ਇਹ ਕੋਈ ਨਵੀਂ ਗੱਲ ਨਹੀਂ 'ਅੰਨ੍ਹੀ ਦੇਵੀ, ਨੱਕ ਵੱਢੇ ਪੁਜਾਰੀ। ਭੈੜਿਆਂ ਨੂੰ ਚੰਦਰੇ ਸੌ ਕੋਹ ਪੈਂਡਾ ਮਾਰ ਕੇ ਆ ਮਿਲਦੇ ਹਨ।
ਸਰਦਾਰ ਕਰਤਾਰ ਸਿੰਘ ਦੇ ਘਰ ਦੇ ਖ਼ਰਚਾਂ ਦਾ ਕੋਈ ਹਿਸਾਬ ਕਿਤਾਬ ਨਹੀਂ । ਨੌਕਰ ਜੋ ਜੀ ਚਾਹੇ ਕਰਨ। ‘ਅੰਨ੍ਹੀ ਪੀਹੇ ਤੇ ਕੁੱਤੀ ਚੱਟੇ’, ਉਹਨਾਂ ਦੀ ਕਿਹੜੀ ਆਪਣੀ ਕਮਾਈ ਹੈ ?
ਹੁਣ ਕਲਪਣ ਦਾ ਕੀ ਫ਼ਾਇਦਾ, ਤੁਸੀਂ ਤਾਂ ਜਾਣ ਬੁੱਝ ਕੇ 'ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ ਬਹਾ ਛੱਡੀ ਸੀ। ਤੁਸਾਡਾ ਮੁਨੀਮ ਤੁਸਾਥੋਂ ਕੋਈ ਗੁੱਝਾ ਛਿਪਾ ਸੀ ? ਬੱਸ, ਵੇਲਾ ਮਿਲਦਿਆਂ ਹੀ ਮਾਇਆ ਲੈ ਕੇ ਹਰਨ ਹੋ ਗਿਆ ।
ਓਇ ਏਸ 'ਅੰਨ੍ਹੀ ਕੁਕੜੀ ਤੇ ਕਿਉਂ ਖਸ ਖਸ ਦਾ ਚੋਗਾ' ਪਾਉਂਦੇ ਹੋ ! ਫਿੱਟ ਜਾਏਗੀ ਬਹੁਤੀ । ਰਹਿਣ ਦਿਉ, ਜਿਵੇਂ ਹੈ।
ਇਤਨੇ ਚਿਰ ਵਿੱਚ ਸਾਈਕਲ ਵਾਲੇ ਨੇ ਸਾਈਕਲ ਦਾ ਪੰਚਰ ਲਾ ਦਿੱਤਾ। ਮੈਂ ਜੱਕੋ ਤਕੋ ਵਿੱਚ ਪੈ ਗਿਆ । ਇਹ ਸਾਈਕਲ ਵਾਲਾ ਕੀ ਆਖੇਗਾ, “ਅੰਨ੍ਹਾ ਸ਼ੁਕੀਨ ਤੇ ਗਾਰੇ ਵਿਚ ਲੱਤਾਂ" । ਪੈਸਾ ਇੱਕ ਵੀ ਪੱਲੇ ਨਹੀਂ ਸੀ ।
ਸ਼ਰਨ ਸਿੰਘ ਤਾਂ ਵਿਚਾਰਾ ਸਧਾਰਨ ਹੈ ਹੀ ਸੀ । ਹੁਣ ਉਸਦੀ ਵਹੁਟੀ ਵੀ ਉਹੋ ਜਿਹੀ ਕਮਲੀ ਆ ਗਈ ਹੈ । "ਅੰਨ੍ਹੀ ਅੰਨ੍ਹਾ ਰਲਿਆ ਤੇ ਸਾਰਾ ਝੁੱਗਾ ਗਲਿਆ ।" ਹੁਣ ਤਾਂ ਬਸ ਜੈ ਸੀਤਾ ਰਾਮ ਹੀ ਹੈ ।
ਵਾਸੁ- ਅੰਨ੍ਹਿਆਂ ਵਿਚ ਕਾਣਾ ਰਾਜਾ । ਸੁਆਦ ਤਾਂ ਏ ਜੇ ਸਾਡੇ ਰਾਜੇ ਨਾਲ ਲੜੇ ।
‘'ਅੰਨ੍ਹਾ ਵੰਡੇ ਰੇਵੜੀਆਂ, ਮੁੜ ਮੁੜ ਆਪਣਿਆਂ ਨੂੰ।" ਵਜ਼ੀਰ ਫ਼ਜ਼ਲ ਹੱਕ ਕਹਿੰਦਾ ਸੀ,' ਜੇ ਮੇਰੇ ਸਾਰੇ ਭਤੀਜੇ ਹੀ ਲਾਇਕ ਹੋਣ, ਤਾਂ ਸਭਨਾਂ ਨੂੰ ਉੱਚੇ ਅਹੁਦੇ ਕਿਉਂ ਨਾ ਮਿਲਣ" ?
