ਚਾਚੀ ! ਤੇਰੀ ਤਾਂ ਉਹ ਗੱਲ ਹੈ ਅਖੇ ‘ਸੌਣਾ ਰੂੜੀਆਂ ਤੇ ਸੁਫ਼ਨੇ ਸ਼ੀਸ਼ ਮਹਿਲਾਂ ਦੇ । ਕਮਾਈ ਤਾਂ ਕੋਈ ਹੈ ਨਹੀਂ ਆਖਨੀ ਏਂ ਪਈ ਪੁੱਤ ਨੂੰ ਪੜ੍ਹਨ ਲਈ ਵਲੈਤ ਭੇਜਣਾ ਏ।
ਸ਼ੀਲਾ- ਕਿਸੇ ਨੂੰ ਕੀ ਆਖਣਾ ਹੋਇਆ, ਸਮੇਂ ਸਿਰ ਤਾਂ ਕੋਈ ਗੱਲ ਕੀਤੀ ਨਾ। 'ਸੌਣ ਸੁੱਤੇ, ਖਰੇ ਵਿਗੁੱਤੇ ।' ਹੁਣ ਪਛਤਾਇਆਂ ਕੀ ਬਣਦਾ ਹੈ ?
ਵੀਰ ਜੀ ! ਕੀ ਪੁੱਛਦੇ ਹੋ ? ਸਾਡਾ ਤਾਂ ਨਾ 'ਸੌਣ ਸੁੱਕੇ ਨਾ ਹਾੜ੍ਹ ਹਰੇ' ਵਾਲਾ ਹਾਲ ਰਹਿੰਦਾ ਹੈ । ਬਸ ਸਦਾ ਹੀ ਲੰਗਰ ਮਸਤਾਨੇ ਹਨ ।
ਮਰ ਜਾਣਾ ਕਬੂਲ, ਪਰ ਸੌਂਕਣ ਦੀ ਗੋਲੀ ਬਣਨਾ ਕਦੀ ਮਨਜ਼ੂਰ ਨਹੀਂ । ਹਾਇ ਸੌਕਣ, ''ਸੌਂਕਣ ਤਾਂ ਕਦੀ ਮੱਖਣ ਦੀ ਵੀ ਨਹੀਂ ਸੁਖਾਂਦੀ”।
ਮੇਰਾ ਸੁਹਾਗ ਖੋਹ ਕੇ ਵੀ ਉਹ ਸੁਖ ਨਾਲ ਨਹੀਂ ਬੈਠੇਗੀ । ਮੈਂ ਵੀ ਦੋਵੇਂ ਵੇਲੇ ਇਹੀ ਆਖਾਂਗੀ, "ਸੌਂਕਣ ਤੇ ਸੋਹਾਗਣ ਕੇਹੀ, ਕਰ ਦੇ ਸਾਈਆਂ ਇਕੋ ਜੇਹੀ।
ਮਾਨ ਕੌਰ - ਸਤਵੰਤ ! ਇਹ ਸੱਚੀ ਗੱਲ ਜੇ ਕਿ 'ਸੌਂਕਣ ਸਹੇਲੀ ਨਹੀਂ, ਲੁਬਾਣਾ ਬੇਲੀ ਨਹੀਂ । ਸੌਕਣ ਨੇ ਤਾਂ ਵੈਰ ਭਾਵਨਾ ਰੱਖਣੀ ਹੀ ਹੋਈ।
ਠਹਿਰ ਜਾ ਨੰਬਰਦਾਰਾ ! ਤੂੰ ਤਾਂ ਪਾ ਬੈਠਾ ਏਂ ਲੰਮਾ ਬੇੜਾ । ਤੇ ਫਿਰ ਪ੍ਰਤਿਮਾ ਨੂੰ ਕਹਿਣ ਲੱਗਾ, “ਸੌ ਵਲਾਵਾਂ ਤੇ ਇੱਕੋ ਗੰਢ' ਵਾਲੀ ਗੱਲ ਕਰਨਾ ਵਾਂ ਮੈਂ। ਬੀਬੀ ਪਹਿਲਾਂ ਇਹ ਦੱਸ ਪਈ ਤੂੰ ਉਸੇ ਤੀਵੀਂ ਦੀ ਧੀ ਏਂ ਜਿਹੜੀ ਮੁਨਸ਼ੀ ਨੇ ਕਿਤੋਂ ਲਿਆਂਦੀ ਸੀ ?
ਜੱਸੋ-- ਕਿੱਦਾਂ ਬਦਦੀ ਏ । ਜਿਦਾਂ ਵੱਟੇ ਦੀ ਘੜੇ ਨਾਲ । ਉਨ੍ਹਾਂ ਦੀ ਸਫਾਈ ਤੇ ਕਦੀ ਹੋਣੀ ਹੀ ਨਾ ਹੋਈ। 'ਸੌ ਮਣ ਸਾਬਣ ਲੱਗੇ, ਕਾਲੇ ਕਦੇ ਨਾ ਹੁੰਦੇ ਬੱਗੇ।
ਬਾਪੂ-ਬੱਚਾ ! ਕਸਰਤ ਕੀਤਾ ਕਰ ਤੇ ਘਿਉ ਵਰਤਿਆ ਕਰ । 'ਸੌ ਨਿਆਮਤ ਇਕ ਤੰਦਰੁਸਤੀ ਵਾਲੀ ਗੱਲ ਗੰਢ ਬੰਨ੍ਹ ਲੈ।
ਅਸੀਂ ਤਾਂ ਅੱਗੇ ਹੀ ਜਾਣਦੇ ਸਾਂ ਕਿ ਇਕ ਨਾ ਇਕ ਦਿਨ ਚੰਨ ਚਾੜ੍ਹ ਕੇ ਹੀ ਛੱਡੂ, 'ਸੌ ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ।' ਭਲਾ ਪਾਪ ਲੁਕਾਇਆਂ ਕਦੀ ਲੁਕਿਆ ਏ।
ਸੱਚੀ ਗੱਲ ਤਾਂ ਇਹ ਏ, ਬਈ 'ਸੌ ਦਾਰੂ ਤੇ ਇੱਕ ਪਥ। ਤੁਸੀਂ ਇਲਾਜ ਤਾਂ ਬੜਾ ਕਰਵਾਇਆ ਹੈ, ਪਰ ਮੂੰਹ ਨਹੀਂ ਰੱਖਿਆ । ਖਾਣ ਪੀਣ ਦਾ ਪਰਹੇਜ਼ ਵੀ ਰੱਖੋ, ਤਦੇ ਕੋਈ ਦਵਾਈ ਕਾਟ ਕਰੇਗੀ।
ਬਿੱਲੀ ਚੱਲੀ ਹੱਜ ਨੂੰ, ਥੀਂ ਚੂਹਿਆਂ ਦਾ ਮਾਰ । ਦੇਖੋ ਖੋਟਾ ਜੱਗ ਏਹ ਕਰਦਾ ਨਹੀਂ ਇਤਬਾਰ।