ਆਪੇ ਜਾਂਞੀ ਆਪੇ ਮਾਂਞੀ ਆਪਿ ਸੁਆਮੀ ਆਪਿ ਦੇਵਾ॥ ਆਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥ ਕਹੁ ਨਾਨਕ ਸਹੁ ਘਰ ਮਹਿ ਬੈਠਾ ਮੇਰੇ ਬੰਕ ਦੁਆਰੇ ।
ਭਈ ਇਹ 'ਤਾਂ ਆਪਣੇ ਝਸ ਸਿਖਾਏ ਆਪਣੇ ਅੱਗੇ ਆਏ' ਵਾਲਾ ਲੇਖਾ ਹੈ, ਆਪਣੀਆਂ ਪਾਈਆਂ ਗੰਢਾਂ ਆਪੇ ਖੋਲ੍ਹੋ ।
ਭਈ ਤੈਨੂੰ ਕਿਹਨੇ ਕਿਹਾ ਸੀ ਕਿ ਇਸ ਜਿਲਣ ਵਿੱਚ ਫਸ । ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।
ਮਨਜੋਤ ਨੇ ਆਪਣੀ ਮਰਜ਼ੀ ਨਾਲ, ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਵਾ ਲਿਆ ਜਦਕਿ ਉਸ ਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਅਤੇ ਅੜਬ ਸੁਭਾਅ ਦਾ ਹੈ। ਹੁਣ ਨਿੱਤ ਦੇ ਕਲੇਸ ਤੋਂ ਦੁਖੀ ਹੋ ਕੇ ਇੱਕ ਦਿਨ ਉਹ ਆਪਣੀ ਮਾਂ ਕੋਲ ਆ ਕੇ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ- "ਆਪੇ ਫਾਥੜੀਏ ਤੈਨੂੰ ਕੌਣ ਛੁਡਾਏ।"
ਸੱਜਣਾ ਇੱਥੇ ਤਾਂ ਉਹ ਗੱਲ ਹੈ ਭਈ 'ਆਪੇ ਬੀਜਿ ਆਪੇ ਹੀ ਖਾਹੁ', 'ਜੈਸੀ ਕਰਨੀ ਵੈਸੀ ਭਰਨੀ'।
ਆਪੇ ਮਾਰੇ ਤੇ ਆਪ ਜੀਵਾਇ, ਅਤੇ ਅਜਰਾਈਲ ਬਹਾਨੜਾ ਈ ! ਮੈਂ ਕੀ ਜਾਣਾ ਰਮਜ਼ ਯਾਰ ਦੀ ਹੈਦਰ, ਤੇ ਫਿਰਦਾ ਲੋਕ ਦੀਵਾਨੜਾ ਈ।
ਰਾਮ ਚੰਦ ਸਾਰਾ ਦਿਨ ਆਪਣੇ ਕਾਰੋਬਾਰ ਅਤੇ ਆਪਣੀ ਔਲਾਦ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਉਸ ਬਾਰੇ ਪਿੰਡ ਦੇ ਲੋਕ ਅਕਸਰ ਕਹਿੰਦੇ ਹਨ ਕਿ ਉਸ ਦੀ ਤਾਂ ਉਹ ਗੱਲ ਹੈ, ਅਖੇ : "ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।"
ਛੱਡ ਤੂੰ ਰੰਨਾਂ ਦੀਆਂ ਗੱਲਾਂ ਨੂੰ ।ਆਪੇ ਰੰਨਾਂ ਮੋਹਰਾ ਦੇਵਨ, ਆਪੇ ਕਰਨ ਸਿਆਪੇ । ਆਪ ਹੀ ਮੈਨੂੰ ਵਹੁਟੀ ਨੇ ਪਰਦੇਸ ਘਲਿਆ, ਅਖੇ ਖੱਟ ਕੇ ਲਿਆ । ਆਪ ਹੀ ਪਿੱਛੋਂ ਰੋਣ ਲਗੀ, ਅਖੇ ਇਕੱਲੀ ਹਾਂ ।
ਮੈਂ ਕਿਨ੍ਹਾਂ ਦੁਖਾਂ ਨੂੰ ਫੜੀ ਗਈ ? 'ਆਪ ਵਿਹਾਜੇ ਮਾਮਲੇ ਆਪੇ ਹੱਡ ਪਏ। ਹੇ ਦਿਆ ! ਤੂੰ ਕਸਾਇਣ ਹੋ ਚੁਕੀ । ਮੈਂ ਦਿਆ ਹੀ ਕੀਤੀ ਤਾਂ ਮੈਂ ਫਸੀ।
ਮੂਰਖ ਆਪਣੇ ਪਿਉ ਦਾਦੇ ਦਾ ਕਿੱਤਾ ਛੱਡ ਕੇ ਮੁਨਸ਼ੀਗਿਰੀ ਕਰਨ ਲੱਗਾ; ਕੀ ਲਭਣਾ ਸੀ ਉਸਨੂੰ ਮੁਨਸ਼ੀ ਬਣ ਕੇ ? ਬਸ 'ਆਬ ਆਬ ਕਰ ਮੋਇਉਂ ਬੱਚਾ, ਫ਼ਾਰਸੀਆਂ ਘਰ ਗਾਲੇ ਵਾਲੀ ਗੱਲ ਹੋਈ । ਨੰਗ ਹੋ ਕੇ ਮੁੜ ਕਿਰਸਾਨੀ ਕਰਨ ਲੱਗਾ ।
ਇਹ ਦਰਦਨਾਕ ਸਮਾਚਾਰ ਸੁਣ ਕੇ ਸਭ ਦੇ ਕਲੇਜੇ ਕੰਬ ਗਏ, ਅੱਖਾਂ ਵਿੱਚ ਜਲ ਤੇ ਦਿਲਾਂ ਵਿਚ ਰੰਜ ਭਰ ਗਿਆ । ਪਰ ਕੀ ਕਰ ਸਕਦੇ ਸਨ ? 'ਆ ਬਣੀ ਦਾ ਕੀ ਦਾਰੂ ?’
ਤੁਹਾਡੀ ਤਾਂ ਉਹ ਗੱਲ ਹੈ ਅਖੇ 'ਆ ਬਲਾਈਏ ਪਿੰਡੇ ਲੱਗ ।' ਰਤਾ ਵਿਚਾਰ ਤੋਂ ਕੰਮ ਲਵੋ । ਖਾਹ-ਮੁ-ਖ਼ਾਹ ਕਿਉਂ ਅੱਗ ਵਿਚ ਹੱਥ ਪਾਂਦੇ ਹੋ?