ਮੈਂ ਕਿੰਨਾ ਕੁ ਚਿਰ ਉਡੀਕਦਾ ਰਹਾਂ ਤੁਹਾਡਾ ਰੁਪਿਆ ਬਾਹਰੋਂ ਆਉਣ ਨੂੰ। ‘ਕਦ ਬਾਬਾ ਮਰੇ ਤੇ ਕਦ ਬੈਲ ਵੰਡੀਏ' ਮੈਂ ਤਾਂ ਹੁਣ ਨਕਦੋ ਨਕਦ ਲੈਣਾ ਏਂ । ਮਨਜ਼ੂਰ ਹੈ-ਤਾਂ ਗੱਲ ਕਰੋ।
ਵੇਖੋ ਜੀ, 'ਕੱਦ ਉਪਰ ਲੱਦ ਹੁੰਦਾ ਹੈ, ਗ਼ਰੀਬਾਂ ਕੋਲੋਂ ਵੀ ਉਹਨੀ ਹੀ ਉਗਰਾਹੀ ਤੇ ਸ਼ਾਹਾਂ ਪਾਸੋਂ ਵੀ ਓਨੀ ਹੀ। ਥਾਂ ਥਾਂ ਵੇਖ ਕੇ ਲਵੋ।
'ਕਤਦਿਆਂ ਵੀ ਖਾਣਾ ਤੇ ਵਤਦਿਆਂ ਵੀ ਖਾਣਾ'। ਪੇਟ ਜੂ ਰੱਬ ਨੇ ਨਾਲ ਲਾ ਦਿੱਤਾ। ਫਿਰ ਵਿਹਲੇ ਕਿਵੇਂ ਬੈਠੀਏ ?
ਪਈ ਬੰਦੇ ਦੀ ਗੱਲ ਨਾ ਕਰੋ। ਆਕੜ ਬਹੇ, ਤਾਂ ਰੱਬ ਹੀ ਰਾਖਾ ਹੈ। ਕਣਕ ਫਿੱਟੇ ਤੇ ਗੰਢੇਲ, ਆਦਮੀ ਫਿੱਟੇ ਤਾਂ ਜਾਂਝੀ ।' ਬਸ ਜ਼ਿਮੀ ਤੇ ਪੈਰ ਨਹੀਂ ਰੱਖਦਾ।
ਪਿੰਡ ਵਿੱਚ ਸ਼ਰਾਰਤੀ ਲੋਕ ਤਾਂ ਥੋੜ੍ਹੇ ਹੀ ਸਨ, ਪਰ ਪੁਲਸ-ਚੌਕੀ ਸਾਰੇ ਪਿੰਡ ਤੇ ਲਾ ਦਿੱਤੀ ਗਈ। 'ਕਣਕ ਨਾਲ ਘੁਣ ਪਿਸਣ' ਵਾਲੀ ਹੀ ਗੱਲ ਹੋਈ।
ਕਿਸਮਤ ਦੀ ਗੱਲ ਹੈ। ਦੋਹਾਂ ਇੱਕੋ ਦਿਨ ਇਕ ਕੰਮ ਆਰੰਭ ਕੀਤਾ । ਪਰ ਉਹ ਖੱਟ ਗਿਆ ਤੇ ਮੈਂ ਕੰਗਾਲ ਹੋ ਉੱਠਿਆ। 'ਕਣਕ ਡਿੱਗੇ ਕਮਬਖ਼ਤ ਦੀ, ਝੋਨਾ ਡਿੱਗੇ ਬਖ਼ਤਾਵਰ ਦਾ।'
ਮੰਦਾ ਕਿਵੇਂ ਨਾ ਹੋਵੇ, ਕਣਕ ਜੁ ਛੋਲਿਆਂ ਦੇ ਭਾ ਪਈ ਵਿਕਦੀ ਹੋਈ। 'ਕਣਕ ਘਟੇਂਦਿਆਂ ਗੁੜ ਘਟੇ ਤੇ ਮੰਦੀ ਪਏ ਕਪਾਹ।
ਅਜੇ ਕੀ ਪਤਾ ਹੈ ਜੀ, ਕੀ ਕੀ ਹੋਣਾ ਹੈ ? 'ਕਣਕ ਖੇਤ, ਕੁੜੀ ਪੇਟ ਆ ਜਵਾਈਆ ਮੰਡੇ ਖਾਹ' । ਅਜੇ ਤਾਂ ਮੇਰਾ ਆਪਣਾ ਮੁੱਢ ਵੀ ਨਹੀਂ ਬੱਝਾ। ਮੈਂ ਕਿਸੇ ਹੋਰ ਨੂੰ ਕੀ ਧੀਰਜ ਬੰਨਾਵਾਂ ?
ਭਾਈ ! 'ਕਣਕ ਕਮਾਦੀ ਮਿਹਣਾ, ਜੇ ਰਹਿਣ ਵਿਸਾਖ'। ਵੇਲੇ ਸਿਰ ਚੀਜ਼ ਨਾ ਪੱਕੀ ਤਾਂ ਕੀ ਪੱਕੀ।
ਉਸ ਸਾਡੇ ਨਾਲ ਬੇਈਮਾਨੀ ਕੀਤੀ । ਅਸਾਂ ਵੀ ਉਸ ਨਾਲ ਅਜੇਹਾ 'ਕੱਢ ਕਮਾਦੋਂ ਮਾਰੀਊ ਗਈਊ ਗੋਹੇ ਗਿਲ" ਵਾਲਾ ਹਿਸਾਬ ਕੀਤਾ ਹੈ, ਕਿ ਉਸਦਾ ਧੁੱਖਣ ਵੀ ਸਦਾ ਧੁੱਖਦਾ ਹੀ ਰਹੇਗਾ।
ਜੋਗਿੰਦਰ ਸਿੰਘ ਸਾਰੇ ਜਤਨ ਕਰਕੇ ਹਾਰ ਗਿਆ। ਪਰ ਦਲੀਪ ਕੌਰ ਆਪਣੀ ਆਦਤ ਤੋਂ ਬਾਜ਼ ਨਾ ਆਈ । ਨਾਲੇ ਉਸ ਨੇ ਆਪ ਹੀ ਪਹਿਲਾਂ ਖੁੱਲਾ ਖਾਣ ਦੀ ਆਦਤ ਪਾਈ ਸੀ, ਤੇ ਹੁਣ ਇਕ ਦਮ ਹੱਥ ਸੰਕੋਚ ਲਿਆ। ਆਖਰ ਕੱਟਿਆਂ ਨੇ ਵੱਟੇ ਤਾਂ ਨਹੀਂ ਸਨ ਚੁੰਘਣੇ । ਜੋਗਿੰਦਰ ਸਿੰਘ ਨੇ ਹਾਰ ਕੇ ਪੈਸੇ ਜੇਬ ਵਿੱਚ ਰੱਖਣੇ ਛੱਡ ਦਿੱਤੇ ।
ਨੱਥਾਂ ਨੱਕ ਨਵੇਲੀਆਂ, ਨਕਟੀ ਨ ਸੁਖਾਵੈ । 'ਕਜਲਾਖੇ ਹਰਨਾਖੀਆਂ, ਕਾਣੀ ਕੁਰਲਾਵੈ ।