ਪਿਆਰਿਓ ! ਆਪਣਾ ਆਪਣਾ, ਬਿਗਾਨਾ ਬਿਗਾਨਾ । ਚੰਗੇ ਮੰਦੇ ਇੱਕੋ ਰੱਸੀ ਵਿਚ ਨਾ ਬੰਨ੍ਹੋ। 'ਸੌ ਚਾਚਾ ਤੇ ਇਕ ਪਿਉ, ਸੌ ਦਾਰੂ ਤੇ ਇਕ ਘਿਓ।
“ਪੰਧ ਜੇ ਤੂੰ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਦੁਨੀਆਂ ਦੇ ਲੋਭ ਵਾਲੀ ਮੋਢਿਉਂ ਉਤਾਰ ਗੰਢ। 'ਸ਼ਰਫ਼' ਤੇਰੀ ਜ਼ਿੰਦਗੀ ਦਾ ਸਿੱਟਾ ਨੇਕ ਚਾਹੀਦਾ ਏ, ਸੌ ਹੱਥ ਰੱਸਾ, ਉਹਦੇ ਸਿਰੇ ਉਤੇ ਮਾਰ ਗੰਢ ।
'ਸੌ ਸੇਵਾਂ ਇਕ ਸੁਹਾਗਾ ।' ਸੁਹਾਗਾ ਵੱਤਰ ਨੂੰ ਨੱਪੀ ਰੱਖਦਾ ਹੈ।
ਵੇਖੋ ਜੀ, 'ਸੌ ਸੁਨਿਆਰ ਦੀ, ਇੱਕ ਲੁਹਾਰ ਦੀ । ਤਾ ਲਵੇ ਜਿੰਨ੍ਹਾਂ ਇਨ੍ਹੇ ਮੈਨੂੰ ਤਾਣਾ ਏ ! ਅੰਤ ਨੂੰ ਇਹੋ ਜੇਹੀ ਸੱਟ ਮਾਰਾਂਗਾ ਕਿ ਇੱਕ ਦੇ ਦੋ ਕਰ ਦਿਆਂਗਾ।
ਸ਼ਾਹ- ਸਰਦਾਰ ਜੀ ! ਇਹ ਤਾਂ ਕੋਈ ਲੁਕੀ ਛਿਪੀ ਗੱਲ ਨਹੀਂ, 'ਸੌ ਸਿਆਣੇ ਇਕੋ ਮਤ, ਮੂਰਖ ਆਪੋ ਆਪਣੀ। ਜੇ ਉਹ ਗੁੱਸੇ ਹੈ ਤਾਂ ਗੁੱਸੇ ਹੁੰਦਾ ਫਿਰੇ। ਬਾਕੀ ਸਭੇ ਮੰਨ ਗਏ ਹਨ।
ਕਾਕੇ ਨੂੰ ਬੜਾ ਸਮਝਾਇਆ ਹੈ, ਪਰ ਕੋਈ ਅਸਰ ਨਹੀਂ ਹੋਇਆ, ਉਸ ਦੀ ਤਾਂ ਕੁੱਤੇ ਦੀ ਪੂਛ ਵਾਲੀ ਗੱਲ ਹੈ 'ਸੌ ਸਾਲ ਨਾ ਸੜੇਗਾ, ਦਾਲ ਜਿਹਾ ਰਹੇਗਾ।' ਉਸ ਨੇ ਆਪਣੀ ਆਦਤ ਤੋਂ ਨਹੀਂ ਟਲਣਾ।
ਕੁੜਮਾਈ ਤੇ ਹੋ ਗਈ ਏ, ਪਰ ਜੀਅ ਨੂੰ ਧੁੜਕੀ ਈ ਲੱਗੀ ਹੋਈ ਏ । ਕਹਿੰਦੇ ਨੇ ਪਈ ਵਿਆਹ ਹੋ ਹੀ ਜਾਏ ਤਾਂ ਚੰਗਾ, 'ਸੌ ਸਜਨ ਸੌ ਵੈਰੀ' ਕਿਤੇ ਕੋਈ ਭਾਨੀ ਈ ਮਾਰ ਦੇਵੇ ।
ਸੱਚ ਹੈ, 'ਸੌ ਉਸਤਾਦ ਤੇ ਇੱਕ ਮਾਂ ।' ਮਾਂ ਦੀ ਗੋਦ ਵਿੱਚ ਜੋ ਸਿੱਖਿਆ ਬੱਚੇ ਨੂੰ ਮਿਲਦੀ ਹੈ, ਉਸਦਾ ਅਸਰ ਪੱਕਾ ਹੋ ਜਾਂਦਾ ਹੈ ।
ਲੋਕੀ ਕਹਿੰਦੇ ਨੇ 'ਸੋਭਾ ਨਾਲੋਂ ਕਸੋਭਾ ਛੇਤੀ ਫੈਲਦੀ ਹੈ' ਪਰ ਨਿਸ਼ਕਾਮਨਾਂ ਦੀਆਂ ਨੀਹਾਂ ਤੇ ਉਸਰੀ ਹੋਈ ਸ਼ੋਭਾ ਇਤਨੀ ਜਲਦੀ ਫੈਲਦੀ ਹੈ ਕਿ ਬਿਜਲੀ ਵੀ ਉਸਦੀ ਤੇਜ਼ੀ ਦਾ ਟਾਕਰਾ ਨਹੀਂ ਕਰ ਸਕਦੀ ।
ਇਹ ਬਗੀਚੀ ਸਚ ਮੁਚ ਸਵਰਗ ਦਾ ਟੁਕੜਾ ਸੀ । ਇਕ ਤਾਂ ਪਹਾੜੀ ਦੀ ਇਹ ਥਾਂ ਹੀ ਕਾਫੀ ਰਮਣੀਕ ਸੀ, ਦੂਜਾ ਬਾਬੇ ਦੇ ਨਿਵਾਸ ਅਸਥਾਨ ਨੇ 'ਸੋਨੇ ਵਿੱਚ ਸੁਗੰਧੀ' ਭਰ ਦਿੱਤੀ ਹੋਈ ਸੀ।
ਅੰਤ ਓਹੀ ਹੋਇਆ, ਜੋ ਹੋਣਾ ਸੀ, ‘ਸੋਨੇ ਰੁਪੈ ਲੱਦੀ, ਮੁੜ ਘੁਮਿਆਰਾਂ ਸੱਦੀ।' ਜਿੱਥੋਂ ਤੁਰੀ ਸੀ ਮੁੜ ਉੱਥੇ ਹੀ ਆ ਖੜੋਤੀ।
'ਸੋਨੇ ਦੀ ਕਟਾਰੀ, ਜਿੱਥੇ ਲਗੀ ਉੱਥੇ ਕਾਰੀ । ਕਿਹੜਾ ਕੰਮ ਸੋਨੇ ਨਾਲ ਅੱਜ ਕੱਲ੍ਹ ਨਹੀਂ ਨਿਕਲਦਾ ? ਹਰ ਆਦਮੀ ਵਿਕਦਾ ਹੈ । ਮੁੱਲ ਦਿਉ ਤੇ ਖਰੀਦ ਲਉ।