ਹੁਣ ਤੂੰ ਸਾਡੀ ਪਰਵਾਹ ਕੀ ਕਰਦਾ ਏਂ । ਤੇਰਾ ਕੰਮ ਸਿਰੇ ਚੜ੍ਹ ਗਿਆ ਏ । 'ਗੌਂ ਨਿਕਲੀ ਅੱਖ ਬਦਲੀ' ਵਾਲੀ ਗੱਲ ਝੂਠ ਤਾਂ ਨਹੀਂ ।
'ਗੌਂ ਭੁਨਾਵੇਂ ਜੌਂ ਭਾਵੇਂ ਗਿੱਲੇ ਹੀ ਹੋਣ।' ਜਦੋਂ ਗੌਂ ਸੀ ਓਦੋਂ ਅਹਿਮਦਸ਼ਾਹ ਵੀ ਤੇ ਉਹਦੀ ਜ਼ਨਾਨੀ ਵੀ ਜੀਵਾਂ ਦੀਆਂ ਤਲੀਆਂ ਹੇਠਾਂ ਹੱਥ ਧਰਦੇ ਸਨ। ਪਰ ਜਦ ਮਤਲਬ ਨਿਕਲ ਗਿਆ, ਤਾਂ ਤੂੰ ਕੌਣ ਤੇ ਮੈਂ ਕੌਣ ।
ਗੁਰਬਚਨ ਸਿੰਘ ਦਾ ਵੀ ਕੋਈ ਇਤਬਾਰ ਹੈ ? 'ਗੰਗਾ ਗਏ ਗੰਗਾ ਰਾਮ, ਜਮਨਾ ਗਏ ਜਮਨਾ ਦਾਸ' । ਜਿਨ੍ਹੇ ਲਾਈ ਗੱਲੀ, ਓਹਦੇ ਨਾਲ ਉਠ ਚੱਲੀ।
ਬੜੀ ਮਦਦ ਕੀਤੀ ਉਹਦੀ, ਪਰ ਏਨਾ ਕੁੰਢ ਨਿਕਲਿਆ ਉਹ, ਕਿ ਆਪਣਾ ਕੁਝ ਨਾ ਬਣਾ ਸਕਿਆ। 'ਗੰਜੀ ਨੂੰ ਪੇਕੇ ਘਲਿਆ ਉਹ ਜੂੰਆਂ ਲੈ ਆਈ'। ਮੈਂ ਕੀ ਕਰਦਾ ?
ਜਦੋਂ ਦਾ ਉਹ ਨੰਬਰਦਾਰ ਬਣਿਆ ਹੈ ਕਿਸੇ ਨੂੰ ਫਟਕਣ ਨਹੀਂ ਦਿੰਦਾ । ਸੱਚ ਆਖਿਆ ਜੇ ਸਿਆਣਿਆਂ ਨੇ 'ਗੰਜੇ ਨੂੰ ਰੱਬ ਨਹੁੰ ਨਾ ਦੇਵੇ'।
ਤੇਰੇ ਜਹੇ ਗੰਢ ਦੇ ਪੂਰੇ ਤੇ ਅਕਲ ਦੇ ਊਰੇ ਨੂੰ ਸਭ ਜਾਣ ਲੈਂਦੇ ਹਨ । ਤੂੰ ਸਦਾ ਠੱਗਵਾਂ ਸੌਦਾ ਹੀ ਕਰਕੇ ਆਉਂਦਾ ਹੈ।
ਕਾਲ੍ਹਾ ਗੰਢੁ ਨਦੀਆ ਮੀਂਹ ਝੋਲ ॥ ਗੰਢ ਪਰੀਤੀ ਮਿਠੇ ਬੋਲ ॥”
ਪਿੰਡ ਵਿੱਚ ਮਜ਼ਦੂਰੀ ਨਾਲ ਗੁਜ਼ਾਰਾ ਕਰਨ ਦੀ ਔਖਿਆਈ ਕਰਕੇ ਸੁੰਦਰ ਸਿੰਘ ਸ਼ਹਿਰ ਚਲਿਆ ਗਿਆ ਪਰ ਸ਼ਹਿਰ ਦੇ ਖ਼ਰਚਿਆਂ ਕਾਰਨ ਉਹ ਹੋਰ ਵੀ ਦੁਖੀ ਹੋ ਗਿਆ। ਉਸ ਨਾਲ ਤਾਂ ਉਹ ਗੱਲ ਹੋਈ, "ਘਰ ਦਾ ਸੜਿਆ ਵਣ ਗਿਆ, ਵਣ ਨੂੰ ਲੱਗੀ ਅੱਗ।"
