ਸੰਖ ਸਮੰਦਹੁ ਸਖਣਾ ਰੋਵੈ ਧਾਹਾਂ ਮਾਰ ਸੁਣਾਈ। ਘੁਘੂ ਸੁਝ ਨ ਸੁਝਈ ਸੂਰਜ ਜੋਤਿ ਨ ਲੁਕੈ ਲੁਕਾਈ ।
ਹਰਨਾਮ ਸਿੰਘ-ਸ਼ਾਹ ਦੇ ਮਰਨ ਦੀ ਦੇਰ ਸੀ, ਸਾਰਾ ਧਨ ਪੁੱਤਾਂ ਨੇ ਉਜਾੜ ਦਿੱਤਾ। 'ਸੂਮਾਂ ਦੀ ਖੱਟੀ ਨੂੰ ਕੁਤਿਆਂ ਨੇ ਹੀ ਗੰਵਾਣਾ ਸੀ'।
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ।। ਸੂਰੇ ਸੇਈ ਨਾਨਕਾਂ ਜਿਨ ਮਨਿ ਵਸਿਆ ਸੋਇ ।
ਵਾਹ ਜੀ ਵਾਹ ! ਤੁਹਾਡਾ ਤਾਂ ਉਹ ਹਾਲ ਹੈ : ਪਈ 'ਸੂਏ ਖੋਤੀ ਕਿਲ੍ਹੇ ਘੁਮਿਆਰ' । ਮੁਸ਼ਕਲਾਂ ਵਿੱਚ ਤਾਂ ਬੰਤਾ ਫਸਿਆ ਹੋਇਆ ਹੈ ਅਤੇ ਤੁਸੀਂ ਐਵੇਂ ਰੋਂਦੇ ਫਿਰਦੇ ਹੋ।
ਇਹ ਗੱਲ ਸੱਚੀ ਹੈ ਕਿ 'ਸੂਈ ਦੇ ਨੱਕੇ ਵਿਚੋਂ ਉਹਨਾਂ ਦੀ ਕਤਾਰ ਲੰਘ ਵੈਂਦੀ ਹੈ, ਪਰ ਅਮੀਰ ਸਵਰਗ ਵਿਚ ਨਹੀਂ ਵੜ ਸਕਦਾ । ਧੰਨ ਦਾ ਪੁਜਾਰੀ ਕੀ ਤੇ ਰੱਬੀ ਰਾਹ ਵਲ ਤੁਰਨਾ ਕੀ ? ਇਹ ਅਨਜੋੜ ਗੱਲ ਹੈ।
ਸੁਲਤਾਨ ਖਾਨ ਕਰੇ ਖਿਨ ਕੀਰੇ ॥ ਗ਼ਰੀਬ ਨਿਵਾਜਿ ਕਰੇ ਪ੍ਰਭ ਮੀਰੇ ॥
ਵਹੁਟੀ ਬਣ ਤਾਂ ਗਈ ਏਂ, ਪਰ ਜੇ ਵਹੁਟੀ ਦਾ ਪਾਰਟ ਖੇਡਣ ਵਿੱਚ ਵੀ ਕਾਮਯਾਬ ਹੋਈਓ ਤਾਂ ਮੰਨਾਂਗਾ । ਕੀਕਣ ਕਹਿੰਦੇ ਨੇ ਅਖੇ 'ਸੁਰਮਾ ਪਾਣਾ ਸੁਖਾਲਾ ਏ, ਪਰ ਮਟਕਾਣਾ ਔਖਾ ਏ '।
ਬਈ ਅੱਜ ਤਾਂ ਬੁੱਢੀ ਖੂਬ ਚਮਕੀ ਜੇ। ਸੁਰਮਾ ਪਾਇਆ ਜੋਤ ਨੂੰ ਤੇ ਖਲਕਤ ਮਰ ਗਈ ਸੋਚ ਨੂੰ। ਪਤਾ ਨਹੀਂ ਕੀ ਕਰ ਵਿਖਾਏਗੀ।
ਪੁੱਛਣ ਖੋਲ੍ਹ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ । ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ ।
ਰਾਮ ਸਿੰਘ- ਸ਼ਾਹ ਜੀ ! ਸੱਚੀ ਗੱਲ ਤਾਂ ਇਹ ਜੋ ਕਿ 'ਸੁਪਨੇ ਆਇਆ ਭਾਵੇ ਨਾ ਤੇ ਕੁਛੜ ਬਹੇ ਨਿਲੱਜ' । ਮੇਰਾ ਤਾਂ ਜੀ ਵੀ ਓਹਦੇ ਨਾਲ ਗੱਲ ਕਰਨ ਨੂੰ ਨਹੀਂ ਕਰਦਾ ਉਹ ਆਪ ਹੀ ਅੱਗੇ ਹੋ ਹੋ ਬਹਿੰਦਾ ਹੈ।
ਸ਼ਹਿਰਾਂ ਦੇ ਦਰਜ਼ੀ ਤੇ ਪਿੰਡਾਂ ਦੇ ਸੁਨਿਆਰੇ, ਇਹ ਦੋਵੇਂ ਗਾਹਕਾਂ ਨੂੰ ਲਾਰੇ ਲਾਣ ਵਿਚ ਬਹੁਤੇ ਬਦਨਾਮ ਹਨ। ਸੁਨਿਆਰਿਆਂ ਬਾਬਤ ਅਖਾਣ ਹਨ- ਸੁਨਿਆਰੇ ਦੇ ਲਾਰੇ, ਵਿਆਹੇ ਵੀ ਕੰਵਾਰੇ।
ਸਬਰ ਕਰ ਭੈਣ । ਐਵੇਂ ਰੋ ਰੋ ਕੇ ਅੱਖਾਂ ਨਾ ਦੁਖਾ। ਸਿਆਣਿਆਂ ਨੇ ਠੀਕ ਹੀ ਆਖਿਆ ਹੈ, 'ਸੁਨਿਆਰਾ ਹੋਵੇ ਪਾਰ, ਤੇ ਗੰਢ ਸੰਭਾਲੀਏ ਉਤਾਰ" ਇਹ ਤਾਂ ਮਾਂ ਨਾਲ ਵੀ ਧੋਖਾ ਕੀਤੇ ਬਿਨਾ ਨਹੀਂ ਰਹਿੰਦੇ। ਤੈਨੂੰ ਕਿਵੇਂ ਧੋਖਾ ਨਾ ਹੁੰਦਾ।