ਇਹ ਤਾਂ ਠੀਕ ਕਹਿੰਦੀ ਏ ਤੂੰ ਪਈ ਮੁੰਡੇ ਨੂੰ ਉਹਦੇ ਸਾਥੀਆਂ ਨੇ ਵਿਗਾੜਿਆ । ਪਰ 'ਘਰ ਰਖੀਏ ਸੰਭਾਲ ਆਪਣਾ ਤੇ ਚੋਰ ਕਿਸੇ ਨੂੰ ਨਾ ਆਖੀਏ।" ਮੁੰਡਾ ਸਾਡੇ ਵੱਸ ਹੁੰਦਾ ਤਾਂ ਕੀ ਮਜਾਲ ਸੀ ਕਿਸੇ ਬਾਹਰਲੇ ਦੀ ?
ਮਨ-ਵਰਿਆਮ, ਘਰ ਵਰਗੀ ਕੋਈ ਥਾਂ ਨਹੀਂ । 'ਘਰ ਸਭ ਤੋਂ ਉੱਤਮ, ਭਾਵੇਂ ਪੂਰਬ ਭਾਵੇਂ ਪੱਛਮ। ਨਾਲੇ ਸ਼ਹਿਰ ਵਿੱਚ ਤੈਨੂੰ ਕਿਹੜਾ ਕਿਸੇ ਕੁਰਸੀ ਤੇ ਬਿਠਾ ਛੱਡਣਾ ਏ । ਟੋਕਰੀ ਹੀ ਢੋਣੀ ਪੈਣੀ ਏ।
ਛੱਜੂ- ਘਰ ਸੂਤ ਨਾ ਪਤਾਣ, ਜੁਲਾਹਿਆਂ ਦੀ ਟੈਂ ਟੈਂ । ਸ਼ੁਦਾਈਓ ਕੰਮ ਤਾਂ ਪਹਿਲਾਂ ਬਣ ਲੈਣ ਦਿਉ।
ਭਾਗਾਂ ਵਾਲੀ ਹੈ ਇਸਤਰੀ ਸਭ ਕੁਝ ਵਾਹਿਗੁਰੂ ਦਾ ਬਖਸ਼ਿਆ ਬਥੇਰਾ ਹੈ, 'ਘਰ ਹੋਵੇ ਵਸਣ ਨੂੰ ਤੇ ਮਰਦ ਹੋਵੇ ਹੱਸਣ ਨੂੰ ਤਾਂ ਹੋਰ ਕੀ ਚਾਹੀਦਾ ਹੈ ?
ਪਲੇਠੀ ਦਾ ਪੁੱਤਰ ਹੋਵੇ, ਤਾਂ ਛੇਤੀ ਹੀ ਸਾਡੀ ਬਾਂਹ ਆਣ ਬਣਦਾ ਹੈ । ਠੀਕ ਹੀ ਸਿਆਣਿਆਂ ਨੇ ਕਿਹਾ ਹੈ 'ਘਰ ਕੋਠਾ, ਮਾਲ ਊਠਾ, ਪੁੱਤਰ ਜੇਠਾ ਫਲ ਪੇਠਾ।
ਵਿੱਤ ਅਨੁਸਾਰ ਹੀ ਕੰਮ ਕਰਿਆ ਕਰ ਪਿੱਛੋਂ ਔਖਾ ਹੋਵੇਂਗਾ। ਤੇਰਾ ਤਾਂ ਇਹ ਹਾਲ ਹੈ ਅਖੇ 'ਘਰ ਖੱਫਣ ਨਹੀਂ ਤੇ ਰੀਝਾਂ ਮੌਤ ਦੀਆਂ ।'
ਬੱਲੇ ਬੱਲੇ ਬਈ, ਬੱਲੇ ਬੱਲੇ ! “ਘਰ ਖਾਣ ਨੂੰ ਨਹੀਂ ਮਾਂ ਪੀਹਣ ਗਈ ਏ ।” ਕਿਸੇ ਹੋਰ ਨੂੰ ਇਹ ਸ਼ੇਖੀ ਵਿਖਾਉ। ਅਸੀਂ ਤੁਹਾਡੇ ਅੰਦਰ ਦੇ ਜਾਣੂੰ ਹਾਂ।
ਘਰ ਖੀਰ ਤੇ ਬਾਹਰ ਵੀ ਖੀਰ। ਘਰ ਕੁਝ ਨਾ ਹੋਵੇ, ਤਾਂ ਬਾਹਰੋਂ ਵੀ ਜੁੱਤੀਆਂ ਹੀ ਪੈਂਦੀਆਂ ਨੇ।
ਘਰ ਘਰ-ਵਾਲੀ ਨਾਲ ! ਵਹੁਟੀ ਬਿਨਾਂ ਘਰ ਉਜਾੜ ਹੀ ਹੈ।
ਵਿੱਦਿਆ ਦੇ ਪਰਚਾਰ ਨੇ ਰਾਵਾਂ ਵਿੱਚ ਵਖਰੇਵਾਂ ਤਾਂ ਕਰਨਾ ਹੀ ਹੋਇਆ। 'ਘਰ ਘਰ ਵਿੱਦਿਆ ਸਿਰ ਸਿਰ ਗਿਆਨ' । ਵਿਦਵਾਨ ਕਿਵੇਂ ਭੇਡ-ਚਾਲ ਫੜ ਲੈਣ ?
ਪਹਿਲਾਂ ਚੀਜ਼ ਵਿਖਾਓ, ਫਿਰ ਸੌਦਾ ਵੀ ਕਰ ਲਵਾਂਗੇ। ਉਹ ਨਾ ਹੋਵੇ ਕਿ 'ਘਰ ਘੋੜਾ ਤੇ ਨਿਖਾਸ ਮੁਲ । ਆਖ਼ਰ ਚੀਜ਼ ਚੀਜ਼ ਦਾ ਮੁੱਲ ਪੈਣਾ ਹੈ ?
ਸਭ ਜਗ ਹੋਂਦੇ ਦਾ ਯਾਰ ਹੈ। ਘਰ ਛਾਹ ਤੇ ਬਾਹਰ ਪਲੇਟ, ਘਰ ਨਹੀਂ ਤਾਂ ਬਾਹਰ ਵੀ ਨਹੀਂ।