ਪਟਿਆਲੇ ਰਹਿੰਦੇ ਸੁਰਿੰਦਰ ਦਾ ਚਾਚਾ ਉਸ ਨੂੰ ਮਿਲਨ ਆਇਆ। ਉਸ ਨੇ ਕਿਹਾ, "ਭਾਈ! ਕਦੇ ਤੂੰ ਵੀ ਪਿੰਡ ਮਿਲਣ ਆਇਆ ਕਰ। ਸਿਆਣਿਆਂ ਨੇ ਐਵੇਂ ਨਹੀਂ ਕਿਹਾ ਕਿ- ਘਰ ਵੱਸਦਿਆਂ ਦੇ, ਸਾਕ ਮਿਲਦਿਆਂ ਦੇ ਅਤੇ ਖੇਤ ਵਾਹੁੰਦਿਆਂ ਦੇ।"
ਮਨਿੰਦਰਜੀਤ ਨੇ ਕਿਸੇ ਸ਼ਬਦ ਦਾ ਅਰਥ ਵੇਖਣ ਲਈ ਡਿਕਸ਼ਨਰੀ ਕੱਢੀ ਤਾਂ ਅਮਰਜੀਤ ਕਹਿਣ ਲੱਗੀ, "ਜ਼ਰਾ ਮੈਨੂੰ ਵੀ ਦੇਈਂ ਡਿਕਸ਼ਨਰੀ, ਮੈਂ ਵੀ ਇੱਕ ਸ਼ਬਦ ਦੇ ਅਰਥ ਵੇਖਣੇ ਹਨ।" ਅਮੀ ਨੇ ਵੀ ਡਿਕਸ਼ਨਰੀ ਲਈ ਅਵਾਜ਼ ਮਾਰ ਦਿੱਤੀ। ਮਨਿੰਦਰਜੀਤ ਕਹਿਣ ਲੱਗੀ ਕਿ ਇਹ ਤਾਂ ਉਹ ਗੱਲ ਹੋਈ- ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ।
ਅੱਜ ਦੇ ਵਪਾਰਿਕ ਯੁੱਗ ਵਿੱਚ ਗ਼ਰੀਬ ਕਿਰਸਾਣ ਭਾਵੇਂ ਵੇਚੇ ਤੇ ਭਾਵੇਂ ਖ਼ਰੀਦੇ, ਉਹਦਾ ਨੁਕਸਾਨ ਹੀ ਨੁਕਸਾਨ ਹੈ। ਜੇ ਉਹ ਅਨਾਜ ਵੇਚਦਾ ਹੈ ਤਾਂ ਸਸਤਾ ਵੇਚਣਾ ਪੈਂਦਾ ਹੈ, ਜੇ ਲੋੜ ਪੈਣ 'ਤੇ ਖ਼ਰੀਦਦਾ ਹੈ ਤਾਂ ਮਹਿੰਗਾ ਖ਼ਰੀਦਣਾ ਪੈਂਦਾ ਹੈ। ਉਹਦਾ ਤਾਂ ਉਹੀ ਹਾਲ ਹੈ- ਚਾਹੇ ਛੁਰੀ ਖ਼ਰਬੂਜ਼ੇ 'ਤੇ ਡਿੱਗੇ, ਚਾਹੇ ਖ਼ਰਬੂਜ਼ਾ ਛੁਰੀ ਉੱਤੇ ਨੁਕਸਾਨ ਖ਼ਰਬੂਜ਼ੇ ਦਾ ਹੀ ਹੁੰਦਾ ਹੈ।
ਮਲਕੀਤ ਸਿੰਘ ਨੇ ਆਪਣੇ ਜਮਾਤੀ ਬਲਦੇਵ ਨੂੰ ਕਿਹਾ, 'ਬਲਦੇਵ ਤੂੰ ਹੁਣ ਪੜ੍ਹਦਾ ਨਹੀਂ ਤਾਂ ਹੀ ਤੇਰੇ ਛਿਮਾਹੀ ਪੇਪਰਾਂ ਵਿੱਚ ਅੰਕ ਘੱਟ ਆਏ ਹਨ। ਬਲਦੇਵ ਕਹਿਣ ਲੱਗਾ, 'ਤੂੰ ਚੁੱਪ ਕਰ ਮਲਕੀਤ, ਤੇਰਾ ਤਾਂ ਆਪ ਬਾਰ੍ਹਵੀਂ ਵਿੱਚ ਦੂਜਾ ਸਾਲ ਹੈ। ਅਖੇ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ।'