ਪਾਪੀ ਤੋਂ ਪਾਪ ਲੁਕਾਇਆਂ ਨਹੀਂ ਲੁਕਦਾ । 'ਖੂਨ ਸਿਰ ਤੇ ਚੜ੍ਹ ਕੇ ਬੋਲਦਾ ਹੈ'।
ਮੰਨਿਆ, ਤੁਹਾਡੇ ਨਾਲ ਧੱਕਾ ਹੋਇਆ ਹੈ, ਪਰ 'ਖੂਨ ਨਾਲ ਖੂਨ ਨਹੀਂ ਧੋਈਦਾ'। ਮੁਆਫ਼ੀ ਦੇ ਦਿਓ । ਫਿਰ ਵੇਖੋ, ਕਿਵੇਂ ਅਪਰਾਧੀ ਦਾ ਵੀ ਮਨ ਮੋਮ ਹੁੰਦਾ ਹੈ।
ਤੁਹਾਡੀ ਦਸ ਫ਼ੀਸਦੀ ਟਪਰੀ ਦਾ ਮੁਨਾਫ਼ਾ ਦਿਨੋ ਦਿਨ ਘਟ ਰਿਹਾ ਹੈ, ਅਤੇ ਤੂੰ ਇਹ ਵੀ ਵਿਸਾਰ ਚੁਕਾ ਹੈਂ ਜੁ 'ਖੇਤੀ ਓਹਦੀ ਜੀਹਦੇ ਘਰ ਦੇ ਕਾਮੇ'।
ਆਰਾਮ ਏ ਕਾਕਾ। ਕੋਈ ਫ਼ਿਕਰ ਨਾ ਕਰ। ਮੈਂ ਰਾਜ਼ੀ ਹੋ ਜਾਵਾਂਗਾ । ਹੱਟੀ ਤੇ ਆਪ ਬੈਠਿਆ ਕਰ । 'ਖੇਤੀ ਖਸਮਾਂ ਸੇਤੀ' ਹੁੰਦੀ ਏ ਕਾਕਾ, ਨੌਕਰਾਂ ਤੇ ਬਹੁਤਾ ਇਤਬਾਰ ਨਹੀਂ ਕਰੀਦਾ।
ਸਿਆਣਿਆਂ ਨੇ ਸੱਚ ਕਿਹਾ ਹੈ ਕਿ 'ਖੇਤੀ ਜੱਟ ਦੀ, ਬਾਜ਼ੀ ਨੱਟ ਦੀ'। ਇਨ੍ਹਾਂ ਦੇ ਕੰਮ ਵਿਚ ਇਨ੍ਹਾਂ ਦੀ ਕੋਈ ਰੀਸ ਨਹੀਂ ਕਰ ਸਕਦਾ।
ਤੁਸੀਂ ਵੀ ਅੱਕਾਂ ਨਾਲੋਂ ਅੰਬ ਲਾਹੁਣਾ ਚਾਹੁੰਦੇ ਹੋ। 'ਖੇਤੀ ਬੀਜੇ ਡਾਬਰ ਨਾ ਗੋਰ ਨਾ ਕਫ਼ਨ' । ਯਤਨ ਪੂਰਾ ਕੀਤਾ ਨਹੀਂ ਤਾਂ ਫਲ ਕਿੱਥੋਂ ਮਿਲੇ ?
ਇਹ ਚੰਗੀ ਗੱਲ ਹੈ ਪਈ 'ਖ਼ੈਰ ਕਲੰਦਰਾਂ, ਹੁੱਜਾਂ ਬਾਂਦਰਾਂ' ਔਖੇ ਵੇਲੇ ਤਾਂ ਅਸੀਂ ਮਰਦੇ ਰਹੇ, ਹੁਣ ਚੰਗੇ ਦਿਨ ਆਏ ਤਾਂ ਤੁਸੀਂ ਚੌਧਰੀ ਬਣ ਬੈਠੇ।
ਤੇਰਾ ਤਾਂ ਉਹ ਹਾਲ ਹੈ ਅਖੇ, ਖੋਹਣ ਨਾ ਖੁੱਸੇ, ਦੰਦੀਕੜਾ ਵੱਟੇ। ਪਿੱਛੋਂ ਕਚੀਚੀਆਂ ਵੱਟਣ ਨਾਲੋਂ ਪਹਿਲਾਂ ਹੀ ਕੁਝ ਕਰ ਮਾਰਨਾ ਸੀ।
ਸੈਨਾਪਤੀ- ਮਹਾਰਾਜ ! ਖੋਟਾ ਸ਼ਰੀਕ ਕਦੇ ਮਿੱਤ੍ਰ ਨਹੀਂ ਬਣਦਾ। ਉਹ ਸਦਾ ਦਿਲ ਵਿਚ ਪਾਪ ਰਖਦਾ ਏ ਤੇ ਹਰ ਵੇਲੇ ਦਾਅ ਤੇ ਰਹਿੰਦਾ ਏ।
ਮੁੰਡੇ ਨੂੰ ਸਭ ਕੋਸਣ ਬਈ ਲੁੱਚਾ ਏ, ਵਿਹਲੜ ਏ, ਖ਼ਰਮਸਤੀਆਂ ਕਰਦਾ ਏ, ਪਰ ਜਦ ਮੇਰੇ ਸਿਰ ਲੋਕੀ ਚੜ੍ਹ ਕੇ ਆ ਗਏ ਤਾਂ ਉਸ ਨੇ ਅਜੇਹੀ ਡਾਂਗ ਵਰਸਾਈ ਕਿ ਸਾਰੇ ਪਾਸੇ ਭਾਜੜ ਪੈ ਗਈ। ਸੱਚ ਹੈ, ਪੁੱਤਰ ਤੇ ਪੈਸਾ ਖੋਟੇ ਵੀ ਹੋਣ, ਤਦ ਵੀ ਕੰਮ ਹੀ ਆਂਦੇ ਹਨ।
ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ।।
ਨੀਅਤ ਰਾਸ ਤੇ ਖੀਸਾ ਪੁਰ; ਪਰ ਜੇ ਦਿਲ ਵਿਚ ਖੋਟ ਰਖ ਕੇ ਕੰਮ ਕਰੀਏ ਤਾਂ ਫਲ ਚੰਗਾ ਨਹੀਂ ਨਿਕਲਦਾ । ‘ਖੋਟੇ ਦਿਲ ਜੋ ਭਲਾ ਕਮਾਵੇ, ਉਹ ਹਸਾਨ ਵੀ ਬਿਰਥਾ ਜਾਵੇ।'