ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭ ਸੁਆਨ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨ ॥
ਬੜੇ ਕੁਵੇਲੇ ਸ਼ਹਿਰ ਪੁੱਜੇ । ਆਉ ਭਗਤ ਕੀ ਹੋਣੀ ਸੀ । ‘ਸੱਜਣ ਆਏ ਅੱਧੀ ਰਾਤ, ਦਿਲ ਸਰਾਂਦੀ ਵਾਟੋ ਵਾਟ । ਬੱਸ, ਕੰਨ ਵਲ੍ਹੇਟ ਕੇ ਪੈ ਰਹੇ। ਕਿਸੇ ਰੋਟੀ ਵੀ ਨਾ ਪੁੱਛੀ ।
ਪਰ ਵੇਖੋ ਨਾ, ਤੁਸੀਂ ਸਿਆਣੇ ਹੋ, ‘ਸੱਜਣ ਛਡੀਏ ਰੰਗ ਸਿਉਂ, ਫਿਰ ਵੀ ਆਵੇ ਕੰਮ'। ਅੱਜੇ ਹੀ ਸਾਰੇ ਲੇਖੇ ਨਾ ਨਿਬੇੜ ਜਾਉ। ਫਿਰ ਵੀ ਕਦੀ ਮੂੰਹ ਲਾਣਾ ਜੇ ਕਿ ਨਹੀਂ ।
ਵਾਹ ਜੀ ਵਾਹ, ਤੁਸਾਂ ਸਾਨੂੰ ਕਮੀਨਾ ਸਮਝਿਆ ਏ ? ਤੁਸਾਡੇ ਆਇਆਂ ਸਾਨੂੰ ਖੇਚਲ ਹੋਵੇ ? ਸਾਡੇ ਧੰਨ ਭਾਗ, ਜੁ ਤੁਸਾਂ ਚਰਨ ਪਾਏ। ਸੱਜਣ ਤਾਂ ਅੱਖਾਂ ਵਿੱਚ ਆ ਜਾਂਦੇ ਹਨ, ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ। ਤੁਸੀਂ ਕੋਈ ਸਾਡੇ ਅੱਜ ਦੇ ਮੇਲੀ ਗੇਲੀ ਹੋ ?
ਪ੍ਰੇਮ ਦਾ ਵਾਲ ਵਾਲ ਉਸਦੇ ਅਹਿਸਾਨ ਨਾਲ ਲੱਦਿਆ ਗਿਆ। ਦੋਸਤ ਲਈ ਇਤਨੀ ਕੁਰਬਾਨੀ ? ਪਰ ਸੱਜਨ ਨੇ ਬਾਂਹ ਦਿਤੀ ਹੈ ਤਾਂ ਕੀ ਮੈਨੂੰ ਮੂੰਹ ਵਿੱਚ ਪਾ ਲੈਣੀ ਚਾਹੀਦੀ ਹੈ ? ਕਦਾਚਿਤ ਨਹੀਂ।
ਅਗਲੇ ਦਿਨ ਭਤੇ ਵੇਲੇ ਤੋਂ ਲੈ ਕੇ ਸ਼ਾਮ ਤੱਕ ਬਰਾਦਰੀ ਇਕੱਠੀ ਹੁੰਦੀ ਰਹੀ, ਕਦੀ ਕਿਸੇ ਪਾਸਿਓਂ ਜਨਾਨੀਆਂ ਦਾ ਝੁੰਡ 'ਸਜਣ ਭਲੇ ਸਵੇਲੜੇ ਆਇ ਗਾਉਂਦਾ ਆ ਜਾਂਦਾ ਸੀ, ਤੇ ਕਦੀ ਕਿਸੇ ਪਾਸਿਉਂ ।
ਜਦ ਵੇਖੋ ਤੇਰਾ ਇਹੀ ਹਾਲ ਰਹਿੰਦਾ ਹੈ । 'ਸਜਰੀ ਨਾ ਬਹੀ, ਹਮੇਸ਼ ਇਕੋ ਜਿਹੀ।' ਪਤਾ ਨਹੀਂ ਰੱਬ ਤੈਨੂੰ ਕਿਹੜਿਆਂ ਪਾਪਾਂ ਦਾ ਡੰਡ ਦੇ ਰਿਹਾ ਹੈ।
ਝੋਨੇ ਦੀ ਫਸਲ ਡਾਢੀ ਪਕਦੀ, ਪਰ ਕੀ ਕਰੀਏ, 'ਸੱਠੀ ਪਕੇ ਸੱਠੀਂ ਦਿਨੀਂ, ਜੇ ਪਾਣੀ ਮਿਲੇ ਅੱਠੀ ਦਿਨੀਂ", ਪਾਣੀ ਖੁਣੋਂ ਸਾਰੀ ਸੜ ਗਈ।
ਰਾਜ ! ਕਾਹਲੀ ਨਾ ਕਰਿਆ ਕਰ, 'ਸ਼ਤਾਬੀ ਕਰੇ ਖਰਾਬੀ । ਕੰਮ ਦੇਰ ਨਾਲ ਹੋ ਜਾਵੇ, ਪਰ ਹੋਵੇ ਠੀਕ ।
ਧੀ ਕਿਸ ਦੀ ਏ । ਮਾਂ ਨੇ ਸੱਤਾਂ ਪੱਤਣਾਂ ਦਾ ਪਾਣੀ ਪੀਤਾ ਏ, ਤਾਂ ਧੀ ਕਿਉਂ ਨਾ ਚੌਦਾਂ ਪੱਤਣਾਂ ਦਾ ਪੀਵੇਗੀ।
ਸਰਦਾਰ ਜੀ ! ਜਿੰਨਾ ਜੀ ਆਵੇ, ਦੋਹਤਰੇ ਨਾਲ ਹਿੱਤ ਕਰੋ, ਪਰ ਸਤਾਂ ਪੀਹੜੀਆਂ ਦੋਹਤਾ ਵੈਰੀ। ਅੰਤ ਨੂੰ ਇਕ ਦਿਨ ਉਹ ਤੁਹਾਨੂੰ ਲਾਗੂ ਹੋ ਕੇ ਟਕਰੇਗਾ।
ਕਹਤ ਕਬੀਰ ਚੇਤਿ ਰੇ ਅੰਧਾ ॥ ਸਤਿ ਰਾਮੁ ਝੂਠਾ ਸਭੁ ਧੰਧਾ ॥