ਤੁਸੀਂ ਆਪ ਤੇ ਕਦੇ ਹਿਸਾਬ ਦੀ ਪੜਤਾਲ ਨਹੀਂ ਕੀਤੀ। ਮੁਨੀਮਾਂ ਪਾਸੋਂ ਹੋਰ ਕੀ ਆਸ ਰੱਖਦੇ ਹੋ। ਜਿਸ ਖੇਤੀ ਤੇ ਖਸਮ ਨਾ ਜਾਵੇ, ਉਹ ਖੇਤੀ ਖਸਮਾਂ ਨੂੰ ਖਾਵੇ।
ਅੱਜ ਮੈਂ ਰੰਦਾ ਫੜ ਟੂਲ ਸਾਫ ਕਰਨ ਲੱਗ ਪਿਆ ਤੇ ਆਪਣਾ ਹੱਥ ਜ਼ਖਮੀ ਕਰ ਲਿਆ । ਠੀਕ ਹੈ 'ਜਿਸ ਦਾ ਕੰਮ ਉਸੇ ਨੂੰ ਸਾਜੇ, ਹੋਰ ਕਰੇ ਤਾਂ ਠੀਂਗਾ ਬਾਜੇ।
ਅਪਣੇ ਅਫਸਰ ਦੇ ਗੁਣ ਉਹ ਨਾ ਗਾਇ ਤਾਂ ਕੀ ਕਰੇ, ਉਸੇ ਨੇ ਤਾਂ ਉਹਨੂੰ ਚੁੱਕਿਆ ਹੈ, ਅਖੇ ਜਿਸਦਾ ਖਾਈਏ, ਉਸੇ ਦਾ ਕਤੀਏ।
'ਜਿਸ ਦਾ ਦੁੱਧ ਵਿਕਦਾ ਹੈ, ਉਹ ਮੱਖਣ ਕਾਹਨੂੰ ਕੱਢੇ । ਜਦ ਘਰ ਬੈਠੇ ਹੀਰਾ ਸਿੰਘ ਨੂੰ ਰੁਪਏ ਆ ਰਹੇ ਹਨ, ਤਦ ਉਹ ਹਲ ਕਿਉਂ ਵਾਹੇ ?
ਸਾਡਾ ਜ਼ੈਲਦਾਰ ਲੋਕਾਂ ਨੂੰ ਇਕੱਠ ਕਰਕੇ ਭਾਰਤ ਸਰਕਾਰ ਦਾ ਜਸ ਸੁਣਾਂਦਾ ਹੁੰਦਾ ਹੈ, ਤੇ ਆਖਿਆ ਕਰਦਾ ਹੈ 'ਜਿਸ ਦਾ ਲੂਣ ਖਾਈਏ, ਉਸ ਦਾ ਗੁਣ ਗਾਈਏ।'
ਇਨ੍ਹਾਂ ਦੇ ਟੱਬਰ ਦੇ ਕਈ ਅਦਮੀ ਵਪਾਰੀ ਸਨ। ਜਿਨ੍ਹਾਂ ਨੇ ਹਜ਼ਾਰਾਂ ਤੇ ਲੱਖਾਂ ਰੁਪੀਏ ਸਰਕਾਰ ਨੂੰ ਫਰੌਤੀ ਕੰਮਾਂ ਲਈ ਦਿੱਤੇ ਸਨ । ਅਜਿਹੇ ਟੱਬਰ ਦੇ ਕਿਸੇ ਨੌਜਵਾਨ ਲਈ ਪੀ. ਸੀ. ਐਸ. ਬਣ ਜਾਣਾ ਕੋਈ ਵੱਡੀ ਗੱਲ ਨਹੀਂ ਸੀ। ਜਿਨ੍ਹਾਂ ਦੇ ਘਰ ਦਾਣੇ ਉਨ੍ਹਾਂ ਦੇ ਕਮਲੇ ਵੀ ਸਿਆਣੇ ।
