਹ ਕਿਉਂ ਅੱਗ ਵਿਚ ਹੱਥ ਪਾਂਦੇ ਹੋ?
ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿੱਚ ਜਲ ਤੇ ਦਿਲਾਂ ਵਿਚ ਰੰਜ ਭਰ ਗਿਆ । ਪਰ ਕੀ ਕਰ ਸਕਦੇ ਸਨ ? 'ਆ ਬਣੀ ਦਾ ਕੀ ਦਾਰੂ ?’
ਅਖੇ 'ਅਹੀਏ ਤਹੀਏ, ਕਰ ਛਡੂੰ ਆਪਣੇ ਜਿਹੀਏ' ਜਿਹੜਾ ਓਹਦੇ ਨਾਲ ਰਲਿਆ ਉਸੇ ਦਾ ਝੁੱਗਾ ਗਲਿਆ ।
'ਅੜੇ ਸੋ ਝੜੇ ਇਹ ਬੋਲੇ ਬੋਲਾ, ਤੇ ਜੈਕਾਰ ਅਕਾਲਾ ॥