ਬਾਦਸ਼ਾਹੀ ਸੁਭਾ ਹੈ ਚੰਦਰਕਾਂਤਾ ਦਾ ਵੀ। ਅਖੇ ਅੱਸੂ ਮਾਹ ਨਿਰਾਲੇ, ਦਿਨੇ ਧੁੱਪਾਂ ਤੇ ਰਾਤੀ ਪਾਲੇ। ਕਦੀ ਹਸੂੰ ਹਸੂੰ ਕਰਦੇ ਮਿਲਦੀ ਹੈ, ਤੇ ਕਦੀ ਅੱਖਾਂ ਵੀ ਨਹੀਂ ਮਿਲਾਂਦੀ।
ਬਾਊ ਜੀ ! 'ਅਹਾਰੋਂ ਘਟਿਆ ਉਹ ਭੀ ਗਿਆ, ਵਿਹਾਰੋਂ ਘਟਿਆ ਉਹ ਭੀ ਗਿਆ।” ਜੀਵਨ ਜੀਣਾ ਕੋਈ ਸੌਖੀ ਖੇਡ ਨਹੀਂ। ਖੰਡੇ ਦੀ ਧਾਰ ਉਤੇ ਤੁਰਨਾ ਪੈਂਦਾ ਹੈ।
ਇਹ ਕਲਜੁਗ ਹੈ 'ਅਹਿਕਰੁ ਕਰੇ ਸੁ ਅਹਿਕਰੁ ਪਾਏ, ਇੱਥੇ ਤਾਂ ਹੱਥੋ ਹੱਥ ਨਬੇੜਾ ਹੁੰਦਾ ਹੈ।
ਨੂਰਾਂ- ਮੀਆਂ ਜੀ ! ਤੂੰ ਤਾਂ ਅਹਿਮਕਾਂ ਵਾਂਗ ਆਪਣਾ ਪੈਰ ਹੀ ਕਪ ਰਿਹਾ ਹੈਂ। ਮੇਰੇ ਉੱਤੇ ਵਾਰ ਕਰੋਗੇ ਤਾਂ ਕੱਲ ਤੁਹਾਡੀ ਕੌਣ ਬਾਂਹ ਫੜੇਗਾ ?
ਜਲਿਆ, ਠੰਡੇ ਗਈ ਨੋ ਆਈ ਤੇ ਉਠੀ। ਅਹਿਮਕ ਭੋਲਾ ਆਖੀਐ ਸਭ ਗੱਲ ਅਪੁੱਠੀ।
ਭਰਾ ਜੀ, ਅਕਸਰ ਤਾਰੂ ਹੀ ਡੁੱਬਦਾ ਹੈ। ਜਿਨ੍ਹੇ ਕਰਕੇ ਹੀ ਕੁਝ ਨਹੀਂ ਵੇਖਿਆ ਤੇ ਘਰ ਬੈਠਾ ਉਬਾਸੀਆਂ ਲੈਂਦਾ ਹੈ, ਉਹਨੂੰ ਕਾਹਦਾ ਖ਼ਤਰਾ ਹੈ ?
