ਘਰ ਵਾਲਾ- ਭਲੀਏ ਲੋਕੇ। ਇਹ ਖਰਚੀਲੀਆਂ ਆਦਤਾਂ ਘਰ ਉਜਾੜ ਦੇਣਗੀਆਂ ਤੂੰ ਟੱਬਰਦਾਰ ਏਂ। ਲੁੱਟੀ ਜਾਏਂਗੀ। 'ਗੁੜ ਗਿਲੀ ਰੰਨ ਵਿਗੋਏ, ਛੱਲੀ ਪੂਣੀ ਹੱਟੀ ਢੋਏ। ਕੁਝ ਮੇਰੀ ਪਤ ਦਾ ਵੀ ਖਿਆਲ ਕਰ।
ਇਹ ਚੰਗੀ ਭਾਈਵਾਲ ਏ। ਕੰਮ ਵੀ ਮੈਂ ਕਰਾਂ, ਧਨ ਵੀ ਮੈਂ ਲਾਵਾਂ ਤੇ ਤੁਸੀਂ ਸੁਕੇ ਉਤੇ ਹਿਸਾ ਉਗਰਾਹੋ। 'ਗੁੜ, ਘੀ, ਮੈਦਾ ਤੇਰਾ, ਜਲ, ਫੂਕ ਬਸੰਤਰ ਮੇਰਾ' । ਇਹ ਭਾਈਵਾਲੀ ਕਿਵੇਂ ਚੱਲੂ।
ਪਿਆਰੀ ਕੋਹ ਨ ਚਲੀ ਤੇ ਬਾਬਾ ਤਿਹਾਈ । ਹੁਣੇ ਥੱਕ ਗਈ ਏਂ । ਅਜੇ ਤਾਂ 'ਗੋਹੜੇ ਵਿੱਚੋਂ ਪੂਣੀ ਨਹੀਂ ਕੱਤੀ। ਤੂੰ ਤਾਂ ਮਲੂਕ ਜ਼ਾਦੀ ਹੋ ਗਈ ਏਂ ।
ਤੁਸੀਂ ਦਿਲ ਥੋੜਾ ਨਾ ਕਰੋ ਤਾਂ ਥਾਂ ਬਥੇਰੀ ਹੈ। 'ਗੋਡਾ ਚਾਇਆ ਤੇ ਸਿੱਖ ਮਿਟਾਇਆ'।
'ਗੋਦੜੀ ਵਿੱਚ ਲਾਲ' ਜੇ ਨਿਰਾ। ਉਸ ਦੇ ਬਾਹਰਮੁਖੀ ਪਹਿਰਾਵੇ ਨੂੰ ਨਾ ਦੇਖ, ਉਸ ਦੇ ਗੁਣਾਂ ਨੂੰ ਵੇਖ ।
ਤੂੰ ਇਹ ਚੰਗੀ ਗੱਲ ਕੀਤੀ, ਹਫ਼ਤਾ ਹੋ ਗਿਆ ਤੈਨੂੰ ਸ਼ੋਰ ਪਾਉਂਦੇ ਨੂੰ ਪਈ ਕਿਤਾਬ ਗੁੰਮ ਹੋ ਗਈ ਤੇ ਨਿੱਕਲੀ ਅੱਜ ਤੇਰੇ ਅਪਣੇ ਦਰਾਜ਼ ਵਿਚੋਂ । ਅਖੇ 'ਗੋਦੀ ਬਾਲ ਢੰਡੋਰਾ ਜਗ'।
ਸਾਰੇ ਹੀ ਇੱਕੋ ਜਿਹੇ ਨੇ। ਪਤਾ ਨਹੀਂ ਲਗਦਾ ਕਿ ‘ਗੋਰਾ ਸਲਾਹੀਏ ਕਿ ਬੱਗਾ'।
ਸਾਨੂੰ ਨਹੀਂ ਲੋੜ ਅਮੀਰੀ ਦੀ । ਗਰੀਬ ਹਾਂ ਸੁਖੀ ਹਾਂ । ਕੋਈ ਪੁਛਦਾ ਬੁਲਾਂਦਾ ਨਹੀਂ 'ਗੋਰੀ ਦਾ ਮਾਸ ਚੂੰਢੀਆਂ ਜੋਗਾ'। ਅਮੀਰ ਹੁੰਦੇ ਤਾਂ ਲੋਕੀਂ ਮੰਗ ਮੰਗ ਹੀ ਵਿੱਥਾਂ ਪਾ ਦੇਂਦੇ।
ਲੋਕੀਂ ਐਵੇਂ ਨਹੀਂ ਕਹਿੰਦੇ ਸੰਤਾਂ ਬਾਰੇ। ਕੋਈ ਗੱਲ ਹੋਸੀ ਜ਼ਰੂਰ ਵਿੱਚੋਂ, ਗੋਰੇ ਰੰਗ ਨੂੰ ਦੁਪੱਟਾ ਕਾਲਾ ਹੀ ਸਜਦਾ ਹੈ ।
ਚਲ ਭਾਈ ਸਾਨੂੰ ਕੋਈ ਇਨਕਾਰ ਏ ? ਜਿੱਥੇ ਤੂੰ ਆਖੇਂ ਚਲਨੇ ਆਂ 'ਗੋਲੀ ਕਾਹਦੀ ਤੇ ਗਹਿਣੇ ਕਾਹਦੇ' । ਚੌਧਰੀ ਦਾ ਕਹਿਣਾ ਸਿਰ ਮੱਥੇ ਤੇ ।
ਦੋਸਤ ਐਵੇਂ ਤਾਂ ਕੁਝ ਨਹੀਂ ਬਣੇਗਾ, ਦਿਲ ਲਾਕੇ ਮਿਹਨਤ ਕਰ ਤੇ ਫੇਰ ਦੇਖ ਮੌਜਾਂ ਹੀ ਮੌਜਾਂ ਹਨ। 'ਗੋਲੇ ਹੋ ਕੇ ਕਮਾਈਏ, ਵਿਹਲੇ ਹੋ ਕੇ ਖਾਈਏ।'
ਆਪ ਆਉਣ ਦੀ ਨਹੀਂ ਜੇ ਨੀਤ ਓਹਦੀ । ਕਾਹਨੂੰ ਗੋਂਗਲੂ ਤੋਂ ਮਿਟੀ ਝਾੜਦਾ ਹੈ। ਜੇਕਰ ਅੱਗ ਨੂੰ ਨਹੀਂ ਬੁਝਾਉਣ ਜੋਗਾ, ਪਾ ਪਾ ਤੇਲ ਕਿਉਂ ਸੜਿਆ ਨੂੰ ਸਾੜਦਾ ਹੈ ।