''ਅਨਤਾ ਧਨੁ ਧਰਣੀ ਧਰੇ ਅਨਤ ਨਾ ਚਾਹਿਆ ਜਾਇ ॥ ਅਨਤ ਕੋ ਚਾਹਨ ਜੋ ਗਏ ਸੋ ਆਏ ਅਨਤ ਗਵਾਇ ॥"
ਬਈ ਮੌਤੋਂ ਭੁੱਖ ਬੁਰੀ । ਰੋਟੀ ਦੀ ਭਾਲ ਹੀ ਥਕੇਵੇਂ ਨਾਲ ਚੂਰ ਕਰ ਦੇਂਦੀ ਹੈ । ਪਰ ਜੇ ਮਿਲੇ ਨਾ, ਤਾਂ ਰਹਿੰਦਾ ਖੂੰਹਦਾ ਸਾਹ ਵੀ ਸੁੱਕ ਜਾਂਦਾ ਹੈ । 'ਅੱਧੀ ਮੌਤ ਮੁਸਾਫ਼ਰੀ, ਸਾਰੀ ਮੌਤ ਸੋ ਭੁਖ ।
ਤਿੰਨ ਰੁਪਏ ਦੀ ਮੇਜ਼, ਪਰ ਰੋਗਨ ਉੱਪਰ ਪੰਜ ਰੁਪਏ ਦਾ। ‘ਧੇਲੇ ਦੀ ਬੁੱਢੀ, ਟਕਾ ਸਿਰ ਮੁਨਾਈ। ਮੈਂ ਨਹੀਂ ਦੇਣੇ ਏਨੇ ਪੈਸੇ ।
ਕੇਹਰ ਸਿੰਘ ਨੂੰ ਵੀਹ ਰੁਪਏ ਮਹੀਨਾ ਘਰ ਵਿੱਚ ਮਿਲਦੇ ਸੀ । ਉਹ ਲਾਹੌਰ ਪੰਜਾਹ, ਸੌ ਰੁਪਏ ਮਹੀਨਾ ਕਮਾਣ ਦੇ ਖ਼ਿਆਲ ਤੇ ਤੁਰ ਗਿਆ, ਪਰ ਉਥੋਂ ਬਿਮਾਰ ਹੋ ਕੇ ਮੁੜਿਆ। ਘਰ ਚੁੱਲਾ ਵੀ ਪਿੱਛੇ ਉਜੜ ਚੁਕਾ ਸੀ। ਜੇ ਬੰਦਾ ਅੱਧੀ ਖਾਂਦਾ ਸਾਰੀ ਨੂੰ ਧਾਵੇ ਤਾਂ ਨਾ ਰਹਿੰਦੀ ਹੈ ਅੱਧੀ, ਸਾਰੀ ਵੀ ਜਾਵੇ ।
ਤੋਲਾ ਰਾਮ- ਜੇ ਅੱਜ ਡਾਕਟਰੀ ਦੀਆਂ ਕਿਤਾਬਾਂ ਫਰੋਲਦਾ ਹੈ ਤਾਂ ਕੱਲ੍ਹ ਖੇਤੀ ਬਾੜੀ ਦੀਆਂ । ਕਿਸੇ ਕੰਮ ਵਿਚ ਉਹਦਾ ਚਿਤ ਨਹੀਂ ਖੁਭਦਾ। ਉਸ ਦਾ ਹਾਲ ਤਾਂ 'ਅੱਧਾ ਤਿੱਤਰ, ਅੱਧਾ ਬਟੇਰ' ਵਾਲਾ ਹੈ ।
ਸੁੰਦਰੀ ਦੀ ਕੀ ਗੱਲ ਕਰਨੀ ਹੋਈ । ਪੇਟ ਭਰਨ ਤੇ ਸਰੀਰ ਢੱਕਣ ਜੋਗਾ ਤਾਂ ਹੱਥ ਪੱਲ਼ੇ ਨਹੀਂ; ਪਰ ਹਰ ਵੇਲੇ ਵੱਡੀ ਚੌਧਰਿਆਣੀ ਬਣ ਬਣ ਦਸਦੀ ਹੈ। 'ਅੱਧ ਪਾ ਖਿਚੜੀ ਤੇ ਚੁਬਾਰੇ ਤੇ ਰਸੋਈ । ਪਤਾ ਨਹੀਂ ਲੋਕਾਂ ਨੂੰ ਵਿਖਾਵੇ ਵਿੱਚੋਂ ਕੀ ਲਭਦਾ ਹੈ ।
