ਜਰਮਨ ਦੀਵਾਰ ਨੇ ਦੋਹਾਂ ਜਰਮਨਾਂ ਨੂੰ ਕੰਧ ਵਿੱਥ ਤੇ ਕੰਧਾਰ ਵਿੱਥ ਬਣਾ ਦਿੱਤਾ ਹੈ ।
ਗੱਲ ਸੋਚ ਕੇ ਤੇ ਅੱਗਾ ਪਿੱਛਾ ਵੇਖ ਕੇ ਕਰਿਆ ਕਰੋ। ਜ਼ਮਾਨਾ ਬੜਾ ਖ਼ਰਾਬ ਏ । ਕੰਧਾਂ ਨੂੰ ਵੀ ਕੰਨ ਲੱਗੇ ਹੋਏ ਨੇ। ਇਹ ਨਾ ਸਮਝੋ ਜੁ ਤੁਸੀਂ ਕਹਿ ਦਿੱਤਾ ਤੇ ਗੱਲ ਲੁਕੀ ਰਹਿ ਗਈ। (
ਸ਼ੇਰ ਸਿੰਘ ਦੂਜੇ ਦੀ ਗੱਲ ਸੁਣ, ਝੱਟ ਪੱਟ ਗੁੱਸੇ ਵਿਚ ਆ ਗਿਆ। ਜੋ ਜੀ ਆਉਂਦਾ ਹੈ, ਹੁਕਮ ਚਾੜ੍ਹ ਦੇਂਦਾ ਹੈ। ਸੱਚ ਹੈ 'ਕੰਨਾ ਦਾ ਕੱਚਾ ਨਾ ਹੁੰਦਾ ਕਦੀ ਸੱਚਾ !'
ਰੱਖਾ ਮਲ ਤਾਂ ਦਿਲੋਂ ਇਸ ਕੰਮ ਤੋਂ ਪੱਲਾ ਛੁਡਾਣਾ ਚਾਹੁੰਦਾ ਹੈ, ਪਰ ਉਸਨੂੰ ਕੰਬਲੀ ਨਹੀਂ ਛੱਡਦੀ।
ਅਜਾਇਬ ਸਿੰਘ ਬੜਾ ਸੁਘੜ ਹੈ 'ਕੰਮ ਖ਼ਰਚ ਤੇ ਬਾਲਾ ਨਸ਼ੀਨ ।' ਸੰਕੋਚ ਵੀ ਕਰਦਾ ਹੈ, ਤੇ ਰਹਿੰਦਾ ਵੀ ਇੱਜ਼ਤ ਨਾਲ ਹੈ ।
ਰਾਮਾ ਤਾਂ ਬਸ ਨਾ ਕੰਮ ਦਾ ਹੈ ਨਾ ਕਾਜ ਦਾ ਤੇ ਵੈਰੀ ਹੈ ਅਨਾਜ ਦਾ। ਦੋਵੇਂ ਵੇਲੇ ਪ੍ਰਸ਼ਾਦੇ ਚੰਗੇ ਚੋਖੇ ਮਿਲਣੇ ਚਾਹੀਦੇ ਹਨ ; ਕੰਮ ਨੂੰ ਕਹੋ, ਤਾਂ ਓਹੋ ਵੇਲਾ ਤੇ ਓਹੋ ਘੜੀ ।
ਤੇਰੀ ਗ਼ਰੀਬੀ ਦਾ ਵੱਡਾ ਕਾਰਨ ਤੇਰਾ ਵਿਹਲੜਪੁਣਾ ਹੈ। ਕੰਮ ਨਾ ਕਾਰ ਤੇ ਕਰਮਾਂ ਦੀ ਮਾਰ । ਇਹ ਤਾਂ ਹੋਣਾ ਹੀ ਹੋਇਆ ।
ਉਹਦੇ ਦੂਜੇ ਸਾਥੀ ਉਹਦੇ ਨਾਲ ਕੰਮ ਕਰਦੇ ਅੱਕ ਜਾਂਦੇ ਸਨ ਤੇ ਕਹਿੰਦੇ ਸਨ, "ਇਹ ਸਾਡੇ ਭਾ ਦੀ ਜ਼ਹਿਮਤ ਕਿੱਥੋਂ ਆ ਗਈ ਹੈ। ਹਰ ਕਿਸੇ ਨੂੰ ਕੰਮ ਪਿਆਰਾ ਲਗਦਾ ਹੈ, ਚੰਮ ਪਿਆਰਾ ਨਹੀਂ ਹੁੰਦਾ ।”
ਕਈ ਲੋਕਾਂ ਦੀ ਮਿੱਤਰਤਾ ਨਿਰੀ ਮਤਲਬ ਦੀ ਹੁੰਦੀ ਹੈ। 'ਕੰਮ ਰਸੇ ਤਾਂ ਕਾਜੀ, ਨਾ ਰਸੇ ਤਾਂ ਪਾਜੀ।'
ਖਿਝਕੇ ਗੋਪਾਲ ਸਿੰਘ ਬੋਲਿਆ, "ਇਕ ਤੇ ਕਰੀਮਾ, ਤੂੰ ਵਕਤ ਬੜਾ ਜ਼ਾਇਆ ਕਰ ਦੇਨਾ ਏਂ । ਤੈਨੂੰ ਕਿੰਨੀ ਵੇਰ ਸਮਝਾਇਆ ਏ, ਪਈ ਕੰਮ ਵਿਚ ਘੜੰਮ ਨਾ ਪਾਇਆ ਕਰ। ਜੇ ਅਸਾਂ ਛੇਤੀ ਛੇਤੀ ਕੋਈ ਹੀਲਾ ਨਾ ਕੀਤਾ ਤਾਂ ਸਭ ਕੁਝ ਹੱਥੋਂ ਨਿਕਲ ਜਾਵੇਗਾ।"
ਚੌਧਰੀ-ਮੁਨਸ਼ੀ ਨੇ ਗੁੱਸੇ ਵਿਚ ਆਪ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ । ਸੱਚ ਹੈ : 'ਕ੍ਰੋਧੀ ਨਿੱਜ ਧਰੋਹੀ।'
ਗੁਲਛਰੇ ਤੂੰ ਉਡਾਵੇਂ ਤੇ ਭਰਦਾ ਮੈਂ ਫਿਰਾਂ। ਇਹ ਕਿਉਂ ? 'ਖ਼ਸਮ ਕਰੇ ਨਾਨੀ ਚੱਟੀ ਦੋਹਤਿਆਂ' ਦੇ ਸਿਰ। ਬਾਬਾ ਆਪਣੀ ਭਲੀ ਤੂੰ ਆਪ ਹੀ ਨਬੇੜ।