ਦੇਖੁ ਫਰੀਦਾ ਜਿ ਥੀਆ ਸ਼ਕਰ ਹੋਈ ਵਿਸੁ ।। ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥
ਰੱਬ 'ਸ਼ਕਰ ਖੋਰੇ ਨੂੰ ਸ਼ਕਰ ਤੇ ਮੁਫ਼ਤ ਖੋਰੇ ਨੂੰ ਟੱਕਰ' ਜ਼ਰੂਰ ਦੇਂਦਾ ਹੈ । ਜਿਨ੍ਹੇ ਕੁਝ ਆਸ ਹੀ ਨਹੀਂ ਰੱਖੀ ਤੇ ਕੰਮ ਲਈ ਲੱਕ ਹੀ ਨਹੀਂ ਬੰਨ੍ਹਿਆ, ਓਹਨੂੰ ਕਿਉਂ ਨਾ ਦਰ ਦਰ ਦੇ ਧੱਕੇ ਪੈਣ ?
ਵੇਖੋ ਨਾ, 'ਸ਼ਕਲ ਚੁੜੇਲਾਂ ਤੇ ਦਿਮਾਗ ਪਰੀਆਂ'। ਘਰ ਖਾਣ ਨੂੰ ਨਹੀਂ ਤੇ ਨਖ਼ਰਾ ਵੇਖੋ ਬੀਬੀ ਦਾ ।
ਵਾਹ! ਭਾਈ ਜੀ ਵਾਹ ! ਮੈਂ ਤਾਂ ਤੁਹਾਨੂੰ ਭਲਾਮਾਣਸ ਸਮਝਕੇ ਆਪਣੇ ਘਰ ਦੀ ਰਾਖੀ ਸੌਂਪ ਗਿਆ ਸਾਂ, ਪਰ ਤੁਸਾਂ ਤਾਂ 'ਸ਼ਕਲ ਮੋਮਨਾ ਕਰਤੂਤ ਕਾਫ਼ਰਾਂ' ਵਾਲਾ ਲੇਖਾ ਕੀਤਾ । ਆਪ ਹੀ ਨਾਲ ਹੋ ਕੇ ਚੋਰੀ ਕਰਵਾ ਦਿੱਤੀ ਮੇਰੀ ।
ਭੈਣ ! ਮੈਂ ਕੋਈ 'ਸਕਿਆਂ ਦੇ ਸੱਕ ਲਾਹੁਣੇ ਹਨ । ਕੋਈ ਪੁੱਛ ਨਹੀਂ ਪਰਤੀਤ ਨਹੀਂ । ਮੈਂ ਕੀ ਕਰਾਂ ਸੰਬੰਧੀਆਂ ਨੂੰ।
"ਸੱਖਣਾ ਭਾਂਡਾ ਤੇ ਖੜਕਾ ਵਧੇਰੇ ।" ਬੱਸ, ਬਾਹਰ ਦੀ ਹੀ ਫੂੰ ਫਾਂ ਹੈ । ਅੰਦਰੋਂ ਤਾਂ ਢੋਲ ਦੇ ਪੋਲ ਵਾਂਗ ਸੱਖਣਾ ਹੈ ।
ਨਿਹਾਲ ਸਿੰਘ ਬੜਾ ਸੂਮ ਸੀ। ਭੰਨੀ ਕੌਡੀ ਵੀ ਦਾਨ ਨਹੀਂ ਸੀ ਕਰਦਾ। ਬੈਂਕ ਟੁੱਟਣ ਨਾਲ ਬਰਬਾਦ ਹੋ ਗਿਆ। ਅਸੀਂ ਰੱਜ ਕੇ ਖਾਧਾ, ਲੁਟਾਇਆ, ਦਾਨ ਕੀਤਾ, ਫਿਰ ਸਖੀ ਸੂਮ ਦਾ ਲੇਖਾ ਰੱਬ ਨੇ ਬਰਾਬਰ ਕਰ ਦਿੱਤਾ ।
ਦਾਤਾ, ਹੱਥ ਨਾ ਖਿੱਚੋ 'ਸਖ਼ੀ ਦਾ ਬੇੜਾ ਸਦਾ ਹੀ ਪਾਰ ਹੁੰਦਾ ਹੈ ।' ਦਿੱਤਿਆਂ ਕਿਸੇ ਦਾ ਕੁਝ ਨਹੀਂ ਘਟਦਾ।
ਮਿੱਠੂ ਰਾਮ- ਨਹੀਂ ਚੌਧਰੀ ! ਐਵੇਂ ਝੂਠਾ ਲਾਰਾ ਲਾਕੇ ਤੈਨੂੰ ਖ਼ਰਾਬ ਪਿਆ ਕਰਾਂ । ਮੇਰੇ ਕੋਲ ਕੋਈ ਰੁਪਈਆ ਨਹੀਂ । ਜਿਥੋਂ ਆਪਣਾ ਕੰਮ ਨਿਕਲਦਾ ਏ, ਕੱਢ ਲੈ ‘ਸਖੀ ਨਾਲੋਂ ਸੂਮ ਭਲਾ ਜਿਹੜਾ ਤੁਰਤ ਦੇ ਜਵਾਬ ।'
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥
ਹੁਣ ਸੱਚ ਲੋਕਾਂ ਨੂੰ ਮਾੜਾ ਲਗਦਾ ਹੈ । 'ਸੱਚ ਆਖਿਆਂ ਭਾਂਬੜ ਮੱਚਦਾ ਹੈ'। ਪਰ ਝੂਠ ਅਸਾਂ ਵੀ ਨਹੀਂ ਬੋਲਣਾ। ਖਰੀ ਖਰੀ ਮੂੰਹ ਤੇ ਸੁਣਾਵਾਂਗੇ ।
ਜੇ ਮੱਖੀ ਮੁਹਿ ਮਕੜੀ ਕਿਉ ਹੋਵੈ ਬਾਜ । ਸੱਚ ਸਚਾਵਾ ਕਾਢੀਐ ਕੂੜ ਕੂੜਾ ਪਾਜ ।