ਬੇਬੇ ਜੀ 'ਸਤੋਂ ਡਿੱਗਾ ਤੇ ਜਹਾਨ ਡਿੱਗਾ। ਧਰਮ ਵਰਗੀ ਕੋਈ ਚੀਜ਼ ਨਹੀਂ । ਮੈਂ ਧਰਮ ਵੇਚ ਕੇ ਕੋਈ ਪਦਾਰਥ ਨਹੀਂ ਲੈਣਾ ਚਾਹੁੰਦੀ ।
ਸਦਾ ਨੀਤ ਨੂੰ ਮੁਰਾਦਾਂ ਹੁੰਦੀਆਂ ਨੇ । ਦਿਲ ਦੇ ਖੋਟੇ ਨੂੰ ਕੰਮ ਵਿੱਚ ਕਿਵੇਂ ਘਾਟਾ ਨਾ ਪਵੇ?
ਬੜਾ ਖੁਆਇਆ ਪਿਆਇਆ ਹੈ, ਪਰ ਇਸ ਦੀ ਹਾਲਤ ਓਹੋ ਜਿਹੀ ਹੈ, ‘ਸਦਾ ਭਵਾਨੀ, ਚੱਪੇ ਜਿੰਨੀ, ਪਤਾ ਨਹੀਂ ਕਿਹੜੇ ਕੀੜੇ ਇਸ ਦੇ ਪੇਟ ਵਿੱਚ ਹਨ, ਜੋ ਖਾਧਾ ਲੱਗਣ ਨਹੀਂ ਦੇਂਦੇ।
ਨਥੋਂ ‘ਸੱਦੀ ਨਾ ਬੁਲਾਈ, ਮੈਂ ਲਾੜੇ ਦੀ ਤਾਈਂ', ਵੱਡੀ ਆਈ ਐ ਸਾਨੂੰ ਪਤਾ ਦੇਣ। ਅਜੇ ਜੰਮ ਤਾਂ ਲੈ। ਖ਼ਬਰਦਾਰ, ਜੇ ਇਹਨੂੰ ਮੂੰਹ ਲਾਇਆ ।
ਪਰ ਮੇਰੇ ਭਿਆਨਕ ਕਲਜੁਗੀ ਕਰਮ ਹੌਲੀ ਜਿਹੀ ਮੇਰੇ ਕੰਨ ਲਗ ਕੇ ਕਹਿੰਦੇ ਹਨ ਕਿ ਸਾਡੇ ਹੁੰਦਿਆਂ ਤੂੰ ਆਪਣੇ ਬਖਸ਼ੇ ਜਾਣ ਦੀ ਆਸ ਕਰਦਾ ਹੈ, ਜੀਕਰ 'ਸੱਪ ਦਾ ਅੱਧਾ ਨਿਗਲਿਆ ਡੱਡੂ ਮੱਛਰ ਖਾਣ ਲਈ ਮੂੰਹ ਖੋਲ੍ਹੇ।
ਰਾਮ ਦੇਈ- ਕਰਤਾਰ ਸਿੰਘ ਦੀ ਮਾਂ ਦੀ ਨਜ਼ਰ ਤੋਂ ਕੋਈ ਵਿਰਲਾ ਹੀ ਬਚ ਸਕਿਆ ਹੈ । ਸਾਰੇ ਪਿੰਡ ਵਿੱਚ ਭੈ ਪਿਆ ਹੋਇਆ ਹੈ। ਕਈ ਤਾਂ ਡਰਦੇ ਇਸ ਦੇ ਘਰ ਵੱਲ ਮੂੰਹ ਨਹੀਂ ਦੇਂਦੇ। ਸਿਆਣਿਆਂ ਨੇ ਸੱਚ ਆਖਿਆ ਹੈ ਕਿ 'ਸੱਪ ਦਾ ਖਾਧਾ ਬਚੇ, ਨਜ਼ਰ ਦਾ ਖਾਧਾ ਨਾ ਬਚੇ।'
ਸਤਵੰਤ ਵਿਚਾਰੀ ਕੀ ਕਰੇ ? ਅੱਗੇ ਉਸ ਨਾਲ ਰਾਮੋ ਨੇ ਥੋੜੀ ਕੀਤੀ ਹੈ, ਜੁ ਹੁਣ ਵੀ ਉਸ ਤੋਂ ਆਪਣਾ ਬਚਾ ਨਾ ਕਰੇ । 'ਸੱਪ ਦਾ ਡਸਿਆ ਰੱਸੀ ਤੋਂ ਵੀ ਡਰਦਾ ਹੈ ।
ਕਰੀਮ ਬਖ਼ਸ਼ ਨੂੰ ਕੀ ਨਿੰਦਣਾ ਹੈ ? ਤੁਸੀਂ ਜਾਣਦੇ ਹੀ ਹੋ ਕਿ ਕਿਸ ਪਿਉ ਦਾ ਪੱਤਰ ਹੈ। 'ਸੱਪ ਦਾ ਬੱਚਾ ਸਪੇਲਾ ਹੀ ਹੋਣਾ ਸੀ।'
ਕੁਲਵੰਤ- ਬੀਜੀ, ਉਸ ਪੰਡਤ ਨੇ ਸਿੰਘ ਸਾਹਿਬ ਨਾਲ ਬੜਾ ਮੱਥਾ ਡਾਹਿਆ, ਪਰ ਪੇਸ਼ ਕੁਝ ਨਾ ਗਈ । ਸੱਚ ਹੈ, 'ਸੱਪ ਦੇ ਸਾਹਮਣੇ ਦੀਵਾ ਨਹੀਂ ਬਲਦਾ। ਪੰਡਤ ਹੋਰੀ ਹੱਫ ਕੇ ਖਿਮਾਂ ਮੰਗਣ ਲੱਗ ਪਏ'।
ਕੀ ਕਰਾਂ ? ਨਾ ਇਹ ਤੀਵੀਂ ਛੱਡਣ ਹੁੰਦੀ ਏ, ਪਈ ਸ਼ਰੀਕਾ ਕੀ ਆਖੇਗਾ, ਨਾ ਰੱਖਣ ਹੀ ਹੁੰਦੀ ਏ, ਰੰਡੀ ਏ ਨਿਰੀ। ‘ਸੱਪ ਦੇ ਮੂੰਹ ਕੋੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਅੰਨ੍ਹਾਂ'।
ਰਾਮ ਤੇ ਸ਼ਾਮ ਦੋਵੇਂ ਇਕ ਤੋਂ ਇਕ ਵਧ ਕੇ ਹਨ । 'ਸੱਪ ਨੂੰ ਸੱਪ ਲੜੇ ਤੇ ਵਿਸ ਕਿਸਨੂੰ ਚੜ੍ਹੇ' ਵਾਲੀ ਗੱਲ ਨਿਕਲੇਗੀ, ਉਨ੍ਹਾਂ ਦੀ ਖਹਿਬੜ ਵਿੱਚੋਂ।
ਮਾਂ (ਹਾਉਕਾ ਲੈ ਕੇ) ਬੱਚਾ ! ਸੱਚ ਹੈ, ਜਿਨ੍ਹਾਂ ਪ੍ਰੇਮ ਪਿਆਲੇ ਪੀਤੇ, ਸੋ ਘਰ ਦੇ ਕੰਮੋਂ ਗਈਆਂ, ਪਰ ਫੇਰ ਭੀ ਐਸਾ ਕੰਮ ਕਰੀਏ ਕਿ 'ਸੱਪ ਭੀ ਮਰ ਜਾਏ ਤੇ ਲਾਠੀ ਭੀ ਬਚ ਜਾਏਂ'।