ਨਵਾਬ ਸਿੰਘ- ਮਸਤਾਨ ਸਿੰਘ ਦੀ ਖੇਤੀ ਕੇਹੀ ਚੰਗੀ ਉੱਗੀ ਸੀ, ਪਰ ਉਸ ਦੀ ਬੇਪਰਵਾਹੀ ਕਰਕੇ 'ਅੰਨ੍ਹੇ ਦੀ ਜੋਰੂ, ਸਾਰਿਆਂ ਦੀ ਭਾਬੀ' ਵਾਲੀ ਗੱਲ ਬਣ ਗਈ ਜਾਪਦੀ ਹੈ। ਲੋਕਾਂ ਦੇ ਡੰਗਰਾਂ ਨੇ ਸਾਰੀ ਫਸਲ ਉਜਾੜ ਦਿੱਤੀ ਹੈ।
'ਅੰਨ੍ਹੇ ਦੀ ਜੋਰੂ, ਰੱਬ ਰਖਵਾਲਾ' ਵਾਲੀ ਗੱਲ ਹੈ। ਇੱਥੋਂ ਤਾਂ ਮਨ-ਪਸੰਦ ਦੀਆਂ ਵਸਤਾਂ ਤਾਂ ਮਿਲ ਗਈਆਂ ਉਸ ਨੂੰ, ਪਰ ਹੁਣ ਸਾਂਭੇ ਕਿਸ ਦੀ ਸਮਝ ਨਾਲ ।
ਹਰਨਾਮ ਸਿੰਘ ਹੁਣ ਤਾਂ ਖਹਿੜਾ ਛੱਡਣੋ ਹੀ ਰਿਹਾ। ਹੁਣ ਤਾਂ 'ਅੰਨ੍ਹੇ ਦਾ ਜੱਫਾ, ਰੋਹੀ ਦਾ ਖੜੱਪਾ' ਵਾਲਾ ਲੇਖਾ ਬਣਿਆ ਪਿਆ ਹੈ।
ਮਾਂ- ਪੁੱਤ ਨੂੰ! ਹਰ ਗੱਲ ਪੂਰੀ ਵਿਚਾਰ ਨਾਲ ਹੀ ਕਰਨੀ ਚਾਹੀਦੀ ਹੈ । ਅੰਨ੍ਹੇ ਖੂਹ ਵਿੱਚ ਇੱਟਾਂ ਨਹੀਂ ਮਾਰੀਦੀਆਂ, ਇਉਂ ਕੰਮ ਵਿਗੜ ਜਾਂਦਾ ਹੈ ।
ਨਾਇਣ- ‘ਅੰਨ੍ਹੇ ਕੁੱਤੇ ਹਿਰਨਾਂ ਮਗਰ ।' ਕਿਤੇ ਸੈਰ ਸ਼ਿਕਾਰ ਚੜ੍ਹੇ ਹੋਏ ਹੋਣਗੇ । ਹੋਰ ਕਿੱਥੇ ਜਾਣੇ ਨੇ ?
ਬਾਹਰ ਪੰਥ ਚਲਾਇੰਦੇ ਬਾਰਾਂ ਵਟੀ ਖਰੇ ਦੁਹੇਲੇ । ਵਿਣ ਗੁਰ ਸ਼ਬਦ ਨਾ ਸਿਝਨੀ ਬਾਜੀਗਰ ਕਰ ਬਾਜ਼ੀ ਖੇਲੇ । ਅੰਨ੍ਹੇ ਅੰਨ੍ਹਾ ਖੂਹੇ ਠੇਲੇ ।
ਰਾਮ ਸਿੰਘ - ਮਾਮੀ ਜੀ ! ਤੁਸਾਨੂੰ ਰਾਣੋ ਅੱਗੇ ਕੀਰਨੇ ਪਾਣ ਦਾ ਕੀ ਲਾਭ, ਇੱਥੇ ਤਾਂ ਅੰਨ੍ਹੇ ਅੱਗੇ ਰੋ, ਆਪਣੇ ਦੀਦੇ ਖੋਹ" ਵਾਲਾ ਲੇਖਾ ਹੈ । ਰਾਣੋ ਨੇ ਕੋਈ ਸੁਣਨਾ ਹੈ ?
