ਉਸ ਬੜੇ ਹੱਥ ਪੈਰ ਮਾਰੇ, ਸੰਤਾਂ ਸਾਧਾਂ ਦੀ ਸ਼ਰਨ ਲਈ, ਪਰ ਹਾਲਤ ਉਹੀ ਰਹੀ। ‘ਖ਼ਸਮ ਕੀਤਾ ਚੁਗਤਾ, ਉਹੀ ਚੱਕੀ ਉਹੋ ਹੱਥਾ"। ਮੈਂ ਕੀ ਕਰਾਂ ?
ਦਰਸ਼ਨ ਸੀਤਾ ! ਤੂੰ ਤਾਂ ਸੁਦਰਸ਼ਨ ਦੀ ਆਓ-ਭਗਤ ਕਰਨ ਵਿੱਚ ਹੱਦ ਕਰ ਸੁੱਟੀ ਹੈ। ਸੀਤਾ- ਕਰਨੀ ਹੀ ਸੀ ਨਾ ਅਖੇ 'ਖ਼ਸਮ ਦਾ ਕੁੱਤਾ, ਸਰ੍ਹਾਣੇ ਸੁੱਤਾ।
ਰੱਬ ਨੇ ਚੌਧਰੀ ਹੁਰਾਂ ਨੂੰ ਉਹ ਭਾਗ ਲਾਏ ਹਨ ਕਿ ਉਨ੍ਹਾਂ ਨੂੰ ਹੁਣ ਕਿਸੇ ਦੀ ਪਰਵਾਹ ਨਹੀਂ। 'ਖ਼ਸਮ ਦੀਆਂ ਸਵਾਰੀਆਂ, ਕਦੇ ਨਾ ਦੇਂਦੀਆਂ ਵਾਰੀਆਂ।'
ਮੈਂ ਤੇ ਇਹ ਕੱਪੜਾ ਪੰਦਰਾਂ ਰੁਪਏ ਗਜ਼ ਲਿਆਂਦਾ ਹੈ ਤੇ ਤੁਸਾਂ ਨਿੰਦ ਦਿੱਤਾ ਹੈ। ਖ਼ਸਮਾਂ ਸੱਤਾਂ ਸੈਆਂ ਆਂਦੀ, ਚੋਰਾਂ ਪਸੰਦ ਹੀ ਨਹੀਂ ਕੀਤੀ।
ਫਸਲ ਕਿਵੇਂ ਚੰਗੀ ਹੋਵੇ। 'ਖ਼ਸਮਾਂ ਬਾਝੋਂ ਸੌਣ ਤਿਹਾਈਆਂ ।' ਪੈਲੀ ਚੰਗੀ ਹੈ, ਪਰ ਖਸਮ ਜੋ ਕੋਈ ਵਾਤ ਪੁੱਛਣ ਵਾਲਾ ਨਾ ਹੋਇਆ।
'ਖ਼ਸਮੇਂ ਭਾਣਾ ਖਰਾ ਸਿਆਣਾ' ਆਪਣੇ ਮਾਲਕ ਦੀ ਆਗਿਆ ਵਿੱਚ ਰਹਿਣਾ ਤੇ ਉਸਦੀ ਖ਼ੁਸ਼ੀ ਲੈਣੀ ਹੀ ਸਿਆਣਪ ਹੈ। ਹੋਰ ਚਤਰਾਈਆਂ ਸਭ ਵਿਅਰਥ ਹਨ।
ਆਹੋ ਕਾਕਾ ਜੀ ! "ਖ਼ਸਮੇ ਭਾਣੀ ਸੋਈ ਰਾਣੀ ।" ਤੁਸੀਂ ਉਹਦੇ ਔਗੁਣਾਂ ਨੂੰ ਕਿਉਂ ਗਿਣਦੇ ਹੋ, ਜਦ ਮਾਲਕਾਂ ਨੂੰ ਉਸਦਾ ਸਭ ਕੁਝ ਪਿਆਰਾ ਹੈ।
ਚੌਧਰੀ ਦੇ ਪੁੱਤਰ ਦਾ ਤਾਂ ਇਹ ਹਾਲ ਹੈ ਅਖੇ "ਖੱਟਣ ਨਾ ਖਾਣ, ਭੈੜਾ ਜਜਮਾਨ।" ਜਦੋਂ ਵੇਖੋ, ਵਿਹਲਾ ਗੱਪਾਂ ਮਾਰਦਾ ਫਿਰਦਾ ਹੈ।
ਕੌੜੇ ਬਚਨ ਸਾਰੀ ਚੰਗਿਆਈ ਉੱਤੇ ਪਾਣੀ ਫੇਰ ਦੇਂਦੇ ਹਨ। ਤੁਸਾਂ ਸੁਣਿਆ ਨਹੀਂ ਜੇ ਪਈ "ਖੱਟਾ ਖਾਵੇ ਮਿੱਠੇ ਨੂੰ ।"
ਚੱਟੂ, ਹੱਡ-ਹਰਾਮ, ਰੋਟੀਆਂ ਦਾ ਵੈਰੀ ! ਦੂਰ ਹੋ ਮੇਰੇ ਸਾਹਮਣਿਓਂ । ਜੀ ਅੱਕ ਗਿਆ ਏ। "ਖੱਟੂ ਆਵੇ ਡਰਦਾ ਨਿਖੱਟੂ ਆਵੇ ਲੜਦਾ।'' ਵਿਹਲਾ ਰਹਿ ਰਹਿ ਕੇ ਤੂੰ ਆਫਰ ਗਿਆ ਏਂ ਬਹੁਤਾ।
ਰੱਬ ਕਰੇ, ਜੀਉ, ਜਵਾਨੀਆਂ ਮਾਣੋ, ਖੱਟੋ ਕਮਾਓ । ਲੱਦੇ ਆਓ, ਲੱਦੇ ਜਾਓ। ਖੱਡ, ਵੱਢ ਤੇ ਗੱਡ ਭਰੇ ਹੀ ਸੁਹਾਂਦੇ ਹਨ।
ਖਤਰੀ ਸੋ ਜੁ ਕਰਮਾਂ ਕਾ ਸੂਰੁ ॥ ਪੁੰਨ ਦਾਨ ਕਾ ਕਰੈ ਸਰੀਰੁ ॥ ਖੇਤੁ ਪਛਾਣੈ ਬੀਜੈ ਦਾਨੁ ॥ ਸੋ ਖਤ੍ਰੀ ਦਰਗਹ ਪਰਵਾਣੁ ॥