ਹੇ ਮੇਰੇ ਰੱਬਾ! ਸਿਆਣਿਆਂ ਠੀਕ ਆਖਿਆ ਏ 'ਅਕਲਾਂ ਬਾਝੋਂ ਖੂਹ ਖਾਲੀ'। ਸ਼ਾਹ ਨੂੰ ਛੱਡਕੇ ਜੱਟਾਂ ਦੀ ਨੌਕਰੀ। ਅਕਲ ਕਿਹੜੇ ਖਾਤੇ ਪਾਈ ਸੂ।
“ਅਕਲਿ ਏਹ ਨਾ ਆਖੀਐ ਅਕਲਿ ਗਵਾਈਐ ਬਾਦਿ ॥ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨ ॥ ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ ਨਾਨਕ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ।।”
ਗੁਛਾ ਹੋਇ ਧ੍ਰਿਕੋਨਿਆ ਕਿਉਂ ਵੁੜੀਐ ਦਾਖੈ । ਅੱਕੈ ਕੇਰੀ ਖੱਖੜੀ ਕੋਈ ਅੰਬ ਨਾ ਆਖੈ।
ਜੈ ਸਿੰਘ- ਬਲਵੰਤ ਸਿੰਘ ਜੀ ! ਇਹ ਸੱਚ ਜੇ ਕਿ ਅੱਖ ਹੈ ਤਾਂ ਲਖ ਹੈ। ਅੱਖ ਦੀ ਕੀਮਤ ਦਾ ਪਤਾ ਅੱਖ ਵਿਗੜਨ ਨਾਲ ਹੀ ਲਗਦਾ ਹੈ।
ਅਖੇ 'ਅੱਖ ਟੱਡੀ ਰਹੀ ਤੇ ਕੱਜਲ ਲੈ ਗਿਆ ਕਾਂ।' ਰਾਮ ਸਿੰਘ ਨੇ ਬਿਜਲੀ ਦਾ ਠੇਕਾ ਲੈਣ ਲਈ ਦਿਨ ਰਾਤ ਇੱਕ ਕਰ ਦਿੱਤਾ, ਪਰ ਸਿਫ਼ਾਰਸ਼ ਪੁਆ ਕੇ ਠੇਕਾ ਹਰਕਿਸ਼ਨ ਲਾਲ ਨੇ ਲੈ ਲਿਆ।
ਬੰਸੋ- ਨੀ ਕੋਈ ਚੱਜ ਦੀ ਗੱਲ ਕਰ, ਤੇਰੀ ਤਾਂ ਉਹੀ ਗੱਲ ਹੈ ਅਖੇ ‘ਅੱਖੋਂ ਅੰਨ੍ਹੀ, ਮਮੀਰੇ ਦਾ ਸੁਰਮਾ’ । ਤੈਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਹੀ ਕੀ ਹੈ ? ਉਂਜ ਵਿਚਾਰੇ ਗੱਭਰੂ ਦਾ ਸਿਰ ਖਾਂਦੀ ਰਹਿੰਦੀ ਹੈਂ।
ਗੁਲਾਬ ਸਿੰਘ- ਸਾਡੀ ਲਾਜੋ ਤਾਂ ਐਨੀ ਸੁਹਣੀ ਹੈ ਕਿ ਸ਼ਕਲ ਦੇਖਦੇ ਹੀ ਬੰਦਾ ਕਹਿ ਉਠਦਾ ਹੈ ਅਖੇ ਅੱਖ ਨਾ ਪੂਛ, ਵਹੁਟੀ ਨਗੀਨੇ ਵਰਗੀ। ਅਸੀਂ ਕਦੀ ਢੇਰ ਉਪਰ ਵੀ ਉਸ ਨੂੰ ਬਿਠਾ ਦੇਈਏ ਤਾਂ ਕਾਂ ਚੁੰਜ ਨਹੀਂ ਮਾਰੇਗਾ।
ਉਹ ਨਿਰਾ ਮਾਧੋ ਏ ਮਾਧੋ । ਨਾ ਤਾਂ ਕੋਈ ਕੰਮ ਕਰ ਸਕਦਾ ਹੈ ਅਤੇ ਨਾ ਕਰਨ ਦੀ ਸਮਰੱਥਾ ਹੈ। ਚੌਧਰਪੁਣਾ ਵੇਖੋ ਤਾਂ ਸਭ ਤੋਂ ਵੱਧ। ਉਸ ਦੀ ਹਾਲਤ ਤਾਂ ਉਹ ਹੈ ਅਖੇ 'ਅੱਖਰ ਇੱਕ ਨਾ ਜਾਣਦਾ ਨਾਉਂ ਇਲਮਦੀਨ'।
ਅੱਖਰ ਲੇਖ ਦੇ ਲਿਖੇ ਨਾ ਮੁੜਨ ਹਰਗਿਜ਼, ਕਿਉਂ ਹੋਨਾ ਏ ਸਮਝ ਗੁਮਰਾਹ ਕਾਜ਼ੀ ।
ਜ਼ੈਨਾ- ਵਾਹ ਵਾਹ ! ਬਰਕਤ ਦੀਆਂ ਕੀ ਗੱਲਾਂ ਨੇ ? ਪੇਕਿਆਂ ਦਾ ਘਰ ਤਾਂ ਅੱਜ ਕੱਲ੍ਹ ਇਸ ਦੀ ਬਰਕਤ ਨਾਲ ਭਰਿਆ ਪਿਆ ਏ ਤੇ ਅਗਲਿਆਂ ਨੂੰ ਜਾ ਕੇ ਰੰਗ ਲਾਏਗੀ। ਅੱਖੀਓਂ ਅੰਨ੍ਹੀ ਤੇ ਨਾਂ ਨੂਰ ਭਰੀ।
ਗੁਰਨਾਮ ਨੂੰ ਘਰੋਂ ਨਿਕਲਿਆਂ ਅੱਜ ਪੂਰੇ ਛੀ ਸਾਲ ਹੋ ਗਏ ਹਨ, ਕੋਈ ਖਤ ਪੱਤਰ ਨਹੀਂ ਤੇ ਕੋਈ ਸੁੱਖ ਸੁਨੇਹਾ ਨਹੀਂ। ਮਾਂ ਉਸ ਦੀ ਪਹਿਲੇ ਦੋ ਸਾਲ ਤਾਂ ਬੜੀ ਤੜਫੀ, ਪਰ ਹੁਣ ‘ਅੱਖੀਉਂ ਦੂਰ ਤੇ ਦਿਲੋਂ ਦੂਰ ਵਾਲਾ ਦਿਲ ਬਣਾ ਕੇ ਸਬਰ ਕਰ ਕੇ ਬੈਠ ਗਈ ਹੈ।
ਕਰਤਾਰੋ -ਜਸੋ ਰਾਣੀ ਦੀ ਕੀ ਗੱਲ ਕਰਨੀ ਹੋਈ। 'ਅੱਖੀਆਂ ਨਾਲ ਫੁਲ ਨਾ ਡਿੱਠਾ ਤੇ ਨਾਂ ਗੁਲ-ਬੀਬੀ’, ਜੋ ਉਹ ਹੈ ਉਹ ਤੁਹਾਥੋਂ ਗੁੱਝੀ ਨਹੀਂ। ਉੱਪਰੋਂ ਜੋ ਮਰਜ਼ੀ ਹੈ, ਬਣ ਬਣ ਬਹੇ।