ਰਾਮੋ ਭੈਣ ! ਇਹ ਕੀ ਰੌਲਾ ਹੋਇਆ । ਕਮਾਈ ਵਾਲੇ ਬੰਦੇ ਨੂੰ ਸਦਾ ਵਧੀਕ ਹਿੱਸਾ ਮਿਲਦਾ ਹੈ । ਤਾਹੀਉਂ ਤਾਂ ਵੱਡਿਆਂ ਨੇ ਕਿਹਾ ਹੈ : 'ਅੱਧ ਗਭਰੇ' ਤੇ ਅੱਧ ਟਬਰੇ ।
ਚੌਧਰੀ - ਮਾਹਣੇ ਨੂੰ ਸੱਤ ਸਾਲ ਦੀ ਕੈਦ ਬੋਲ ਗਈ । ਇਸ ਨੂੰ ਤਾਂ 'ਅਦਲੇ ਦਾ ਬਦਲਾ' ਮਿਲ ਹੀ ਗਿਆ। ਹੁਣ ਬਾਕੀਆਂ ਦੀ ਵਾਰੀ ਹੈ ।
ਹਰਨਾਮ ਦਾਸ ਬੜਾ ਮਿੱਠੀਆਂ, ਨਰਮ ਗੱਲਾਂ ਕਰਦਾ ਸੀ । ਪਰ ਅਸੀਂ ਜਾਣਦੇ ਸਾਂ ਜੁ ‘ਅਤਿ ਭਗਤੀ, ਚੋਰ ਦੇ ਲੱਛਣ । ਕੱਲ੍ਹ ਨਿਹਾਲੇ ਨਾਲ ਉਹ ਲੜਿਆ, ਜੁ ਉਸ ਦੇ ਸਿਰ ਦਾ ਘੋਗਾ ਹੀ ਖੋਲ੍ਹ ਦਿੱਤਾ ।
ਭਾਈ ਜੀ ! ਬਹੁਤੀਆਂ ਦਲੀਲਾਂ ਵਿਚ ਨਾ ਪਿਆ ਕਰੋ। ਜੋ ਕੁਝ ਕਰਨਾ ਹੋਵੇ ਸੁਤੇ ਸਿੱਧ ਕੀਤਾ ਕਰੋ। ਬਾਹਲੀ ਛਾਣ ਬੀਣ ਦਾ ਕੋਈ ਲਾਭ ਨਹੀਂ । ਸਿਆਣਿਆਂ ਨੇ ਸੱਚ ਆਖਿਆ ਹੈ 'ਅਤਿ ਸਿਆਣਪ ਜਮ ਕਾ ਭੋ ਵਿਆਪੇ ।
ਅਭੀ - ‘ਅੱਤ ਦਾ ਤੇ ਪ੍ਰਮਾਤਮਾ ਦਾ ਵੈਰ ਹੁੰਦਾ ਏ' । ਮੈਂ ਤਾਂ ਕਹਿਨਾਂ ਸਗੋਂ ਪ੍ਰਮਾਤਮਾ ਨੇ ਸਾਡਾ ਬਦਲਾ ਲੈਣ ਲਈ ਸਿਕੰਦਰ ਨੂੰ ਭੇਜਿਆ ਏ ।
ਬੁੱਢੀ-ਨੀ ਕੁੜੀਏ ਅਸੀਂ ਕਰ ਹੀ ਕੀ ਸਕਦੀਆਂ ਹਾਂ। ਅਖੇ 'ਅਣੀਆਂ ਮਣੀਆਂ ਤੇ ਢਾਈ ਜਣੀਆਂ। ਦੜ ਵਟ ਕੇ ਸਮਾਂ ਕੱਟੋ ।