ਸਰਦਾਰ ਸਿੰਘ- ਚੰਚਲ ਸਿੰਘ ਲਈ 'ਅੰਨ੍ਹੇ ਅੱਗੇ ਅੰਧੇਰਾ ਤੇ ਉਜਾਲਾ ਇੱਕੋ' ਵਾਲਾ ਹਿਸਾਬ ਹੈ । ਜੇਹੇ ਉਸ ਲਈ ਭਾਂਡੇ ਮਾਂਜਣੇ ਤੇਹਾ ਵਣਜ ਕਰਨਾ।
ਇਹ ਤਾਂ ਹੋਣਾ ਹੀ ਸੀ । ਜੇਹੀ ਰੂਹ, ਤੇਹੇ ਫ਼ਰਿਸ਼ਤੇ । ਜੇਹੇ ਲਫੱਡੀ ਨੰਬਰਦਾਰ ਹੁਰੀ, ਓਹੋ ਜੇਹੀ ਉਨ੍ਹਾਂ ਦੀ ਵਹੁਟੀ । 'ਅੰਨ੍ਹੀ ਰੂਹ ਨੂੰ ਗੰਦੇ ਫ਼ਰਿਸ਼ਤੇ ਹੀ ਟੱਕਰਨੇ ਸਨ।
ਰਾਮ ਰਖੀ-ਹੁਣ ਮਾਸੀ ਜੀ । ਕਿਉਂ ਕਲਪਦੇ ਹੋ ? ਜਦ ਵੀ ਤੁਸਾਨੂੰ ਕਿਸੇ ਬੱਚਿਆਂ ਦੇ ਸੁਭਾ ਲਈ ਸਿੱਖ ਮਤ ਦਿੱਤੀ, ਤੁਸੀਂ ਸਦਾ 'ਅੰਨ੍ਹੀ ਮਾਂ, ਪੁੱਤ ਦਾ ਮੂੰਹ ਨਾ ਧੋਵੇ ਅਖਾਣ ਤੇ ਅਮਲ ਕਰਦੇ ਹੋਏ ਉਨ੍ਹਾਂ ਨੂੰ ਕਦੀ ਕੁਸੰਗਤ ਤੋਂ ਵਰਜਿਆ ਨਾਂਹ । ਸਿੱਟਾ ਇਹ ਨਿਕਲਨਾ ਹੀ ਸੀ ।
ਅੱਜ ਕੱਲ੍ਹ ਤਾਂ ਅੰਨ੍ਹੀ ਨੂੰ ਬੋਲਾ ਧੁਸਦਾ ਹੈ। ਆਪਣੇ ਔਗੁਣ ਕੋਈ ਨਹੀਂ ਵੇਖਦਾ। ਹਰ ਕੋਈ ਦੂਜੇ ਨੂੰ ਹੀ ਨਿੰਦਦਾ ਹੈ।
ਚੌਧਰੀ- ਕੰਮ ਤਾਂ ਵਿਗੜਨਾ ਹੀ ਸੀ । ਤੁਸਾਡਾ ਮੁਨਸ਼ੀ ਜੋ ਬੜਾ ਸਿਆਣਾ ਸੀ। ਅਸੀਂ ਤਾਂ ਜਾਣਦੇ ਸਾਂ ਕਿ ਇੱਥੇ ਤਾਂ ‘ਅੰਨ੍ਹੀ ਨੈਣ ਵੰਝ ਦਾ ਨਹੋਰਨਾ ਵਾਲਾ ਲੇਖਾ ਹੀ ਹੋਣਾ ਹੈ।