ਸਰਦਾਰ ਜੀ : ਮੇਰਾ ਤਾਂ ਇਹ ਹਾਲ ਹੈ ਕਿ 'ਅੰਨ੍ਹਾ ਵੱਟੇ ਰੱਸੀ ਤੇ ਪਿਛੋਂ ਵੱਛਾ ਖਾ ਗਿਆ'। ਸਦਾ 'ਅੱਗਾ ਦੌੜ' ਤੇ 'ਪਿੱਛਾ ਚੌੜ' ਵਾਲਾ ਹਾਲ ਹੀ ਰਿਹਾ ਹੈ।
ਓਇ ਮੂਰਖੋ ! ਕੀ ਹੋ ਗਿਆ ਤੁਹਾਨੂੰ ? ਅਖੇ 'ਅੰਨ੍ਹਾ ਮਾਰੇ ਅੰਨ੍ਹੀ ਨੂੰ, ਘਸੁੰਨ ਮਾਰੇ ਥੰਮੀ ਨੂੰ । ਕੋਈ ਗੱਲ ਵੀ ਹੋਵੇ, ਜਿਸ ਪਿੱਛੇ ਲੜੋ । ਹਵਾ ਵਿੱਚ ਕਿਉਂ ਡਾਂਗਾਂ ਮਾਰਦੇ ਹੋ ?
ਰਾਮ ਕੌਰ- ਕਾਕਾ ! ਤੈਨੂੰ ਪਤਾ ਹੀ ਸੀ, ਕਿ ਇਸ ਮੂਰਖ ਨੇ ਕੋਈ ਉਲਟਾ ਕੰਮ ਹੀ ਕਰਨਾ ਹੈ। ਅੰਨ੍ਹੇ ਨਾਈ ਪਾਸ ਕਾਠ ਦਾ ਹੀ ਉਸਤਰਾ ਹੋਣਾ ਸੀ।
ਏਥੇ ਤਾਂ ਅੰਨ੍ਹਾ ਦੋਜ਼ਖੀ ਤੇ ਡੋਰਾ ਬਹਿਸ਼ਤੀ ਵਾਲੀ ਗੱਲ ਠੀਕ ਨਿਕਲੀ ਹੈ । ਕਰਮੇ ਨੇ ਧਰਮੇ ਨੂੰ ਸੋਟੇ ਮਾਰੇ ਤੇ ਸ਼ਾਮ ਨੇ ਉਸ ਤੋਂ ਪੈਸੇ ਖੋਹੇ। ਹੁਣ ਧਰਮਾ ਕਰਮੇ ਉੱਤੇ ਮੁਕੱਦਮਾ ਕਰੀ ਬੈਠਾ ਹੈ, ਪਰ ਸ਼ਾਮੂ ਨਾਲ ਜੱਫੀਆਂ ਪਾਂਦਾ ਹੈ।