ਤੀਜਾ ਬਈ ਭਰਾਓ, ਮੈਂ ਤਾਂ ਸੱਚੀ ਗੱਲ ਮੂੰਹ ਤੇ ਕਹਿੰਦਾਂ ਜੇ । 'ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ' ਜੇ ਇਸ ਗਿਆਨੀ ਨੂੰ ਕਿਸੇ ਮਨਾਂ ਨਾ ਕੀਤਾ ਤੇ ਖੌਰੇ ਰਵਾਣੀ ਵਾਲਾ ਕੁਪੱਤ ਇੱਥੇ ਵੀ ਹੋਕੇ ਹੀ ਰਹੂ’।
ਸਰਦਾਰ ਜੀ ! ਕਾਹਲੇ ਨਾ ਪਵੋ ! 'ਅਜੇ ਦਿੱਲੀ ਦੂਰ ਏ' ਏਨੀ ਛੇਤੀ ਫਲ ਨਹੀਂ ਮਿਲਣਾ ਤੁਹਾਨੂੰ ਮਿਹਨਤ ਦਾ ।
ਤੁਸਾਂ ਪਹਿਲੀ ਵੇਰ ਵੇਖਿਆ ਏ, ਮੈਂ ਤਾਂ ਇਸ ਤੋਂ ਪਹਿਲਾਂ ਦੋ ਵਾਰੀ ਕਸ਼ਮੀਰ ਵੇਖ ਚੁਕੀ ਹਾਂ । 'ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਛੂਹੀ ।" ਕਸ਼ਮੀਰ ਦਾ ਅਸਲੀ ਰੂਪ ਅਜੇ ਤੀਹ ਮੀਲ ਅੱਗੇ ਜਾਕੇ ਤੁਹਾਨੂੰ ਦਿਸੇਗਾ।
ਕਬੀਰ ਗਰਬੁ ਨਾ ਕੀਜੀਐ ਰੰਕ ਨਾ ਹਸੀਐ ਕੋਇ ॥ ਅਜਹੁ ਸੁ ਨਾਉ ਸਮੁਦ੍ਰ ਮਹਿ ਕਿਆ ਜਾਨਉ ਕਿਆ ਹੋਇ॥
ਬਸੰਤ ਨੂੰ ਮੋਇਆਂ ਅਜੇ ਮਹੀਨਾ ਕੁ ਹੀ ਹੋਇਆ ਹੈ ਕਿ ਉਸ ਦੇ ਪਤੀ ਨੇ ਨਵੀਂ ਵਹੁਟੀ ਦੀ ਗੱਲਬਾਤ ਵਿੱਚ ਹਾਂ ਮਿਲਾਣੀ ਸ਼ੁਰੂ ਕਰ ਦਿੱਤੀ। ਬਸੰਤ ਨਾਲ 'ਅੱਜ ਮੋਏ ਤੇ ਕੱਲ੍ਹ ਦੂਆ ਦਿਹਾੜਾ (ਦਿਨ)" ਵਾਲੀ ਗੱਲ ਹੋਈ ।
ਹਜ਼ਾਰਾ ਸਿੰਘ - ਕੁਲਦੀਪ ਸਿੰਘ ਨਾਲ ਤਾਂ 'ਅੱਜ ਮੋਏ, ਕੱਲ੍ਹ ਚੌਥਾ' ਵਾਲੀ ਗੱਲ ਬਣੀ ਹੈ। ਹਾਲੀ ਸਵਾਹ ਠੰਡੀ ਵੀ ਨਹੀਂ ਹੋਈ ਕਿ ਘਰ ਵਿੱਚ ਸੋਗ ਦਾ ਨਾਂ ਨਿਸ਼ਾਨ ਨਹੀਂ ਦਿਸਦਾ ।
ਸਾਡੇ ਨਾਲ ਤਾਂ 'ਅੱਜ ਮੇਰੀ ਮੰਗਣੀ ਤੇ ਕੱਲ੍ਹ ਮੇਰਾ ਵਿਆਹ' ਵਾਲਾ ਹਾਲ ਹੋਇਆ। ਜਾਂਦਿਆਂ ਹੀ ਕੰਮ ਹੋ ਗਿਆ ਤੇ ਝਟਪਟ ਪਰਤ ਆਏ ।
ਪੰਚ - ਸ਼ਾਹ ਜੀ, ਸਾਫ ਸਾਫ ਉੱਤਰ ਦਿਉ। 'ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ ।" ਮੈਂ ਤਾਂ ਸਿੱਧੀ ਗੱਲ ਦਾ ਗਾਹਕ ਹਾਂ, ਵਿੰਗ ਵਲੇਵੇਂ ਦਾ ਨਹੀਂ ।
ਰੱਬ ਜਾਣੇ ਫੇਰ ਇਹ ਦਿਨ ਦੇਖਣਾ ਏ ਕਿ ਨਹੀਂ । 'ਅੱਜ ਦਾ ਦਿਨ ਮਿੱਠਾ ਤੇ ਕੱਲ੍ਹ ਕਿਨੇ ਡਿੱਠਾ ।" ਇੱਕ ਵਾਰੀ ਤਾਂ ਤੇਰੀ ਖੁਸ਼ੀ ਰੱਜ ਕੇ ਵੇਖ ਲਈਏ ।
ਮਾਸਟਰ-- ਬੱਚਿਉ ! ਇਹ ਗੱਲ ਪੱਲੇ ਬੰਨ੍ਹ ਲਵੋ ਕਿ 'ਅੱਜ ਦਾ ਕੰਮ ਕੱਲ੍ਹ ਉਤੇ ਨਹੀਂ ਛੱਡਣਾ ।'
ਆਓ, ਵੀਰ ਜੀ, ਜੀ ਆਇਆਂ ਨੂੰ ! ਇੰਨੇ ਖਤ ਪਾਏ ਤਾਂ ਤੁਸੀਂ ਆਏ ਨਹੀਂ ! ਇਉਂ ਜਾਪਦਾ ਹੈ ਕਿ ਅੱਜ ਕਿਧਰੇ ਰੱਬ ਤੁੱਠਾ ਹੈ ।
ਰਜਿੰਦਰ—ਮੀਆਂ ! ਦੁਨੀਆਂ ਵਿਚ ਇਸੇ ਤਰ੍ਹਾਂ ਹੁੰਦਾ ਏ। ‘ਅੱਜ ਹੋਰ ਤੇ ਕੱਲ੍ਹ ਹੋਰ । ਕੌਣ ਕਿਸੇ ਨਾਲ ਜੁੜ ਕੇ ਬੈਠਾ ਰਵੇ ?