ਸੁਰਸਤੀ- ਨਿਹਾਲੀ ਸੱਚੀ ਹੈ। ਇਹ ਕਿਵੇਂ ਹੋਂਵੇ ਕਿ ਕੋਈ ਬੀਜੇ ਤਾਂ ਅੱਕ ਪਰ ਆਸ ਕਰੇ ਅੰਬ ਖਾਣ ਦੀ। ਉਹਦੀਆਂ ਕਰਤੂਤਾਂ ਤਾਂ ਵੇਖੋ। ਹਾਲਤ ਓਹਦੀ ਕਿਵੇਂ ਚੰਗੀ ਹੋਵੇ।
ਰਾਮ ਸਰਨ ਤੇ ਰੋਸ਼ਨ ਲਾਲ ਦੀ ਜੋੜੀ ਉਨ੍ਹਾਂ ਲੋਕਾਂ ਵਿਚੋਂ ਹੈ ਜਿਹੜੇ ਸਦਾ ਹੀ ਕਿਸੇ ਅਕਲ ਦੇ ਅੰਨ੍ਹੇ ਤੇ ਗੰਢ ਦੇ ਪੂਰੇ ਦੀ ਭਾਲ ਵਿੱਚ ਰਹਿੰਦੇ ਹਨ।
ਰੂਪੋ- ਭੈਣ ਕੀ ਦੱਸਾਂ ? ਸਤਵੰਤ ਦੇ ਮਰਨ ਮਗਰੋਂ ਉਸ ਦਾ ਪਤੀ ਬਲਵੰਤ ਸਿੰਘ ਬਾਵਲਾ ਜਿਹਾ ਹੋ ਗਿਆ ਹੈ ਤੇ ਅਸਤ ਵਿਅਸਤ ਗੱਲਾਂ ਕਰਦਾ ਹੈ। “ਅਕਲ ਦਾ ਦੀਵਾ ਕਿਚਰਕ ਬਲੇ, ਬਿਰਹੋਂ ਹਨੇਰੀ ਝੁੱਲੀ” ਵਾਲ਼ੀ ਗੱਲ ਹੈ ਉਸ ਦੀ ਤਾਂ।
ਕਰਮ ਦੇਈ- ਪੁੱਤ, ਆਪਣੇ ਚਾਚੇ ਅੱਗੇ ਮੁੜ ਨਾ ਬੋਲੀਂ। “ਅਕਲ ਦੇਂਦਾ ਚੰਗਾ ਤੇ ਟੁੱਕ ਦੇਂਦਾ ਮੰਦਾ”। ਉਹ ਜੇ ਗੁੱਸੇ ਵੀ ਹੋਏ ਹਨ ਤਾਂ ਤੈਨੂੰ ਮੱਤ ਦੇਣ ਲਈ ਜਾਂ ਮਾੜੇ ਕੰਮਾਂ ਤੋਂ ਰੋਕਣ ਲਈ।
ਉਸ ਦੀ ਸ੍ਰੀਰਕ ਬਣਤਰ ਤਾਂ ਦੁਬਲੀ ਪਤਲੀ ਜਿਹੀ ਹੈ, ਪਰ ਹੈ ਉਹ ਨਿਰਾ ਗੁਣਾਂ ਦਾ ਗੁਥਲਾ, ਰਾਮ ਚੰਦ ਦਾ ਉਸ ਨਾਲ ਕੀ ਮੁਕਾਬਲਾ ਸਰੀਰ ਦਾ ਭਾਰਾ ਹੈ, ਅਕਲ ਮੋਟੀ ਹੈ ਅਤੇ ਲੜਨਾ ਭਿੜਨਾ ਐਵੇਂ ਮੁੱਲ ਲੈਂਦਾ ਹੈ। ਸਿਆਣਿਆਂ ਨੇ ਕਿਹਾ ਹੈ, 'ਅਕਲ ਬੜੀ ਕਿ ਭੈਂਸ।'
ਸਦਾ ਕੌਰ- ਭਰਾ ਜੀ, ਮੈਂ ਤੁਹਾਨੂੰ ਵਰਜਦੀ ਰਹੀ, ਬਸੰਤੇ ਨਾਲ ਭਿਆਲੀ ਨਾ ਪਾਉ। ਤੁਸੀਂ ਆਖਦੇ ਸੀ, ਬੜਾ ਨਫਾ ਹੋਵੇਗਾ। ਪਰ 'ਅਕਲ ਵਾਲੇ ਨਾਲ ਭਿਖ ਮੰਗ ਲਈ ਚੰਗੀ ਤੇ ਮੂਰਖਾਂ ਨਾਲ ਰਾਜ ਮਾਣਿਆ ਮੰਦਾ' ਹੁਣ ਤੁਸਾਂ ਵੇਖਿਆ ਹੈ ਕੀ ਕਰਤੂਤ ਕੀਤੀ ਹੈ ਉਸ ਨੇ ਤੁਹਾਡੇ ਨਾਲ ?