ਤਾਰੋ- ਅੜੀਏ, ਮਾੜੀ ਸੰਗਤ ਵਿਗਾੜ ਦੇਂਦੀ ਏ ਬੰਦੇ ਨੂੰ । ਉਹ ਭੈੜਾ ਚੌਧਰੀ ਲੈ ਲਥਾ ਨਾਲ ਹੀ ਸਾਨੂੰ ਵੀ ਅਖੇ 'ਆਪ ਤਾਂ ਮੋਇਉਂ ਬਾਹਮਣਾ, ਜਜਮਾਨ ਵੀ ਗਾਲੇ ।
''ਆਪ ਗਵਾਈਐ ਤਾਂ ਸਹੁ ਪਾਈਐ, ਅਉਰ ਕੈਸੀ ਚਤੁਰਾਈ । ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੇ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭੁਰਾਈ ।"
ਤੁਸੀਂ ਵਹੁਟੀ ਗੱਭਰੂ ਬਾਹਰ ਹੋਟਲਾਂ ਵਿਚ ਖਾਣੇ ਖਾਉ, ਤੇ ਮੈਂ ਬੁੱਢੀ ਮਾਂ ਘਰ ਬੈਠ ਤੁਹਾਡਾ ਰਾਹ ਵੇਖਾਂ ? 'ਆਪ ਗਏ ਵਿਸਾਖੀ ਤੇ ਮੈਂ ਰਹੀ ਜਵਾਂ ਦੀ ਰਾਖੀ ।' ਮੈਥੋਂ ਨਹੀਂ ਇਹ ਸਹਾਰਿਆ ਜਾਂਦਾ ।
ਨੀ ਅੜੀਏ ‘ਆਪ ਕੁਚੱਜੀ, ਵਿਹੜੇ ਨੂੰ ਦੋਸ਼ । ਇਹ ਤਾਂ ਐਵੇਂ ਬਹਾਨੇ ਘੜਦਾ ਹੈ । ਤੈਨੂੰ ਚੱਜ ਵੀ ਹੈ ਕੰਮ ਕਰਨ ਦਾ ?
ਮੈਂ ਪਾਪ ਕੀਤਾ ਤਾਂ ਤੁਸੀਂ ਢਕ ਲਉ । 'ਆਪ ਕੁਚੱਜੀ ਧੀਆਂ ਪੁੱਤਾਂ ਕੱਜੀ।" ਤੁਸੀਂ ਮੇਰੇ ਬੱਚਿਆਂ ਬਰਾਬਰ ਹੋ। ਮੈਨੂੰ ਕਚਹਿਰੀਆਂ ਵਿੱਚ ਨਾ ਰੁਲਾਉ।
ਬਸ ਨੀ ਬਸ । 'ਆਪ ਕਿਸੇ ਜਹੀ ਨਾ ਤੇ ਨੱਕ ਚੜਾਣੋ ਰਹੀ ਨਾ`। ਜਾਣਦੀ ਆਂ ਤੇਰੇ ਪਿਉ ਦੇ ਕਿਨੇ ਕੁ ਹਲ ਵਗਦੇ ਸਨ ? ਮੈਨੂੰ ਮੰਦਾ ਆਖਿਆ ਤਾਂ ਅਗਲਾ ਪਿਛਲਾ ਖੋਲ੍ਹ ਸੁਣਾਉਂਗਾ ।
ਸੁੰਦਰ ਸਿੰਘ ਯਾਰ ! ਠੀਕ ਗੱਲ ਤਾਂ ਇਹ ਹੈ ਕਿ ਆਪ ਹੀ ਹਿੰਮਤ ਕਰੀਏ। ਆਪ ਕਾਜ ਮਹਾਂ ਕਾਜ। ਦੂਜੇ ਨੂੰ ਕੰਮ ਦਿੱਤਾ ਨਹੀਂ, ਕਿ ਚੌੜ ਹੋਇਆ ਨਹੀਂ ।
ਰਾਮ ਸਿੰਘ- ਸੁਣਾਓ ਕੰਮ ਕਾਜ ਦਾ ਕੀ ਹਾਲ ਹੈ ? ਮਾਨ ਸਿੰਘ- ਚੰਗਾ ਹੈ 'ਆਪ ਕਰੀਏ ਕੰਮ, ਪੱਲੇ ਹੋਵੇ ਦੰਮ' । ਖੇਡ ਤਾਂ ਧਨ ਦੀ ਹੈ, ਸੋ ਉਹ ਤੁਹਾਡੀ ਅਸੀਸ ਨਾਲ ਕੰਮ ਕਾਜ ਤੋਰਨ ਜੋਗਾ ਬੜਾ ਹੈ ।
ਚੌਧਰੀ - ਸਰਦਾਰ ਜੀ ! ਵੱਡਿਆਂ ਨੂੰ ਕੋਈ ਨਹੀਂ ਪੁੱਛਦਾ, ਭਾਵੇਂ ਕੁਝ ਕਰਨ । 'ਆਪ ਹੋਵੇ ਤਕੜੀ ਤਾਂ ਕੌਣ ਲਾਏ ਫਕੜੀ । ਅਸੀਂ ਗ਼ਰੀਬ ਕੁਝ ਵੀ ਨਾ ਕਰੀਏ ਤਾਂ ਵੀ ਫੜੇ ਜਾਂਦੇ ਹਾਂ ।
ਬੁੱਧ ਸਿੰਘ- ਇਹ ਠੀਕ ਹੈ, ਕਿ ਵਿਚਾਰਵਾਨ ਸੁਖ ਦੁਖ ਵਿਚ ਸਦਾ ਜੁੜ ਬਹਿੰਦੇ ਹਨ। ਪਰ ਮੂਰਖ ਆਪੋ ਆਪਣ ਮਾਰਦੇ ਹਨ । ਠੀਕ ਹੀ ਤਾਂ ਹੈ 'ਆਦਮੀ ਨੂੰ ਹੀ ਆਦਮੀ ਮਿਲਦੇ ਨੇ ਕਦੀ ਖੂਹਾਂ ਨੂੰ ਵੀ ਖੂਹ ਮਿਲੇ ਨੇ ?
ਸਰਦਾਰ ਜੀ- ਪਈ ਮੰਦਾ ਨਾ ਬੋਲੋ। 'ਆਦਮੀ ਨਹੀਂ ਰਹਿੰਦਾ ਪਰ ਆਦਮੀ ਦੀਆਂ ਗੱਲਾਂ ਰਹਿ ਜਾਂਦੀਆਂ ਹਨ। ਕਿਸੇ ਦਾ ਦਿਲ ਦੁਖਾਣਾ ਚੰਗਾ ਨਹੀਂ ।
ਕਰਮ ਸਿੰਘ- ਭਾਈ ਜੀ ! 'ਆਦਮੀ ਚਿਹਰਿਉਂ ਮੋਹਰਿਉਂ ਹੀ ਪਛਾਣਿਆ ਜਾਂਦਾ ਹੈ। ਅਸੀਂ ਤਾਂ ਸਿੰਘ ਹੁਰਾਂ ਦੇ ਦਰਸ਼ਨ ਕਰ ਕੇ ਹੀ ਜਾਣ ਲਿਆ ਸੀ ਕਿ ਇਹ ਕੋਈ ਗੁਰਮੁਖ ਸੱਜਣ ਹਨ ।