ਨੀ ਗੁਲਜ਼ਾਰੋ ! ਤੈਨੂੰ ਕਿਤਨੀ ਵਾਰੀ ਆਖਿਆ ਹੈ ਕਿ ਮਾੜੀ ਸੰਗਤ ਤੋਂ ਦੂਰ ਰਿਹਾ ਕਰ। ਕਜਲ ਦੀ ਕੋਠੀ, ਸਦਾ ਹੀ ਖੋਟੀ। ਕੀ ਤੈਨੂੰ ਤਦ ਹੀ ਹੋਸ਼ ਆਵੇਗੀ, ਜਦ ਕੋਈ ਚੰਨ ਚਾੜ੍ਹ ਵਿਖਾਏਂਗੀ?
ਸ਼ਾਹ ਜੀ ! 'ਕੱਛੇ ਤੋਸਾ, ਕਿਸ ਦਾ ਭਰੋਸਾ' । ਜੇ ਧਨ ਪਾਸ ਹੋਵੇ ਤਾਂ ਤੁਹਾਡੀ ਮੁਥਾਜੀ ਕਿਉਂ ਕਰੀਏ ?
ਪ੍ਰੇਮ ਚੰਦ ਬੜਾ ਪਾਖੰਡੀ ਹੈ। ਉਸ ਦੇ ਬਾਹਰਲੇ ਭੋਲੇਪਨ ਤੇ ਨਾ ਜਾਣਾ। ਉਸਦਾ ਹਾਲ ਤਾਂ ‘ਕੱਛੇ ਸੋਟਾ, ਨਾਉਂ ਗ਼ਰੀਬ ਦਾਸ' ਵਾਲਾ ਹੈ।
ਮੀਆਂ ਜੀ ! ਅੱਜ ਕੱਲ ਕੀ ਈਮਾਨ ਰਹਿ ਗਿਆ ਹੈ, ਲੋਕਾਂ ਦਾ । ਹਰ ਕੋਈ ਆਪਣੇ ਲਾਭ ਨੂੰ ਹੀ ਸੋਚਦਾ ਹੈ, ਬਾਹਰੋਂ ਭਾਵੇਂ ਕਿੰਨਾ ਵੀ ਧਰਮੀ ਬਣੇ । 'ਕਛ ਤਲੇ ਕੁਰਾਨ, ਨਜ਼ਰ ਬਲਦ ਤੇ ਵਾਲਾ ਲੇਖਾ ਹੋਇਆ ਪਿਆ ਹੈ ਹੁਣ ਤਾਂ ।
ਇਹ ਗੱਲ ਵੱਖਰੀ ਹੈ ਕਿ ਤੁਸੀਂ ਆਪਣੇ ਪਾਸੋਂ ਕੋਈ ਸ਼ਕਤੀ ਪ੍ਰਵਾਨ ਕਰਕੇ ਮੈਨੂੰ 'ਕੱਚ ਤੋਂ ਕੰਚਨ' ਬਣਾ ਸਕੋ ।
ਤੁਸਾਂ ਰਾਮ ਲਾਲ ਬਾਬਤ ਗਿਲਾ ਹੀ ਕਿਉਂ ਕਰਦੇ ਹੋ ? ਉਸ ਨਾਲ ਮੇਰੀ ਵਰਤੋਂ ਤਾਂ ਇਹੋ ਹੀ ਦਸਦੀ ਹੈ 'ਕੱਚੇ ਦੀ ਗੱਲ ਕੱਚੀ, ਕਦੀ ਨਾ ਹੁੰਦੀ ਸੱਚੀ।"
ਮਿਸਤ੍ਰੀ ਜੀ ! ਸਭ ਤੋਂ ਵਧੀਕ ਧਿਆਨ ਨੀਂਹ ਵਲ ਦੇਣਾ, ਭਾਵੇਂ ਮੇਰਾ ਕੁਝ ਲਗ ਜਾਏ, ਤਦੇ ਉੱਪਰਲੀ ਇਮਾਰਤ ਕੁਝ ਸਮਾਂ ਚੱਲੇਗੀ। 'ਕੱਚੇ ਸੂਤ ਦਾ ਧਾਗਾ ਕਦੀ ਪੱਕਾ ਨਹੀਂ ਹੁੰਦਾ।
ਲੰਪਟ ਆਦਮੀ ਦਾ ਈਮਾਨ ਕੀ ਹੁੰਦਾ ਹੈ ? 'ਕੱਚੀ ਤੰਦ ਦਾ ਧਾਗਾ, ਜਿਸਨੂੰ ਨਾ ਟੁਟਦਿਆਂ ਚਿਰ ਲਗਦਾ ਹੈ, ਨਾ ਗੰਢਦਿਆਂ ।"
ਮੈਨੂੰ ਉਹ ਹੁਣ ਕੱਚ ਵਰਗੀ ਕੱਚੀ ਲਗਦੀ ਸੀ । ਜੇ ਹੁਣ ਹਵਾ ਦਾ ਇੱਕ ਤਕੜਾ ਬੁੱਲਾ ਆਵੇ, ਤਾਂ ਇਸਦਾ ਲੱਕ ਤੋੜ ਦੇਵੇ, ਮੈਂ ਪਿਆਰ ਨਾਲ ਦਿਲ ਵਿੱਚ ਆਖਿਆ।
ਪੈਸੇ ਭਾਵੇਂ ਵੱਧ ਲਗ ਜਾਣ, ਇਲਾਜ ਸਿਆਣੇ ਡਾਕਟਰ ਦਾ ਕਰਾਣਾ, ਕਿਸੇ ਅੰਜਾਣ ਦੇ ਵਸ ਨਾ ਪੈ ਜਾਣਾ, ਨਹੀਂ ਤੇ ਕਿਤੇ 'ਕਚ ਘਰੜ ਹਕੀਮ, ਜਾਨ ਦਾ ਖੋ' ਵਾਲਾ ਲੇਖਾ ਨਾ ਬਣ ਜਾਏ।
ਪ੍ਰੇਮੀ- ਪੁੱਤਰਾ ! ਜ਼ਿੱਦੋਂ ਹਟ ਜਾ । ਅਸੀਂ ਤੇਰਾ ਕੀ ਵਗਾੜਿਆ, ਜੋ ਤੂੰ ਸਾਨੂੰ ਜੀਉਂਦਿਆਂ ਈ ਮਾਰਨ ਲਗਿਐਂ। ਥੋੜੀ ਮਿੱਟੀ ਬਾਲੀ ਅੱਗੇ ਸਾਡੀ। ਕੱਖੋਂ ਹੌਲੇ, ਪਾਣੀਉਂ ਪਤਲੇ ਕਰ ਛੱਡਿਆ ਈ !
ਮਹਾਰਾਣੀ-ਮਹਾਰਾਜ ! 'ਕੱਖਾਂ ਭਾਅ, ਗੁਲਾਮਾਂ ਦੋਸਤੀ । ਗ਼ੁਲਾਮਾਂ ਦੀ ਯਾਰੀ ਦਾ ਮੂਲ ਕੁਝ ਨਹੀਂ ਹੁੰਦਾ । ਜਿਧਰ ਤਾਕਤ ਵੇਖੀ, ਓਧਰ ਦੇ ਹੀ ਜੀ-ਹਜ਼ੂਰੀਏ ਬਣ ਗਏ।