ਸਾਇੰਸ ਸਾਨੂੰ ਕਈ ਕੁਰਾਹੇ ਪਾਣ ਵਾਲੀਆਂ ਸੋਚਾਂ ਪੇਸ਼ ਕਰਦੀ ਹੈ। ਦੁਤ-ਵਿਗਿਆਨ (Biology) ਨੂੰ ਲਉ, ਇਸ ਦਾ ਮਸ਼ਹੂਰ ਨਿਯਮ "ਜਿਸਦੀ ਲਾਠੀ ਉਸ ਦੀ ਭੈਂਸ" ਹੈ, ਪਰ ਇਹ ਸਾਡੇ ਜੀਵਨ ਦੀ ਬੜੀ ਅਧੂਰੀ ਤਸਵੀਰ ਹੈ।
ਸ਼ਾਹ ਜੀ ਬੜੇ ਵੱਡੇ ਆਦਮੀ ਹਨ, ਹਰ ਕੰਮ ਉਨ੍ਹਾਂ ਦੀ ਸਲਾਹ ਨਾਲ ਹੁੰਦਾ ਹੈ । ਸੋ ਸਾਰੇ ਨੌਕਰ ਮੁਨੀਮ ਦਾ ਵੀ ਬੜਾ ਹੀ ਸਤਿਕਾਰ ਕਰਦੇ ਹਨ। ਸੱਚ ਤੇ ਹੈ ਜਿਸ ਪੱਲੇ ਹੋਵੇ ਉਹ ਬੱਤੀ ਸੁਲੱਖਣਾ, ਜਿਸ ਪੱਲੇ ਪਵੇ; ਉਹ ਤੇਤੀ ਸੁਲੱਖਣਾ।
ਨਾ ਭਾਈ ਏਡਾ ਕੌੜਾ ਨਾ ਬੋਲ, ਜਿਸ ਨਾਲ ਬੀਤਦੀ ਹੈ ਉਹੀ ਜਾਣਦਾ ਹੈ । ਸਿਆਣਿਆਂ ਆਖਿਆ ਹੈ 'ਜਿਸਦੇ ਪੈਰ ਨ ਫੁਟੀ ਬਿਆਈ ਉਹ ਕੀ ਜਾਣੇ ਪੀਰ ਪਰਾਈ ।'
ਰਘੂਨਾਥ - ਜਿਸ ਨੂੰ ਕਿਸੇ ਚੀਜ਼ ਦੀ ਪ੍ਰਾਪਤੀ ਦੀ ਤੀਬਰ ਇੱਛਿਆ ਹੋਵੇ, ਉਹ ਉਸ ਦੇ ਪਾ ਲੈਣ ਦਾ ਹੀਲਾ ਕੱਢ ਹੀ ਲੈਂਦਾ ਹੈ। 'ਜਿਸ ਨੂੰ ਚਾਹ, ਉਹਨੂੰ ਸਭੇ ਰਾਹ' ਵਾਲੀ ਗੱਲ ਹੈ।
ਕੀ ਪੁੱਛਦੇ ਹੋ, ਬੁੱਧੀ ਹੀ ਮਾਰੀ ਗਈ ਸੀ। ਮਾੜੇ ਦਿਨ ਜੂ ਆ ਗਏ ਸਨ। ਸਿਆਣਿਆਂ ਨੇ ਐਵੇਂ ਤਾਂ ਨਹੀਂ ਆਖਿਆ : - 'ਜਿਸ ਨੂੰ ਪ੍ਰਭ ਦੁਖ ਦੇਵੇ ਅੱਤ, ਉਸ ਦੀ ਪਹਿਲਾਂ ਮਾਰੇ ਮੱਤ'।
ਤੁਸੀਂ ਕਰੋ ਮੈਂਬਰੀਆਂ ਤੇ ਬਣਾਉ ਪਾਰਟੀਆਂ । ਸਾਨੂੰ ਤਾਂ ਲੋੜ ਨਹੀਂ, ਅਸਾਂ ਜਿਹੜੇ ਪਿੰਡ ਨਹੀਂ ਜਾਣਾ, ਉਸ ਦਾ ਰਾਹ ਕਾਹਨੂੰ ਪੁੱਛਣਾ ਹੈ ?