ਸੌ ਗੱਲ ਕੀਤੀ ਜੇ, ਪਰ ਟਿਕਾਣੇ ਦੀ ਇੱਕ ਵੀ ਨਹੀਂ । ਸ਼ਾਹ ਹੁਰਾਂ ਇੱਕੋ ਠੁਕ ਦੀ ਕਰਕੇ ਬੇੜਾ ਪਾਰ ਕਰ ਦਿੱਤਾ ਹੈ। ਠੀਕ ਹੈ, 'ਗਾਲੜੀ ਗੱਲ ਕਰੇ, ਸਿਆਣਾ ਕਿਆਸ ਕਰੇ'।
ਸੁਭਾਗ ਕੌਰ-ਹੱਛਾ, ਹੁਣ ਜਦ ਤੁਸੀਂ ਘੜੀ ਡਿੱਠਾ ਕਰੋ ਤਾਂ ਇਸ ਗੱਲ ਦਾ ਭੀ ਨਾਲ ਖਿਆਲ ਰਖਿਆ ਅਤੇ ਸੋਚਿਆ ਕਰੋ ਕਿ 'ਗਿਆ ਸਮਾਂ ਫਿਰ ਹੱਥ ਨਹੀਂ ਆਉਂਦਾ । ਆਪਣੇ ਸਮੇਂ ਨੂੰ ਚੰਗੇ ਕੰਮਾਂ ਵਿਚ ਲਾਉ, ਜਿਸ ਕਰਕੇ ਤੁਹਾਡਾ ਲੋਕ ਪ੍ਰਲੋਕ ਵਿੱਚ ਭਲਾ ਹੋਵੇ।
'ਗਏ ਸਾਂ ਨਮਾਜ਼ ਬਖਸ਼ਾਣ, ਰੋਜ਼ੇ ਗਲੇ ਪਏ।' ਸ਼ਾਹਾਂ ਨੂੰ ਆਖਿਆ ਸੀ ਪਈ ਹੱਥ ਤੰਗ ਹੈ, ਕੁਝ ਮਦਦ ਕਰੋ। ਉਹਨਾਂ ਪਿਛਲਾ ਲਹਿਣਾ ਆਣ ਮੰਗਿਆ।
ਜਦੋਂ ਨਵਾਬ ਖਾਨ ਹੋਰਾਂ ਕੰਡ ਵਿਖਾਈ, ਤਾਂ ਨਾਲੇ ਤੁਸਾਂ ਤੱਕਲੇ ਕੱਢਣੇ ਨੇ ਨਾਲੇ ਆਖਣਾ ਏ, 'ਮੈਨੂੰ ਕੋਈ ਇਕ ਹਜ਼ਾਰ ਰੁਪਯਾ ਹੀ ਲੈ ਦੇਵੋ, ਤਾਂ ਮੈਂ ਉਹਦੀ ਕੀਤੀ ਕਦੇ ਨਹੀਂ ਲਾਹ ਸਕਾਂਗਾ ।' ਆਖਦੇ ਹੁੰਦੇ ਨੇ 'ਗਿਆ ਮਾਲ ਜੇ ਖਾਧਾ ਨੰਗਾ।'
ਧੀ-ਮਾਂ ਜੀ ! ਕੁਝ ਵੀ ਕਰੋ। ਭਾਬੋ ਦਾ ਤਾਂ ਇਹੀ ਹਾਲ ਰਹਿੰਦਾ ਜੇ। ਅਖੇ 'ਗਿਝੀ ਗਿਝੀ ਲੂੰਬੜੀ ਰਵਾਹੀਂ ਫਲੀਆਂ।'
ਅੱਗੇ ਹੀ ਚੀਜ਼ ਥੋੜੀ ਹੈ। ਇਸ ਦੀਆਂ ਵੰਡੀਆਂ ਕੀ ਪਾਵਾਂ ? 'ਗਿਣਵੀਆਂ ਹੱਡੀਆਂ ਤੇ ਮਿਣਵਾਂ ਸ਼ੋਰਬਾ’ ਵਾਲਾ ਲੇਖਾ ਹੈ ।
ਗਿੱਦੜ ਦਾਖ ਨ ਅਪੜੈ ਆਖੈ ਥੁ ਕਉੜੀ । ਨਚਣ ਨਚ ਨ ਜਾਣਈ ਆਖੇ ਭੁਇ ਸੋੜੀ ।
ਕੌਣ ਕਿਸੇ ਪਾਸ ਆਉਂਦਾ ਹੈ, ਲਾਲਾ ਜੀ ਬਿਨਾ ਲੋੜ ਦੇ । ਨਿਗੂਣੀ ਜਿਹੀ ਮੰਗ ਸੀ ਸਾਡੀ । ਪਰ ਤੁਸੀਂ ਤਾਂ ਓਹੀ ਗਲ ਕੀਤੀ, ਅਖੇ 'ਗਿੱਦੜਾ ਗੂੰਹ ਚਾਹੀਦਾ ਹੈ, ਉਸ ਆਖਿਆ ਯਾਰ ਪਹਾੜੀ ਹਗਦੇ ਨੇਂ । ਬੜਾ ਰੁੱਖਾ ਤੇ ਨਖਰੇ ਭਰਿਆ ਉੱਤਰ ਦੇ ਘੱਲਿਆ ਜੇ।
ਪੰਡਤ -ਸ਼ਾਹ ਜੀ, ਦਾਨ ਭਾਵੇਂ ਥੋੜ੍ਹਾ ਹੀ ਹੋਵੇ, ਉਸਦਾ ਫਲ ਕਈ ਗੁਣਾ ਮਿਲਦਾ ਹੈ, 'ਗਿਰਾਹੀ ਦਾਨ, ਸੂਤ ਉਡਾਣ।
ਸ਼ਾਹ 'ਗਿੱਲਾ ਪੀਹਣ ਨਹੀਂ ਪਾਈਦਾ'। ਵਿੱਚੋਂ ਝਗੜਾ ਨਿਬੇੜਨ ਦਾ ਰਾਹ ਕੱਢੋ।
ਆਪਣੀ ਮਤ ਘੱਟ ਸੀ, ਪਰ ਚੰਗੀ ਸੰਗਤ ਨੇ ਚੰਗਾ ਬਣਾ ਦਿੱਤਾ। 'ਗੁਆਂਢਣ ਦਾ ਰੂਪ ਤਾਂ ਨਹੀਂ ਆਉਂਦਾ, ਪਰ ਚੱਜ ਤਾਂ ਆ ਹੀ ਜਾਂਦਾ ਹੈ'।
ਹਜ਼ੂਰ, ਜ਼ਰੂਰ ਵਿਚਾਰ ਕਰਨੀ ਚਾਹੀਏ। 'ਗੁਆਂਢ ਦੀ ਖਰਾਬੀ, ਜਾਨ ਦੀ ਅਜ਼ਾਬੀ'। ਹਰ ਵੇਲੇ ਸੀਖ ਤੇ ਅੜੰਬੀ ਰਖਦੀ ਏ ।