'ਹਬੜਿਉਂ ਨਾ ਕਿਰੀਏ ਤੇ ਮੁਖੜਿਉਂ ਵੀ ਨਾ ਤਿੜੀਏ। ਜੇ ਕਿਸੇ ਨੂੰ ਦੇਈਏ ਨਾ, ਤਾਂ ਫੋਕੀ ਜਮ੍ਹਾ ਖਰਚ ਕਿਉਂ ਕਰੀਏ ?
ਓਹ ਪਰਲੇ ਦਰਜੇ ਦਾ ਐਬੀ, ਅਮੋੜ ਤੇ ਕਲਾ ਦਾ ਅਵਤਾਰ ਸੀ, ਕਿਹੜਾ ਦਿਨ ਹੁੰਦਾ ਜਦ ਇਨ੍ਹਾਂ ਦੇ ਘਰ 'ਹੱਥ ਵਿੱਚ ਗੁੱਤ ਤੇ ਠੈਂਹ ਸੋਟਾ' ਵਾਲਾ ਨਾਟਕ ਨਹੀਂ ਸੀ ਖੇਡਿਆ ਜਾਂਦਾ।
ਚੌਧਰੀ, ਤਕੜਾ ਹੋ । ਮਾਮੂਲੀ ਨੁਕਸਾਨ ਤੋਂ ਘਬਰਾ ਨਾ । 'ਹੱਥ ਪੈਰ ਨਰੋਏ ਤਾਂ ਸੱਭੇ ਸੌਦੇ ਹੋਏ । ਰੱਬ ਨੇ ਨਰੋਈ ਜਾਨ ਦਿੱਤੀ ਹੋਈ ਹੈ, ਫਿਰ ਕਮਾ ਲਵੇਂਗਾ ।
ਇਸ ਉੱਤੇ ਵਾਧਾ ਇਹ ਹੈ ਕਿ ਹੈ ਉਹ ਪੁਜਕੇ ਮਖੱਟੂ । ਜੇ ਕਿਤੇ ਚਾਰ ਦਿਨ ਕੰਮ ਤੇ ਲਗਦਾ ਵੀ ਹੈ ਤਾਂ ਪੀ ਕੇ ਮਾਲਕ ਨਾਲ ਗਾਲੋ ਗਾਲੀ ਹੋ ਪੈਂਦਾ ਹੈ ਤੇ ਦੂਜੇ ਹੀ ਦਿਨ ਮੁੜ 'ਹੱਥ ਪੁਰਾਣੇ ਖੋਸੜੇ ਬਸੰਤਾ ਹੋਰੀ ਆਏ ਵਾਲਾ ਹਾਲ ਹੁੰਦਾ ਹੈ।
ਉਹ ਵਿਚਾਰਾ ਕਾਗਜ਼ ਦਾ ਪੁਰਜ਼ਾ ਹੱਥ ਫੜਕੇ ਭਰਿਆ ਪੀਤਾ ਬਾਹਰ ਨਿਕਲ ਆਇਆ ਤੇ ਬਾਹਰ ਨਿਕਲਦਿਆਂ ਹੀ ਫਿਸ ਪਿਆ ਤੇ ਫਿਰ ਢਾਹੀਂ ਮਾਰ ਕੇ ਰੋਣ ਲਗ ਪਿਆ। ‘ਹੱਥ ਪਾਇਆ ਸੀ ਫੁੱਲਾਂ ਕਾਰਨ, ਕੰਡਾ ਹੱਥੀਂ ਆਇਆ।'
ਕਰਮਦੇਈ- ਨੀ ਰਾਣੋਂ ! ਛੱਡ ਪਰ੍ਹੇ ਧਨੋ ਦੀਆਂ ਗੱਲਾਂ ਨੂੰ, ਉਹ ਗਪੌੜੀ ਹੈ ਨਿਰੀ ਪੁਰੀ ਉਸ ਦੀ ਤਾਂ ਇਹ ਗੱਲ ਹੈ ਪਈ 'ਹੱਥ ਨਾ ਪਲੇ, ਬਜ਼ਾਰ ਖੜੀ ਹਲੇ।”
ਮੈਂ ਕੀ ਆਖਾਂ ਜੇ ਜੱਟ ਅਕਲ ਨਾਲ ਆਪਣੀ ਕਮਾਈ ਵਰਤੇ ਤਾਂ ਸਾਰੀਆਂ ਤੋਫ਼ੀਕਾਂ ਉਹਨੂੰ ਹਨ, ਪਰ ਜੇ ਅਕਲ ਕੋਲੋਂ ਕੰਮ ਨਾ ਲਏ ਤਾਂ ਫਿਰ 'ਹੱਥ ਠੂਠਾ ਤੇ ਦੇਸ ਮੋਕਲਾ' ਹੀ ਰਹਿੰਦਾ ਏ।
ਭਰਾਵਾ ! ਇਸ ਗੱਲ ਤੇ ਪਰਦੇ ਕਿਉਂ ਪਾਂਦਾ ਹੈ ! 'ਹੱਥ ਕੰਙਨ ਨੂੰ ਆਰਸੀ ਕੀ' !
ਨੰਦ ਕੌਰ ਸੂਤ ਕੱਤਣਾ, ਮੱਖਣ ਕੱਢਣਾ, ਘਿਉ ਬਨਾਉਣਾ ਸਿੱਖ ਗਈ ਸੀ। ਸੋ 'ਹੱਥ ਕਾਰ ਵਲ ਤੇ ਦਿਲ ਕਰਤਾਰ ਵਲ' ਲੱਗਾ ਰਹਿੰਦਾ।
ਬਜ਼ਾਰ ਵਿਚ ਤਾਂ ਮੰਦਾ ਸੀ, ਪਰ ਮੈਂ ਪੰਜ ਹਜ਼ਾਰ ਦਾ ਹੋਰ ਮਾਲ ਮੰਗਵਾ ਲਿਆ ਹੈ। ਅੱਛਾ ਹੁਣ ਤਾਂ ‘ਹੱਡੀ ਢੇਰ ਜਾਂ ਦੰਮੀ ਢੇਰ' ਵਾਲੀ ਗੱਲ ਹੀ ਕਰਨੀ ਹੈ। ਜੋ ਹੋਊ ਸੋ ਦੇਖੀ ਜਾਊ।
ਡਾਕਟਰ-ਹਰੀ ਸਿੰਘ ਜੀ ! ‘ਹੱਡ ਸ਼ਰੀਕਾ ਹੁੰਦਾ ਏ, ਕਰਮ ਸ਼ਰੀਕਾ ਨਹੀਂ ਹੁੰਦਾ। ਤੁਲਸੀ ਦਾਸ ਦੀ ਭਾਵਨਾ ਉਸਦੀ ਕਿਸਮਤ ਵਿੱਚ ਕੀ ਫਰਕ ਪਾ ਸਕਦੀ ਏ ?
ਚੌਧਰੀ- ਕਰਮੂ ਗਿਆ ਹੋਇਆ ਸੀ ਤੇ ਹੋਰ ਤਰਖਾਣ ਵੀ ਮਰ ਗਏ ਸਨ । ਪਰ 'ਹੱਡ ਹਰਾਮੀ ਤੇ ਹੁਜਤਾਂ ਢੇਰ' । ਹੱਛਾ ਜਾ, ਹੁਣ ਸ਼ੇਰ ਖਾਂ ਵੱਲੋਂ ਆਪਣਾ ਦੂਜਾ ਸੁਹਾਗਾ ਜਾਕੇ, ਚੁਕਵਾ ਲਿਆ।