ਪ੍ਰਾਹੁਣੇ ਖੁਸ਼ ਕਿਵੇਂ ਜਾਂਦੇ । ਜੰਞ ਦੀ ਜੰਞ ਆ ਵੜੀ, ਅਖੇ 'ਇਕ ਦਾ ਮੂੰਹ ਤੇ ਖੰਡ ਨਾਲ ਭਰ ਸਕੀਦਾ ਹੈ, ਪਰ ਬਹੁਤਿਆਂ ਦਾ ਤਾਂ ਸਵਾਹ ਨਾਲ ਭੀ ਨਹੀਂ ਭਰ ਸਕੀਦਾ।
ਤੁਹਾਨੂੰ ਧੀਰਜ ਨਹੀਂ ਛੱਡਣਾ ਚਾਹੀਦਾ। ਤੁਹਾਡੇ ਵਰਗੇ ਯੂਸਫ਼ ਸਾਨੀ ਨੌਜਵਾਨ ਲਈ ਹੋਰ ਤੀਵੀਆਂ ਦਾ ਘਾਟਾ ਹੈ ? ''ਇਕ ਦਰ ਬੰਦ ਸਹੰਸਰ ਦਰ ਖੁੱਲਾ ।"
ਜ਼ਿੰਦਗੀ ਵੀ ਖੂਬ ਹੈ । 'ਇਕ ਤੰਦ ਖੋਲੋ, ਦੂਜੀ ਉਲਝ ਜਾਂਦੀ ਹੈ।'
ਅਖੀਰ ਸੋਚਦਿਆਂ ਸੋਚਦਿਆਂ ਉਸਨੂੰ ਇਕ ਢੰਗ ਲੱਭ ਹੀ ਪਿਆ । 'ਇਕ ਤੀਰ ਨਾਲ ਦੂਹਰਾ ਨਿਸ਼ਾਨਾ' ਢੂੰਡਣ ਵਾਲਾ।
ਮੈਨੂੰ ਸਮਝ ਨਹੀਂ ਆਉਂਦੀ ਕਿ ਤੂੰ ਕਿਉਂ ਇਸ ਗੱਲ ਦੀ ਜ਼ਿੱਦ ਕਰਦਾ ਹੈਂ। ਜਿਤਨੀ ਸਮਰੱਥਾ ਹੋਵੇ, ਉਤਨੇ ਹੀ ਪੈਰ ਪਸਾਰੀਦੇ ਹਨ। ਤੁਹਾਡੀ ਤੇ ਇਹ ਗੱਲ ਹੈ- 'ਇਕ ਢੁਕਦੀ ਨਹੀਂ, ਮੀਆਂ ਦੋ ਪਰਨਾਏ।'
ਤੁਸੀਂ ਤਾਂ 'ਇਕ ਡਗੇ ਪਿੰਡ ਮੰਗਦੇ ਹੋਂ, ਬਾਹਲੇ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਮੇਂ ਅਤੇ ਧਨ ਦੀ ਲੋੜ ਹੈ, ਜੇਰਾ ਰੱਖੋ, ਹੌਲੀ ਹੌਲੀ ਸਭ ਠੀਕ ਹੋ ਜਾਏਗਾ।
'ਇਕ ਜੋੜੀਆਂ ਜੁੱਟ, ਇਕ ਨਰੜ ਹੁੰਦੇ, ਢੋ ਢੁਕਦੇ ਲਿਖਿਆਂ ਅਖਰਾਂ ਦੇ । ਖੇੜੇ ਸਿਆਲ ਕਰਤੂਤ ਦੇ ਧਨੀ ਦੋਵੇਂ, ਵਾਰਸ ਜੁੜੇ ਸਿਰ ਸਾਊਆਂ ਟਕਰਾਂ ਦੇ ।
ਦਾਦੀ - ਬੱਚੀ ! ‘ਇਕ ਛਾਲ ਮਾਰ ਕੇ ਕੋਠੇ ਤੇ ਨਹੀਂ ਚੜ੍ਹੀਦਾ। ਹਾਲੇ ਤਾਂ ਤੂੰ ਕੰਮ ਸ਼ੁਰੂ ਕੀਤਾ ਹੈ। ਸਫ਼ਲਤਾ ਲਈ ਬੜੀ ਕਰੜੀ ਘਾਲ ਦੀ ਲੋੜ ਹੈ।
ਸਿਰਫ਼ ਲੋੜ ਪਏ ਤੇ ਮੂੰਹ ਖੋਲਣਾ ਚਾਹੀਦਾ ਹੈ । ਜਦ ਮਤਲਬ ਦੀ ਗੱਲ ਪੂਰੀ ਹੋ ਗਈ ਤਦ ਚੁੱਪ ਹੋ ਜਾਣਾ ਚਾਹੀਦਾ ਹੈ। ਚੁੱਪ ਜਿਹੀ ਕੋਈ ਚੀਜ਼ ਨਹੀਂ 'ਇਕ ਚੁੱਪ ਸੌ ਨੂੰ ਹਰਾਵੇ।'
ਚੌਧਰੀ--ਕਿਸ ਕਿਸ ਨੂੰ ਕੁਨੀਨ ਵੰਡਾਂ ! ਝੁਗੇ ਵਿਚ ਗੋਲੀਆਂ ਤਾਂ ਪੰਝੀ ਹਨ। ਪਿੰਡ ਸਾਰਾ ਮੰਗਦਾ ਹੋਇਆ । ਇੱਥੇ ਤਾਂ 'ਇਕ ਚਣਾ, ਹੇੜ ਕਬੂਤਰਾਂ ਦੀ' ਵਾਲਾ ਹਿਸਾਬ ਹੈ। ਮੈਂ ਕੀ ਕਰਾਂ ?
ਓਏ ਰਾਮਿਆ ! 'ਇਕ ਘਰ ਤਾਂ ਡੈਣ ਵੀ ਛੱਡ ਦੇਂਦੀ ਏ, ਤੂੰ ਤਾਂ ਇਹ ਭੀ ਨਾ ਦੇਖਿਆ ਕਿ ਇਹ ਤੇਰੀ ਆਪਣੀ ਮਾਂ-ਜਾਈ ਭੈਣ ਦਾ ਘਰ-ਪਰਿਵਾਰ ਹੈ। ਬੱਸ ਅਪਣਾ ਉੱਲੂ ਸਿੱਧਾ ਕਰਨ ਦੀ ਹੀ ਕੀਤੀ ਤੂੰ ਤਾਂ।
ਮਹੰਤ- ਇਹ ਆਪਦੀ ਅਚਰਜ ਜੋੜੀ ਹੈ। 'ਇਕ ਗੰਗਾ ਦਾ ਰਾਹੀ, ਇਕ ਮਦੀਨੇ ਦਾ, ਇਕ ਝੂਠੇ ਪਦਾਰਥ ਲੱਭਦਾ ਹੈ, ਇਕ ਸੱਚੇ।