ਅਖੇ 'ਅਹੀਏ ਤਹੀਏ, ਕਰ ਛਡੂੰ ਆਪਣੇ ਜਿਹੀਏ' ਜਿਹੜਾ ਓਹਦੇ ਨਾਲ ਰਲਿਆ ਉਸੇ ਦਾ ਝੁੱਗਾ ਗਲਿਆ ।
ਚੌਧਰੀ - ਸਰਦਾਰ ਜੀ ! ਵੱਡਿਆਂ ਨੂੰ ਕੋਈ ਨਹੀਂ ਪੁੱਛਦਾ, ਭਾਵੇਂ ਕੁਝ ਕਰਨ । 'ਆਪ ਹੋਵੇ ਤਕੜੀ ਤਾਂ ਕੌਣ ਲਾਏ ਫਕੜੀ । ਅਸੀਂ ਗ਼ਰੀਬ ਕੁਝ ਵੀ ਨਾ ਕਰੀਏ ਤਾਂ ਵੀ ਫੜੇ ਜਾਂਦੇ ਹਾਂ ।
ਰਾਮ ਸਿੰਘ- ਸੁਣਾਓ ਕੰਮ ਕਾਜ ਦਾ ਕੀ ਹਾਲ ਹੈ ? ਮਾਨ ਸਿੰਘ- ਚੰਗਾ ਹੈ 'ਆਪ ਕਰੀਏ ਕੰਮ, ਪੱਲੇ ਹੋਵੇ ਦੰਮ' । ਖੇਡ ਤਾਂ ਧਨ ਦੀ ਹੈ, ਸੋ ਉਹ ਤੁਹਾਡੀ ਅਸੀਸ ਨਾਲ ਕੰਮ ਕਾਜ ਤੋਰਨ ਜੋਗਾ ਬੜਾ ਹੈ ।
ਸੁੰਦਰ ਸਿੰਘ ਯਾਰ ! ਠੀਕ ਗੱਲ ਤਾਂ ਇਹ ਹੈ ਕਿ ਆਪ ਹੀ ਹਿੰਮਤ ਕਰੀਏ। ਆਪ ਕਾਜ ਮਹਾਂ ਕਾਜ। ਦੂਜੇ ਨੂੰ ਕੰਮ ਦਿੱਤਾ ਨਹੀਂ, ਕਿ ਚੌੜ ਹੋਇਆ ਨਹੀਂ ।
ਬਸ ਨੀ ਬਸ । 'ਆਪ ਕਿਸੇ ਜਹੀ ਨਾ ਤੇ ਨੱਕ ਚੜਾਣੋ ਰਹੀ ਨਾ`। ਜਾਣਦੀ ਆਂ ਤੇਰੇ ਪਿਉ ਦੇ ਕਿਨੇ ਕੁ ਹਲ ਵਗਦੇ ਸਨ ? ਮੈਨੂੰ ਮੰਦਾ ਆਖਿਆ ਤਾਂ ਅਗਲਾ ਪਿਛਲਾ ਖੋਲ੍ਹ ਸੁਣਾਉਂਗਾ ।
ਮੈਂ ਪਾਪ ਕੀਤਾ ਤਾਂ ਤੁਸੀਂ ਢਕ ਲਉ । 'ਆਪ ਕੁਚੱਜੀ ਧੀਆਂ ਪੁੱਤਾਂ ਕੱਜੀ।" ਤੁਸੀਂ ਮੇਰੇ ਬੱਚਿਆਂ ਬਰਾਬਰ ਹੋ। ਮੈਨੂੰ ਕਚਹਿਰੀਆਂ ਵਿੱਚ ਨਾ ਰੁਲਾਉ।
ਨੀ ਅੜੀਏ ‘ਆਪ ਕੁਚੱਜੀ, ਵਿਹੜੇ ਨੂੰ ਦੋਸ਼ । ਇਹ ਤਾਂ ਐਵੇਂ ਬਹਾਨੇ ਘੜਦਾ ਹੈ । ਤੈਨੂੰ ਚੱਜ ਵੀ ਹੈ ਕੰਮ ਕਰਨ ਦਾ ?
ਤੁਸੀਂ ਵਹੁਟੀ ਗੱਭਰੂ ਬਾਹਰ ਹੋਟਲਾਂ ਵਿਚ ਖਾਣੇ ਖਾਉ, ਤੇ ਮੈਂ ਬੁੱਢੀ ਮਾਂ ਘਰ ਬੈਠ ਤੁਹਾਡਾ ਰਾਹ ਵੇਖਾਂ ? 'ਆਪ ਗਏ ਵਿਸਾਖੀ ਤੇ ਮੈਂ ਰਹੀ ਜਵਾਂ ਦੀ ਰਾਖੀ ।' ਮੈਥੋਂ ਨਹੀਂ ਇਹ ਸਹਾਰਿਆ ਜਾਂਦਾ ।
''ਆਪ ਗਵਾਈਐ ਤਾਂ ਸਹੁ ਪਾਈਐ, ਅਉਰ ਕੈਸੀ ਚਤੁਰਾਈ । ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੇ ਕਾਮਣਿ ਨਉ ਨਿਧਿ ਪਾਈ ॥ ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭੁਰਾਈ ।"
ਚੋਆ ਚੰਦਨ ਪਰਹਰੈ ਖਰ ਖੇਹ ਪਲੱਟੇ, ਤਿਉ ਨਿੰਦਕ ਪਰ ਨਿੰਦਿਆ ਹਠ ਮੂਲ ਨਾ ਹੱਟੇ, ਆਪਣ ਹਥੀਂ ਆਪਣੀ ਜੜ ਆਪ ਉਪੱਟੇ।
ਸੱਚ ਹੈ, 'ਆਪਣਾ ਆਪਣਾ, ਪਰਾਇਆ ਪਰਾਇਆ'। ਮੇਰੀ ਲਿਆਕਤ ਨੂੰ ਤੁਸੀਂ ਕਿਵੇਂ ਵੇਖਦੇ ਹੋ, ਜਦ ਤੁਹਾਡਾ ਪੁੱਤਰ ਮੇਰੇ ਮੁਕਾਬਲੇ ਤੇ ਸੀ ।
ਰਾਮ ਸਿੰਘ- ਭਲਿਆ ਲੋਕਾ ! ਹੁਣ ਕੌਣ ਸਾਨੂੰ ਯਾਦ ਕਰਦਾ ਹੈ । 'ਆਪਣਾ ਕੰਮ ਕੀਤਾ ਖਸਮਾਂ ਨੂੰ ਖਾਏ ਜਮੀਤਾ । ਹੋਰਨਾ ਵਾਂਗ ਤੂੰ ਵੀ ਆਪਣਾ ਮਤਲਬ ਕੱਢ ਕੇ ਪਰੇ ਹੋਇਆ ।