ਵੇਖੋ ਰੱਬ ਦੇ ਰੰਗ ! ਲੇਖ ਵੀ ਕੇਹੇ ਵੱਖ ਵੱਖ ਲਿਖੇ ਸੂ। ਕਿਸੇ ਨੂੰ ਕੱਖ, ਕਿਸੇ ਨੂੰ ਲੱਖ' ਦਿੰਦਾ ਜੇ।
ਯਾਰ ! ਇਹ ਕੀ ਖੇਡ ਬਣਾਈ ਹੋਈ ਜੇ । 'ਕਿਸੇ ਨੂੰ ਸਾਈ, ਕਿਸੇ ਨੂੰ ਵਧਾਈ' । ਲਾਰਾ ਕਿਤੇ ਲਾਣਾ ਤੇ ਕੰਮ ਕਿਤੇ ਕਰਨਾ।
ਸਜਨੋ, ਸੰਸਾਰ ਦੀ ਇਹੀ ਕਾਰ ਹੈ ਕਿ 'ਕਿਸੇ ਦੇ ਅੰਬ, ਕਿਸੇ ਦੀ ਅੰਬੀ। ਕੋਈ ਖਟਦਾ ਹੈ, ਕੋਈ ਗੁਆਂਦਾ ਹੈ।
ਸਰਨ ਸਿੰਘ ਦੀ ਖੱਟੀ ਜੋ ਪਾਪ ਦੀ ਸੀ ਇਵੇਂ ਹੀ ਜਾਣੀ ਸੀ । ਕਿਸੇ ਦਾ ਧਨ ਕੋਈ ਖਾਏ ਪਾਪੀ ਦਾ ਸਾਲ ਅਕਾਰਥ ਜਾਏ।
ਰਾਧਾ ਕ੍ਰਿਸ਼ਨ-- ਇਹ ਠੀਕ ਹੈ ਕਿ ਜਿਤਨਾ ਖ਼ਰਚ ਰਾਮੋ ਦੇ ਬਾਕੀ ਸਾਰੇ ਟੱਬਰ ਦਾ ਆਂਦਾ ਹੈ, ਉੱਨਾਂ ਇਕੱਲਾ ਚਾਚੇ ਦਾ ਹੈ। ਪੇਟੂ ਜੋ ਹੋਇਆ। ਸਿਆਣਿਆਂ ਨੇ ਸੱਚ ਆਖਿਆ ਹੈ, ਕਿਸੇ ਦਾ ਟੱਬਰ ਵੱਡਾ, 'ਕਿਸੇ ਦਾ ਬੱਬਰ ਵੱਡਾ।'
'ਕਿਸੇ ਦਾ ਹੱਥ ਚਲੇ, ਕਿਸੇ ਦਾ ਮੂੰਹ ਚਲੇ'। ਤੂੰ ਮੈਨੂੰ ਮਾਰੀ ਜਾਂਦਾ ਹੈਂ, ਮੈਂ ਅੱਗੋਂ ਗਾਲਾਂ ਵੀ ਨਾ ਕੱਢਾਂ ?
ਵੇਖੋ ਬਿਪਤਾ ਸਮੇਂ ਮੈਂ ਪਿਆਰਾ ਸਿੰਘ ਦੀ ਕਿਤਨੀ ਸਹਾਇਤਾ ਕੀਤੀ, ਪਰ ਉਸ ਨੇ ਮੇਰੇ ਸਿਰ ਕੀ ਸਿਆਪਾ ਪੁਆ ਦਿੱਤਾ ਹੈ। ਸ਼ਾਇਦ 'ਕਿਸੇ ਜੁਗ ਦਾ ਵੱਟਾ ਲੈਣਾ ਹੋਵੇਗਾ।'
ਕੀ ਕਰੀਏ ਜੀ । ਉਹ ਤਾਂ ਕਿਸੇ ਛਾਬੇ ਵੀ ਪੂਰਾ ਨਹੀਂ ਹੁੰਦਾ। ਝਗੜਾ ਵਿੱਚੋਂ ਮੁੱਕਣ ਹੀ ਨਹੀਂ ਦੇਂਦਾ।
ਕੋਈ ਗੱਲ ਨਹੀਂ। 'ਕਿਸੇ ਖੋਤੀ ਵਾਹ ਖਾਧੀ, ਕਿਸੇ ਪੋਥੀ ਵਾਹ ਖਾਧੀ'। ਉਸ ਠੇਕੇਦਾਰੀ ਕਰ ਲਈ ਅਸਾਂ ਮਜੂਰੀ ਕਰ ਲਈ। ਰੋਟੀ ਹੀ ਕਮਾਣੀ ਹੈ ! ਫ਼ਰਕ ਕੀ ਹੋਇਆ ?
ਕਿਸਮਤ ਨਾਲ ਝਗੜਨ ਦਾ ਕੀ ਲਾਭ ? ਤੂੰ ਸੁਣਿਆ ਨਹੀਂ 'ਕਿਸਮਤ ਨਾਲ ਵਲੱਲੀ ਝਗੜੇ।' ਹੁੰਦਾ ਤਾਂ ਓਹੀ ਹੈ, ਜੋ ਭਾਗਾਂ ਵਿੱਚ ਲਿਖਿਆ ਹੋਵੇ।
ਕੋਈ ਗੱਲ ਨਹੀਂ । ਉਸ ਨੂੰ ਹੁਣੇ ਮਲੂਮ ਹੋ ਜਾਏਗਾ, ਜੁ ਉਹ ਕਿਸ ਰਾਜੇ ਦੀ ਪਰਜਾ ਹੈ ?
ਹਾਕਮ ਕਿਸ ਬਾਗ਼ ਦੀ ਮੂਲੀ ਏ, ਸ਼ਾਮ ਸਿੰਘ ਨੇ ਤਾਂ ਬੜਿਆ ਬੜਿਆਂ ਦੀ ਨਾਂਹ ਕਰਾ ਦਿੱਤੀ ਹੋਈ ਏ।